ਆਸਟਰੇਲੀਆ ਦਾ ਪੰਜਵੀਂ ਵਾਰ ਵਿਸ਼ਵ ਕੱਪ ‘ਤੇ ਕਬਜ਼ਾ

67699ਨਿਊਜ਼ੀਲੈਂਡ ਨੂੰ 7 ਵਿਕਟਾਂ ਨਾਲ ਹਰਾਇਆ
ਮੈਲਬਰਨ – ਇੱਥੇ ਦੇ ਐਮਸੀਜੀ ਕ੍ਰਿਕਟ ਗਰਾਉਂਡ ਵਿਖੇ 29 ਮਾਰਚ ਨੂੰ ਦੋਵੇਂ ਮੇਜ਼ਬਾਨ ਟੀਮਾਂ ਆਸਟਰੇਲੀਆ ਤੇ ਨਿਊਜ਼ੀਲੈਂਡ ਵਿਚਾਲੇ ਖੇਡੇ ਗਏ ‘ਆਈਸੀਸੀ ਕ੍ਰਿਕਟ ਵਿਸ਼ਵ ਕੱਪ 2015’ ਦੇ ਫਾਈਨਲ ਮੁਕਾਬਲੇ ਵਿੱਚ ਆਸਟਰੇਲੀਆ ਨੇ ੭ ਵਿਕਟਾਂ ਨਾਲ ਨਿਊਜ਼ੀਲੈਂਡ ਨੂੰ ਹਰਾ ਕੇ ਪੰਜਵੀਂ ਵਾਰ ਵਿਸ਼ਵ ਕੱਪ ‘ਤੇ ਕਬਜ਼ਾ ਕੀਤਾ। ਆਸਟਰੇਲੀਆ ਦੀ ਮਜ਼ਬੂਤ ਟੀਮ ਨੇ ਕੀਵੀ ਟੀਮ ਦਾ ਪਹਿਲੀ ਵਾਰ ਵਿਸ਼ਵ ਖ਼ਿਤਾਬ ਜਿੱਤਣ ਦਾ ਸੁਪਨਾ ਤੋੜ ਦਿੱਤਾ।
ਨਿਊਜ਼ੀਲੈਂਡ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ 45 ਓਵਰਾਂ ਵਿੱਚ 183 ਦੌੜਾਂ ਬਣਾਈਆਂ। ਨਿਊਜ਼ੀਲੈਂਡ ਵੱਲੋਂ ਸੈਮੀ ਫਾਈਨਲ ਦੇ ਨਾਇਕ ਗਰਾਂਟ ਇਲੀਅਟ ਨੇ 82੨ ਗੇਂਦਾਂ ‘ਤੇ 83 ਦੌੜਾਂ ਦੀ ਪਾਰੀ ਖੇਡੀ ਜਦੋਂ ਕਿ ਰਾਸ ਟੇਲਰ ਨੇ 40 ਦੌੜਾਂ ਦਾ ਯੋਗਦਾਨ ਪਾਇਆ। ਆਸਟਰੇਲੀਆ ਦੇ ਤਿੰਨੇ ਤੇਜ਼ ਗੇਂਦਬਾਜ਼ਾਂ ਜਾਨਸਨ (30 ਦੌੜਾਂ ਦੇ ਕੇ 3 ਵਿਕਟਾਂ), ਫ਼ਾਕਨਰ (36 ਦੌੜਾਂ ਦੇ ਕੇ 3 ਵਿਕਟਾਂ) ਅਤੇ ਸਟਾਰਕ ਨੇ (20 ਦੌੜਾਂ ਦੇ ਕੇ 2 ਵਿਕਟਾਂ) ਨੇ ਆਪਣੀ ਤੇਜ਼ ਗੇਂਦਬਾਜ਼ੀ ਅੱਗੇ ਨਿਊਜ਼ੀਲੈਂਡ ਬੱਲੇਬਾਜ਼ਾਂ ਨੂੰ ਟਿਕਣ ਨਾ ਦਿੱਤਾ।
