11.3 C
New Zealand
Saturday, December 16, 2017

ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਅਦੁੱਤੀ ਸ਼ਹਾਦਤ 

ਸ਼ਹੀਦੀ ਪੁਰਬ ਲਈ ਵਿਸ਼ੇਸ਼ 
ਔਰੰਗਜ਼ੇਬ ਨੇ ਜਿਸ ਤਰ੍ਹਾਂ ਪਿਉ, ਸ਼ਾਹਜਹਾਨ ‘ਤੇ ਭੈਣ ਨੂੰ ਕੈਦ ਅਤੇ ਭਰਾਵਾਂ ਦਾ ਕਤਲ ਕਰਨ ਤੋਂ ਬਾਅਦ ਪੀਰਾਂ-ਫ਼ਕੀਰਾਂ ਪੁਰ ਜ਼ੁਲਮ ਢਾਹ, ਦਿੱਲੀ ਦਾ ਤਖ਼ਤ ਹਥਿਆਇਆ, ਉਸ ਦੇ ਫਲਸਰੂਪ ਮੁੱਲਾਂ-ਮੌਲਵੀਆਂ ਤੇ ਉਸ ਦੇ ਆਪਣੇ ਦੀਨ-ਭਰਾਵਾਂ, ਮੁਸਲਮਾਨਾਂ ਦਾ ਇੱਕ ਵੱਡਾ ਹਿੱਸਾ, ਉਸ ਨਾਲ ਨਾਰਾਜ਼ ਹੋ, ਬਗ਼ਾਵਤ ਕਰਨ ਦੀਆਂ ਵਿਉਂਤਾਂ ਗੁੰਦਣ ਲਗ ਪਿਆ ਸੀ। ਜਿਸ ਦੀਆਂ ਮਿਲ ਰਹੀਆਂ ਸੂਹਾਂ ਨੇ ਔਰੰਗਜ਼ੇਬ ਨੂੰ ਪ੍ਰੇਸ਼ਾਨ ਕਰ ਦਿੱਤਾ। ਇਸ ਸਥਿਤੀ ਵਿਚੋਂ ਉੱਭਰਨ ਅਤੇ ਹਾਲਾਤ ਨੂੰ ਸੰਭਾਲਣ ਦੇ ਉਦੇਸ਼ ਨਾਲ ਉਸ ਨੇ ਆਪਣੇ-ਆਪ ਨੂੰ ਦੀਨ ਦਾ ਸਭ ਤੋਂ ਵੱਡਾ ਸ਼ੁੱਭਚਿੰਤਕ ਸਾਬਤ ਕਰ, ਮੁਸਲਮਾਨਾਂ ਦੇ ਦਿਲ ਵਿੱਚ ਆਪਣੇ ਪ੍ਰਤੀ ਵਿਸ਼ਵਾਸ ਪੈਦਾ ਕਰਨ ਲਈ, ਗੈਰ-ਮੁਸਲਮਾਨਾਂ, ਵਿਸ਼ੇਸ਼ ਕਰਕੇ ਹਿੰਦੂਆਂ ਪੁਰ ਜ਼ੁਲਮ ਢਾਹੁਣੇ ਅਤੇ ਉਨ੍ਹਾਂ ਨੂੰ ਡਰਾ, ਧਮਕਾ ਅਤੇ ਲਾਲਚ ਦੇ ਦੀਨ ਵਿੱਚ ਸ਼ਾਮਲ ਕਰਨ ਦੀ ਮੁਹਿੰਮ ਸ਼ੁਰੂ ਕਰ ਦਿੱਤੀ।
ਇਹ ਮੁਹਿੰਮ ਉਸ ਨੇ ਕਸ਼ਮੀਰ ਤੋਂ ਅਰੰਭ ਕੀਤੀ। ਆਪਣੇ ਇਸ ਉਦੇਸ਼ ਦੀ ਪੂਰਤੀ ਲਈ ਉਸ ਨੇ ਪਹਿਲਾਂ ਕਸ਼ਮੀਰ ਨੂੰ ਹੀ ਕਿਉਂ ਚੁਣਿਆ? ਔਰੰਗਜ਼ੇਬ ਦੀ ਇਸ ਨੀਤੀ ਦੇ ਸੰਬੰਧ ਵਿੱਚ ਇਤਿਹਾਸਕਾਰਾਂ ਨੇ ਵੱਖ-ਵੱਖ ਵਿਚਾਰ ਪ੍ਰਗਟਾਏ ਹਨ। ਭਾਈ ਮਨੀ ਸਿੰਘ ਅਨੁਸਾਰ ਉਸ ਨੇ ਸੋਚਿਆ ਕਿ ਕਸ਼ਮੀਰ ਵਿੱਚ ਬ੍ਰਾਹਮਣ ਵੱਡੀ ਗਿਣਤੀ ਵਿੱਚ ਵੱਸਦੇ ਹਨ, ਜੋ ਹਿੰਦੂਆਂ ਨੂੰ ਧਾਰਮਕ ਸਿੱਖਿਆ ਦੇ, ਉਨ੍ਹਾਂ ਨੂੰ ਆਪਣੇ ਧਰਮ ਵਿੱਚ ਪਰਪੱਕ ਰਹਿਣ ਦੀ ਪ੍ਰੇਰਨਾ ਕਰਦੇ ਹਨ। ਜੇ ਇਨ੍ਹਾਂ ਨੂੰ ਮੁਸਲਮਾਣ ਬਣਾ ਲਿਆ ਜਾਏ ਤਾਂ ਬਾਕੀ ਹਿੰਦੂਆਂ ਨੂੰ ਮੁਸਲਮਾਣ ਬਣਾਉਣ ਵਿੱਚ ਉਸ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਪੇਸ਼ ਨਹੀਂ ਆਇਗੀ। ਇਨ੍ਹਾਂ ਨੂੰ ਵੇਖ, ਉਹ ਆਪਣੇ-ਆਪ ਹੀ ਇਸਲਾਮ ਧਰਮ ਅਪਨਾਣ ਲਈ ਅੱਗੇ ਆਉਣ ਲੱਗਣਗੇ।
ਇਸੇ ਸੋਚ ਅਧੀਨ ਔਰੰਗਜ਼ੇਬ ਨੇ ਪਹਿਲਾਂ ਕਸ਼ਮੀਰ ਦੇ ਬ੍ਰਾਹਮਣਾਂ ਅਤੇ ਦੂਸਰੇ ਹਿੰਦੂਆਂ ਨੂੰ ਮੁਸਲਮਾਣ ਬਣਨ ‘ਤੇ ਮਜਬੂਰ ਕਰਨ ਲਈ, ਉਨ੍ਹਾਂ ਪੁਰ ਜ਼ੁਲਮ ਢਾਹੁਣਾ ਸ਼ੁਰੂ ਕਰ ਦਿੱਤਾ। ਇਸ ਉਦੇਸ਼ ਦੀ ਪੂਰਤੀ ਲਈ ਉਸ ਨੇ ਸਾਮ-ਦਾਮ-ਦੰਡ ਦਾ ਹਰ ਢੰਗ ਅਪਨਾਇਆ। ਔਰੰਗਜ਼ੇਬ ਵੱਲੋਂ ਇਸ ਤਰ੍ਹਾਂ ਕੀਤੇ ਜਾ ਰਹੇ ਅੰਨ੍ਹੇ ਜ਼ੁਲਮਾਂ ਤੋਂ ਘਬਰਾ, ਆਪਣੇ ਧਰਮ ਨੂੰ ਬਚਾਣ ਦੀ ਪੁਕਾਰ ਲੈ ਕਸ਼ਮੀਰੀ ਬ੍ਰਾਹਮਣਾਂ ਦਾ ਇੱਕ ਪ੍ਰਤੀਨਿਧੀ ਮੰਡਲ, ਪੰਡਤ ਕਿਰਪਾ ਰਾਮ ਦੀ ਅਗਵਾਈ ਵਿੱਚ ਹਿੰਦੂ-ਰਾਜਪੂਤ ਰਾਜਿਆਂ ਦਾ ਦਰ ਖੜਕਾਉਣ ਤੁਰ ਪਿਆ। ਇਨ੍ਹਾਂ ਪੰਡਤਾਂ ਦੇ ਪ੍ਰਤੀਨਿਧੀ ਮੰਡਲ ਨੇ ਜਾ ਹਰ ਹਿੰਦੂ-ਰਾਜਪੂਤ ਰਾਜੇ ਦੇ ਦਰ ਤੇ ਦਸਤਕ ਦਿੱਤੀ। ਪਰ ਉਨ੍ਹਾਂ ਦੀ ਮਦਦ ਲਈ ਕੋਈ ਵੀ ਤਿਆਰ ਨਾ ਹੋਇਆ। ਕਿਸੇ ਨੇ ਰੁਝੇਵਿਆਂ ਵਿੱਚ ਰੁੱਝੇ ਹੋਣ ਦਾ ਬਹਾਨਾ ਕਰ ਇਨ੍ਹਾਂ ਨਾਲ ਮੁਲਾਕਾਤ ਕਰਨ ਤੋਂ ਹੀ ਇਨਕਾਰ ਕਰ ਦਿੱਤਾ ਅਤੇ ਕਿਸੇ ਨੇ ਮੁਗ਼ਲ ਹਕੂਮਤ ਦੇ ਮੁਕਾਬਲੇ ਆਪਣੇ-ਆਪ ਦੇ ਬਹੁਤ ਹੀ ਕਮਜ਼ੋਰ ਹੋਣ ਦੀ ਗਲ ਕਹਿ, ਕਿਸੇ ਵੀ ਤਰ੍ਹਾਂ ਦੀ ਮਦਦ ਕਰ ਸਕਣ ਦੇ ਸਮਰੱਥ ਨਾ ਹੋਣ ਦੀ ਗਲ ਕਹਿ ਆਪਣਾ ਪਿੱਛਾ ਛੁਡਾ ਲਿਆ। ਸਭ ਪਾਸਿਉਂ ਨਿਰਾਸ਼ ਹੋ ਜਦੋਂ ਉਹ ਵਾਪਸ ਮੁੜੇ ਤਾਂ ਰਸਤੇ ਵਿੱਚ ਜਿੱਥੇ ਕਿੱਥੇ ਵੀ ਪੜਾਅ ਕਰਦੇ, ਆਪੋ ਵਿੱਚ ਮਿਲ ਬੈਠ ਸਲਾਹ ਕਰਦੇ ਕਿ ਹੁਣ ਕੀ ਕੀਤਾ ਜਾਏ ਅਤੇ ਕਿਹੜਾ ਰਾਹ ਅਪਨਾਇਆ ਜਾਏ, ਜਿਸ ਨਾਲ ਉਨ੍ਹਾਂ ਦਾ ਧਰਮ ਅਤੇ ਜਾਨ-ਮਾਲ, ਬਚ ਸਕਣ, ਪਰ ਉਨ੍ਹਾਂ ਨੂੰ ਕੋਈ ਵੀ ਰਾਹ ਵਿਖਾਈ ਨਾ ਦਿੰਦਾ। ਇਤਿਹਾਸਕ ਮਾਨਤਾ ਅਨੁਸਾਰ ਇੱਕ ਰਾਤ ਪੰਡਤ ਕ੍ਰਿਪਾ ਰਾਮ ਨੂੰ ਸੁਪਨੇ ਵਿੱਚ ਸ਼ਿਵ ਜੀ ਦੇ ਦਰਸ਼ਨ ਹੋਏ, ਜਿਨ੍ਹਾਂ ਉਸ ਨੂੰ ਕਿਹਾ ਕਿ ਉਹ ਅਨੰਦਪੁਰ ਸਾਹਿਬ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਰਨ ਵਿੱਚ ਜਾਣ। ਉਸ ਨੇ ਉਸੇ ਸਮੇਂ ਉੱਠ ਆਪਣੇ ਸਾਥੀਆਂ ਨਾਲ ਸੁਪਨੇ ਦੀ ਗਲ ਸਾਂਝੀ ਕੀਤੀ।
ਕ੍ਰਿਪਾ ਰਾਮ ਪਾਸੋਂ ਸੁਪਨੇ ਦੀ ਗਲ ਸੁਣ, ਉਸ ਦੇ ਸਾਥੀ ਬ੍ਰਾਹਮਣਾਂ ਨੂੰ ਆਪਣਾ ਧਰਮ ਬਚ ਜਾਣ ਦੀ ਕੁੱਝ ਆਸ ਤਾਂ ਬੱਝੀ, ਪਰ ਔਰੰਗਜ਼ੇਬ ਦੇ ਜ਼ੁਲਮਾਂ ਤੋਂ ਡਰੇ ਉਹ ਪੁਰੀ ਤਰ੍ਹਾਂ ਨਿਸ਼ਚਿੰਤ ਨਾ ਹੋ ਸਕੇ। ਇਸ ਦਾ ਕਾਰਣ ਉਹ ਇਹ ਸਮਝਦੇ ਸਨ, ਕਿ ਜੇ ਹਿੰਦੂ ਰਾਜਪੂਤ ਰਾਜਿਆਂ ਨੇ ਫ਼ੌਜੀ ਸ਼ਕਤੀ ਹੋਣ ਦੇ ਬਾਵਜੂਦ ਉਨ੍ਹਾਂ ਦੀ ਬਾਂਹ ਨਹੀਂ ਫੜੀ ਤਾਂ ਇੱਕ ਫ਼ਕੀਰ ਬਾਬਾ ਨਾਨਕ ਦੀ ਗੱਦੀ ਦਾ ਵਾਰਿਸ ਉਨ੍ਹਾਂ ਦੀ ਸਹਾਇਤਾ ਕਿਵੇਂ ਕਰ ਸਕੇਗਾ? ਫਿਰ ਵੀ ‘ਡੁੱਬਦੇ ਨੂੰ ਤਿਨਕੇ ਦਾ ਸਹਾਰਾ’ ਮੰਨ ਉਹ ਅਨੰਦਪੁਰ ਸਾਹਿਬ ਵਲ ਤੁਰ ਪਏ।