ਇਸ ਛੋਟੇ ਜਿਹੇ 184 ਦੌੜਾਂ ਦੇ ਟੀਚੇ ਨੂੰ ਸਰ ਕਰਨ ਲਈ ਉੱਤਰੀ ਆਸਟਰੇਲੀਆ ਦੀ ਟੀਮ ਨੇ 3 ਵਿਕਟਾਂ ਗਵਾ ਕੇ 101 ਗੇਂਦਾਂ ਬਾਕੀ ਰਹਿੰਦਿਆਂ ਇਹ ਫਾਈਨਲ ਮੁਕਾਬਲਾ ਜਿੱਤ ਲਿਆ। ਆਸਟਰੇਲੀਆ ਦੇ ਕਪਤਾਨ ਮਾਈਕਲ ਕਲਾਰਕ ਨੇ 74, ਸਟੀਵਨ ਸਮਿਥ ਨੇ ਅਜੇਤੂ 56 ਅਤੇ ਡੇਵਿਡ ਵਾਰਨਰ ਨੇ 45 ਦੌੜਾਂ ਦਾ ਯੋਗਦਾਨ ਪਾਇਆ। ਆਸਟਰੇਲੀਆ ਦੇ ਤੇਜ਼ ਗੇਂਦਬਾਜ਼ ਜੇਮਸ ਫ਼ਾਕਨਰ ਨੂੰ ‘ਮੈਨ ਆਫ਼ ਦਿ ਮੈਚ’ ਖ਼ਿਤਾਬ ਅਤੇ ਆਸਟਰੇਲੀਆ ਦੇ ਹੀ ਤੇਜ਼ ਗੇਂਦਬਾਜ਼ ਮਿਚਲ ਸਟਾਰਕ ਨੂੰ ‘ਪਲੇਅਰ ਆਫ਼ ਦਿ ਟੂਰਨਾਮੈਂਟ’ ਚੁਣਿਆ। ਆਸਟਰੇਲੀਆ ਨੂੰ ਟਰਾਫ਼ੀ ਤੋਂ ਇਲਾਵਾ 39 ਲੱਖ 75 ਹਜ਼ਾਰ ਡਾਲਰ ਅਤੇ ਨਿਊਜ਼ੀਲੈਂਡ ਨੂੰ 17 ਲੱਖ 50 ਹਜ਼ਾਰ ਡਾਲਰ ਦਾ ਚੈੱਕ ਮਿਲਿਆ।
ਇਸ ਫਾਈਨਲ ਮੈਚ ਨੂੰ ਦੇਖਣ ਲਈ 93,013 ਦਰਸ਼ਕ ਮੈਲਬਰਨ ਕ੍ਰਿਕਟ ਗਰਾਉਂਡ ਵਿੱਚ ਪਹੁੰਚੇ ਸਨ, ਜੋ ਕਿ ਰਿਕਾਰਡ ਹੈ। ਅਧਿਕਾਰੀਆਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਐਮਸੀਜੀ ‘ਤੇ ਦਰਸ਼ਕਾਂ ਦਾ ਰਿਕਾਰਡ 91,112 ਸੀ, ਜੋ ਇੰਗਲੈਂਡ ਵਿਰੁੱਧ 2013 ਦੇ ਬਾਕਸਿੰਗ ਡੇ ਟੈੱਸਟ ਮੈਚ ਦੇ ਪਹਿਲੇ ਦਿਨ ਬਣਿਆ ਸੀ। ਆਸਟਰੇਲੀਆ ਨੇ ਇਸ ਤੋਂ ਪਹਿਲਾਂ 1987, 1999, 2003 ਅਤੇ 2007 ਵਿੱਚ ਵਿਸ਼ਵ ਕੱਪ ਜਿੱਤਿਆ ਸੀ।