ਅਨੰਦਪੁਰ ਸਾਹਿਬ ਪੁੱਜ, ਉਨ੍ਹਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਦਰਬਾਰ ਵਿੱਚ ਜਾ ਪੁਕਾਰ ਕੀਤੀ। ਪ੍ਰਿੰਸੀਪਲ ਸਤਿਬੀਰ ਸਿੰਘ ਅਨੁਸਾਰ ਪੰਡਤ ਕ੍ਰਿਪਾ ਰਾਮ ਦੀ ਅਗਵਾਈ ਵਿੱਚ ਕਸ਼ਮੀਰੀ ਪੰਡਤਾਂ ਨੇ ਗਲ ਵਿੱਚ ਪੱਲਾ ਪਾ ਸਤਿਗੁਰਾਂ ਦੇ ਚਰਨਾਂ ਵਿੱਚ ਅਰਜੋਈ ਕੀਤੀ ਕਿ : ‘ਬਾਹਿ ਅਸਾਡੀ ਪਕੜੀਏ ਗੁਰੂ ਹਰਿਗੋਬਿੰਦ ਕੇ ਚੰਦ’ ਜਿਸ ‘ਤੇ ਸ੍ਰੀ ਤੇਗ ਬਹਾਦਰ ਜੀ ਨੇ ਫ਼ੁਰਮਾਇਆ : ‘ਚਿਤ ਚਰਨ ਕਮਲ ਕਾ ਆਸਰਾ, ਚਿਤ ਚਰਨ ਕਮਲ ਸੰਗ ਜੋੜੀਏ। ਬਾਹਿ ਜਿਨ੍ਹਾਂ ਦੀ ਪਕੜੀਐ, ਸਿਰ ਦੀਜੈ ਬਾਹਿ ਨਾ ਛੋੜੀਐ’। ‘ਸ਼ਹੀਦ ਬਿਲਾਸ’ ਦੇ ਲੇਖਕ ਨੇ ਇਸ ਸਥਿਤੀ ਦਾ ਵਰਣਨ ਇਉਂ ਕੀਤਾ ਹੈ : ‘ਤਬ ਸਤਿਗੁਰ ਇਵ ਮਨ ਠਹਿਰਾਈ। ਬਿਨ ਸਿਰ ਦੀਏ ਜਗਤ ਦੁਖ ਪਾਈ’।
ਸ੍ਰੀ ਗੁਰੂ ਤੇਗ ਬਹਾਦਰ ਜੀ, ਜੋ ਸਾਰੇ ਹਾਲਾਤ ਤੋਂ ਪਹਿਲਾਂ ਹੀ ਜਾਣੂ ਸਨ, ਨੇ ਬਹੁਤ ਹੀ ਸੋਚ-ਵਿਚਾਰ ਕੇ ਪੰਡਤਾਂ ਨੂੰ ਕਿਹਾ ਕਿ ਅਜਿਹੇ ਹਾਲਾਤ ਵਿੱਚ ਤੁਹਾਡੀ ਅਤੇ ਤੁਹਾਡੇ ਧਰਮ ਦੀ ਰੱਖਿਆ ਤਾਂ ਹੀ ਹੋ ਸਕਦੀ ਹੈ, ਜੇ ਕੋਈ ਮਹਾਨ ਆਤਮਾ ਆਪਣਾ ਬਲੀਦਾਨ ਦੇਣ ਲਈ ਤਿਆਰ ਹੋਵੇ। ਸਿੱਖ ਇਤਿਹਾਸ ਅਨੁਸਾਰ ਇਸੇ ਸਮੇਂ ਬਾਲਕ ਗੋਬਿੰਦ ਰਾਏ ਜੀ ਖੇਡਦੇ-ਖੇਡਦੇ ਦਰਬਾਰ ਵਿੱਚ ਆ ਗਏ। ਉਨ੍ਹਾਂ ਸਾਰੀ ਗਲ ਸੁਣ, ਕਿਹਾ ਕਿ ਪਿਤਾ ਗੁਰਦੇਵ, ਇਸ ਸਮੇਂ ਸੰਸਾਰ ਵਿੱਚ ਤੁਹਾਡੇ ਤੋਂ ਮਹਾਨ ਆਤਮਾ ਕੌਣ ਹੈ? ਗੁਰੂ ਨਾਨਕ ਦੇ ਦਰ ਤੋਂ ਵੱਡਾ ਤੇ ਉੱਚਾ ਦਰ ਹੋਰ ਕਿਹੜਾ ਹੋ ਸਕਦਾ ਹੈ? ਗੁਰੂ ਨਾਨਕ ਦੇਵ ਜੀ ਦੀ ਜੋਤ ਤੋਂ ਉੱਚੀ ਹੋਰ ਕਿਹੜੀ ਜੋਤ ਹੋ ਸਕਦੀ ਹੈ? ਇਸ ਲਈ ਇਹ ਬਲੀਦਾਨ ਇਸੇ ਦਰ ਤੋਂ ਹੋਣਾ ਚਾਹੀਦਾ ਹੈ। ਪੜਦਾਦਾ ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਗੁਰੂ ਨਾਨਕ ਦੇ ਜੀ ਦੀ ਜਗਾਈ ਗਈ ਜੋਤ ਨੂੰ ਜਗਦਿਆਂ ਰੱਖਣ ਲਈ ਸ਼ਹਾਦਤ ਦੀ ਕਾਇਮ ਕੀਤੀ ਗਈ ਪਰੰਪਰਾ ਨੂੰ ਇਸੇ ਦਰ ਤੋਂ ਅੱਗੇ ਵਧਾਇਆ ਜਾਣਾ ਚਾਹੀਦਾ ਹੈ।
ਇਹ ਸੁਣ ਸ੍ਰੀ ਗੁਰੂ ਤੇਗ ਬਹਾਦਰ ਜੀ ਮੁਸਕਰਾਏ ਤੇ ਕਹਿਣ ਲੱਗੇ ਕਿ ਬੇਟਾ ਇਹੀ ਨਹੀਂ, ਦਾਦਾ ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਦਿੱਤੀ ਗਈ ਸ਼ਹਾਦਤ ਤੋਂ ਬਾਅਦ ਪਿਤਾ ਗੁਰਦੇਵ ਸ੍ਰੀ ਗੁਰੂ ਹਰਿਗੋਬਿੰਦ ਜੀ ਨੇ ਧਰਮ ਅਤੇ ਮਜ਼ਲੂਮ ਦੀ ਰੱਖਿਆ ਲਈ ਜੋ ਤਲਵਾਰ ਚੁੱਕੀ ਸੀ, ਉਹ ਵੀ ਚੁੱਕਣੀ ਪਵੇਗੀ। ਇਸ ‘ਤੇ ਬਾਲਕ ਗੋਬਿੰਦ ਰਾਏ ਨੇ ਕਮਰ ਵਿੱਚ ਬੱਧੀ ਛੋਟੀ ਕਿਰਪਾਨ ਮਿਆਨ ਵਿਚੋਂ ਕੱਢ, ਕਿਹਾ ਕਿ ਜਦੋਂ ਤੱਕ ਜ਼ੁਲਮ ਅਤੇ ਅਨਿਆਇ ਇਸ ਧਰਤੀ ਪੁਰ ਕਾਇਮ ਰਹਿਣਗੇ, ਤਦ ਤੱਕ ਉਨ੍ਹਾਂ ਵਿਰੁੱਧ ਜੱਦੋ-ਜਹਿਦ ਜਾਰੀ ਰਹੇਗੀ ਅਤੇ ਇਸ ਦੀ ਅਗਵਾਈ ਸਦਾ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰ ਤੋਂ ਹੀ ਕੀਤੀ ਜਾਂਦੀ ਰਹੇਗੀ।
ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਬਾਲਕ ਗੋਬਿੰਦ ਰਾਏ ਨੂੰ ਸੀਨੇ ਨਾਲ ਲਾ ਲਿਆ ਅਤੇ ਨਿਰਾਸ਼ ਬ੍ਰਾਹਮਣਾਂ ਨੂੰ ਕਿਹਾ ਕਿ ਜਾਊ, ਔਰੰਗਜ਼ੇਬ ਨੂੰ ਕਹਿ ਦਿਊ ਕਿ ਜੇ ਉਹ, ਉਨ੍ਹਾਂ ਦੇ ਗੁਰੂ, ਗੁਰੂ ਤੇਗ ਬਹਾਦਰ ਨੂੰ ਮੁਸਲਮਾਨ ਬਣਾ ਲਏ ਤਾਂ ਉਹ ਸਾਰੇ ਹੀ ਬਿਨਾ ਕਿਸੇ ਹੀਲ-ਹੁੱਜਤ ਦੇ ਮੁਸਲਮਾਨ ਹੋ ਜਾਣਗੇ।
ਬ੍ਰਾਹਮਣਾਂ ਨੇ ਤੁਰੰਤ ਹੀ ਇਹ ਸੁਨੇਹਾ ਕਸ਼ਮੀਰ ਦੇ ਹਾਕਮ ਨੂੰ ਜਾ ਦਿੱਤਾ ਅਤੇ ਉਸ ਨੇ ਵੀ ਅੱਗੋਂ ਇਸ ਸੁਨੇਹੇ ਨੂੰ ਔਰੰਗਜ਼ੇਬ ਤੱਕ ਜਾ ਪਹੁੰਚਾਇਆ। ਔਰੰਗਜ਼ੇਬ ਨੇ ਇਸ ਤਰ੍ਹਾਂ ਆਪਣੀ ਮੰਜ਼ਿਲ ਦੀ ਪ੍ਰਾਪਤੀ ਆਸਾਨ ਸਮਝ, ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਗ੍ਰਿਫ਼ਤਾਰੀ ਦਾ ਹੁਕਮ ਜਾਰੀ ਕਰ ਦਿੱਤਾ।
ਹੁਣ ਸਿਰਫ਼ ਹਿੰਦੂ ਧਰਮ ਦੀ ਹੀ ਅਜ਼ਾਦੀ ਦੀ ਰੱਖਿਆ ਦਾ ਸੁਆਲ ਨਹੀਂ ਸੀ, ਸਗੋਂ ਸੰਸਾਰ ਦੇ ਸਮੁੱਚੇ ਧਰਮਾਂ ਅਤੇ ਉਨ੍ਹਾਂ ਦੇ ਪੈਰੋਕਾਰਾਂ ਦੇ ਵਿਸ਼ਵਾਸ ਦੀ ਆਜ਼ਾਦੀ ਦੀ ਰੱਖਿਆ ਦਾ ਸੁਆਲ ਸੀ। ਜੇ ਜ਼ਾਲਮ ਤਲਵਾਰ ਦੇ ਜ਼ੋਰ ਨਾਲ ਕਿਸੇ ਵੀ ਇੱਕ ਧਰਮ ਦੇ ਪੈਰੋਕਾਰਾਂ ਦਾ ਧਰਮ ਸਮੂਹਕ ਰੂਪ ਵਿੱਚ ਬਦਲਣ ਵਿੱਚ ਸਫਲ ਹੋ ਜਾਂਦਾ ਤਾਂ ਸੰਸਾਰ ਭਰ ਵਿੱਚ ਇੱਕ ਨਵੀਂ ਜੱਦੋ-ਜਹਿਦ ਸ਼ੁਰੂ ਹੋ ਜਾਣੀ ਸੀ। ਦੇਸ ਅਤੇ ਪ੍ਰਦੇਸ਼ ਦੀਆਂ ਸਰਹੱਦਾਂ ਵੱਡੀਆਂ ਕਰਨ ਦੀ ਲੜਾਈ ਦੇ ਨਾਲ ਹੀ ਧਰਮ ਫੈਲਾਉਣ ਲਈ ਵੀ ਤਲਵਾਰ ਦੀ ਧਾਰ ਤੇਜ਼ ਹੋ ਜਾਣੀ ਸੀ। ਜਦ ਵੀ ਕਿਸੇ ਇੱਕ ਧਰਮ ਨੂੰ ਮੰਨਣ ਵਾਲੇ ਦਾ ਰਾਜ ਕਿਸੇ ਦੂਸਰੇ ਧਰਮ ਨੂੰ ਮੰਨਣ ਵਾਲੇ ਦੇ ਦੇਸ਼ ‘ਤੇ ਕਾਇਮ ਹੁੰਦਾ ਤਾਂ ਤਲਵਾਰ ਦੇ ਜ਼ੋਰ ਨਾਲ ਉੱਥੋਂ ਦਾ ਧਰਮ ਬਦਲਣ ਦੀ ਲਹਿਰ ਚੱਲ ਪੈਣੀ ਸੀ। ਇਸ ਕਰਕੇ ਮੁਗ਼ਲ ਹਾਕਮਾਂ ਵੱਲੋਂ ਤਲਵਾਰ ਦੇ ਜ਼ੋਰ ਨਾਲ ਧਰਮ ਬਦਲਣ ਦੀ ਜੋ ਪਿਰਤ ਪਾਈ ਜਾ ਰਹੀ ਸੀ, ਉਸ ਨੂੰ ਠੱਲ੍ਹ ਪਾਇਆ ਜਾਣਾ ਬਹੁਤ ਜ਼ਰੂਰੀ ਹੋ ਗਿਆ ਸੀ। ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਇਹ ਠੱਲ੍ਹ ਪਾਣ ਲਈ ਆਪਣੀ ਸ਼ਹੀਦੀ ਦੇਣ ਦਾ ਨਿਸ਼ਚਾ ਕਰ ਲਿਆ ਅਤੇ ਦਿੱਲੀ ਵਲ ਚੱਲ ਪਏ। ਆਗਰੇ ਪੁੱਜ ਉਨ੍ਹਾਂ ਆਪਣੇ ਤਿੰਨ ਸਿੱਖਾਂ ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਦੇ ਨਾਲ ਗ੍ਰਿਫ਼ਤਾਰੀ ਦਿੱਤੀ ਅਤੇ ਉੱਥੋਂ ਉਨ੍ਹਾਂ ਨੂੰ ਦਿੱਲੀ ਲਿਆ, ਅੰਤਾਂ ਦੇ ਤਸੀਹੇ ਦੇ ਚਾਂਦਨੀ ਚੌਕ ਵਿੱਚ ਸ਼ਹੀਦ ਕਰ ਦਿੱਤਾ ਗਿਆ।
…ਅਤੇ ਅੰਤ ਵਿੱਚ : ਇਸੇ ਸ਼ਹੀਦੀ ਦੇ ਸਦਕੇ ਹੀ ਕੁੱਝ ਸਮੇਂ ਬਾਅਦ ਇੱਕ ਸਿੱਖ ਨੇ ਉਸ ਔਰੰਗਜ਼ੇਬ ਨੂੰ ਪੱਥਰ ਮਾਰ, ਆਪਣੇ ਰੋਸ ਤੇ ਗ਼ੁੱਸੇ ਦਾ ਪ੍ਰਗਟਾਵਾ ਕੀਤਾ, ਜਿਸ ਦੇ ਦਬਦਬੇ ਨਾਲ ਸਾਰਾ ਹਿੰਦੁਸਤਾਨ ਕੰਬ ਰਿਹਾ ਸੀ। ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦੇ ਪ੍ਰਤੀਕਰਮ ਵਜੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਸੰਤ ਸਿਪਾਹੀ ਦਾ ਰੂਪ ਦੇ ਜਬਰ-ਜ਼ੁਲਮ ਅਤੇ ਅਨਿਆਇ ਦੇ ਵਿਰੁੱਧ ਸਦੀਵੀ ਜੱਦੋ-ਜਹਿਦ ਜਾਰੀ ਰੱਖਣ ਦਾ ਮੁੱਢ ਬੰਨ੍ਹ ਦਿੱਤਾ।

-ਜਸਵੰਤ ਸਿੰਘ ‘ਅਜੀਤ’

Address : Jaswant Singh ‘Ajit’, Flat No. 51, Sheetal Apartment, Plot No. 12,
Sector – 14, Rohini, DELHI-110085 (India)
Mobile : + 91 95 82 71 98 90, E-mail : [email protected]

Related News

More News

ਭਾਰਤ ਨੇ ਅਰਜਨਟੀਨਾ ਨੂੰ 2-1 ਨਾਲ ਹਰਾਇਆ

ਭਾਰਤ ਦਾ ਕੁਆਰਟਰ ਫਾਈਨਲ ਵਿੱਚ ਆਪਣੀ ਥਾਂ ਲਗਭਗ ਤਹਿ ਰੀਓ ਡੀ ਜਨੇਰੋ, 9 ਅਗਸਤ  - ਇੱਥੇ ਭਾਰਤ...

PM accepts John Banks’ resignation as Minister

16 October 2013 - Prime Minister John Key today announced that he has accepted John Banks’...

ਪੰਜਾਬ ਦੇਸ਼ ਵਿੱਚ ਕਮਾਈ ‘ਚ ਪਿੱਛੇ ਪਰ ਖ਼ਰਚੇ ‘ਚ ਮੋਹਰੀ

  ਚੰਡੀਗੜ੍ਹ - ਪੰਜਾਬੀਆਂ ਬਾਰੇ ਪਹਿਲਾਂ ਹੀ ਮਸ਼ਹੂਰ ਹੈ ਕਿ ਉਹ ਵੱਡੇ ਦਿੱਕ ਵਾਲੇ ਅਤੇ ਖ਼ਰਚਾ...

ਨਿਊਜ਼ੀਲੈਂਡ ਨੇ ਭਾਰਤ ਨੂੰ ਹਰਾਇਆ

ਡਾਰਵਿਨ (ਆਸਟਰੇਲੀਆ), 31 ਮਈ - ਇੱਥੇ ਚੱਲ ਰਹੇ ਚਾਰ ਦੇਸ਼ਾਂ ਦੇ ਮਹਿਲਾ ਹਾਕੀ ਟੂਰਨਾਮੈਂਟ ਵਿੱਚ...

Auckland Civil Defence tsunami response

Auckland, 2 September - Auckland Civil Defence and Emergency Management (CDEM) has largely stood down...

ਮਾਲਵਾ ਪੱਟੀ ‘ਚ ਝੋਨੇ ਦੀ ਫ਼ਸਲ ਪੱਤਾ ਲਪੇਟ ਸੁੰਡੀ ਦੀ ਮਾਰ ਹੇਠ

ਮਾਨਸਾ, 4 ਅਗਸਤ (ਏਜੰਸੀ) - ਮਾਲਵਾ ਪੱਟੀ 'ਚ ਝੋਨੇ ਦੀ ਫ਼ਸਲ ਉਪਰ ਪੱਤਾ ਲਪੇਟ ਸੁੰਡੀ...

Subscribe Now

Latest News

- Advertisement -

Trending News

Like us on facebook