ਧੁਰ ਅੰਦਰ ਤੱਕ ਲੀਰਾਂ ਹੋਇਆ ਬੈਠਾ ਸੀ ਸਾਬਰਕੋਟੀ

ਜਦੋਂ ਵੀ ਕਿਤੇ ਪ੍ਰੈੱਸ ਕਾਨਫ਼ਰੰਸ ‘ਚ ਇਕੱਠੇ ਹੋਣਾ, ਉਹ ਨੇ ਉੱਡ ਕੇ ਮਿਲਣਾ। ਏਨੀ ਇੱਜ਼ਤ ਦੇਣੀ ਕਿ ਖ਼ੁਦ ਨੂੰ ਸੰਗ ਜਹੀ ਆਉਣ ਲੱਗ ਜਾਣੀ। ਗਾਹੇ-ਬਗਾਹੇ ਉਹ ਦਾ ਫ਼ੋਨ ਵੀ ਖੜਕ ਜਾਣਾ ਕਿ ਥੋਡਾ ਭਤੀਜਾ ਗਾਉਣ ਲੱਗ ਗਿਐ, ਇਹ ਦਾ ਖ਼ਿਆਲ ਰੱਖਣਾ। ਮੈਂ ਆਖਣਾ, ‘ਅਸੀਂ ਖ਼ਿਆਲ ਰੱਖਣ ਵਾਲੇ ਕੌਣ ਹਾਂ, ਤੁਹਾਡਾ ਖ਼ੂਨ ਹੀ ਇਹ ਨੂੰ ਕਾਮਯਾਬ ਕਰਨ ਲਈ ਬਹੁਤ ਹੈ। ਥੋਡੇ ਵਰਗੇ ਗਵੱਈਏ ਹਨ ਹੀ ਕਿੰਨੇ ਕੁ। ਮੁੰਡੇ ਨੂੰ ਚੰਡ ਕੇ ਰੱਖਿਓ, ਵਧੀਆ ਗਵੱਈਆ ਹੋ ਨਿੱਬੜੂ।’
ਪਰ ਪਿਛਲੇ ਪੰਜ-ਛੇ ਮਹੀਨਿਆਂ ਤੋਂ ਉਨ੍ਹਾਂ ਦਾ ਫ਼ੋਨ ਨਹੀਂ ਸੀ ਮਿਲਦਾ। ਕਦੇ-ਕਦੇ ਮੈਂ ਕਰਨਾ ਤਾਂ ਬੰਦ ਆਉਣਾ। ਪਤਾ ਨਹੀਂ ਨੰਬਰ ਬਦਲ ਗਿਆ, ਬਿਮਾਰ ਹਨ ਜਾਂ ਕੋਈ ਹੋਰ ਕਾਰਨ। ਕੋਈ ਸਾਂਝਾ ਮਿੱਤਰ ਵੀ ਨਹੀਂ ਸੀ ਲੱਭਦਾ। ਕੁੱਝ ਰੁਝੇਵੇਂ ਵੀ ਅਜਿਹੇ, ਜਿਨ੍ਹਾਂ ਨੇ ਬੁਰੀ ਤਰ੍ਹਾਂ ਜਕੜਿਆ ਹੋਇਆ।
ਮਹੀਨਾ ਕੁ ਪਹਿਲਾਂ ਖ਼ਬਰ ਮਿਲੀ ਕਿ ਉਨ੍ਹਾਂ ਦੇ ਬਚਣ ਦੀ ਆਸ ਬਹੁਤ ਘੱਟ ਹੈ। ਬਾਹਲੇ ਕਮਜ਼ੋਰ ਹਨ। ਬਸ ਹੱਡੀਆਂ ਦੀ ਮੁੱਠ। ਕੋਈ ਮਾੜੀ ਖ਼ਬਰ ਨਾ ਆ ਜਾਵੇ। ਮਨ ਡਰ ਜਿਹਾ ਗਿਆ। ਇਹ ਸਭ ਝੂਠ ਹੀ ਹੋਵੇ, ਤਾਂ ਚੰਗੀ ਗੱਲ ਹੈ। ਦਿਨ ਲੰਘਦੇ ਗਏ, ਲੰਘਦੇ ਗਏ ਤੇ ਪਿਛਲੇ ਦਿਨੀਂ ਛੇ ਕੁ ਵਜੇ ਸੁਨੇਹਾ ਮਿਲਿਆ, ‘ਸਾਬਰਕੋਟੀ ਨਹੀਂ ਰਹੇ। ਜਲੰਧਰ ਦੇ ਮੈਟਰੋ ਹਸਪਤਾਲ ਵਿੱਚ ਆਖ਼ਰੀ ਸਾਹ ਲਿਆ ਉਨ੍ਹਾਂ।’
ਸਿਰ ਚਕਰਾ ਗਿਆ। ਕੁੱਝ ਬੋਲਣ, ਲਿਖਣ ਜਾਂ ਖਾਣ-ਪੀਣ ਨੂੰ ਜੀਅ ਨਾ ਕੀਤਾ। ਇਹ ਕਿਉਂ ਹੋਇਆ। ਅੱਖਾਂ ਵਿੱਚ ਪਾਣੀ ਸਿੰਮਣ ਲੱਗਾ। ਹਾਲੇ ਉਮਰ ਵੀ ਕਿਹੜੀ ਸੀ, ਮਸਾਂ ਸਤਵੰਜਾ-ਅਠਵੰਜਾ ਵਰ੍ਹੇ। ਹਾਲੇ ਹੋਰ ਗਾਉਣ ਦਾ ਵੇਲ਼ਾ ਸੀ। ਇਹ ਤਾਂ ਕੁਦਰਤ ਨੇ ਕਹਿਰ ਕਮਾਇਆ।
ਮਿੰਟਾਂ ਸਕਿੰਟਾਂ ਵਿੱਚ ਫੇਸਬੁਕ, ਵਟਸਐਪ ‘ਤੇ ਸੁਨੇਹੇ ਆਉਣ ਲੱਗੇ ਕਿ ਸਾਬਰਕੋਟੀ ਅਲਵਿਦਾ ਕਹਿ ਗਏ। ਅਗਲੇ ਦਿਨ ਕਪੂਰਥਲਾ ਦੇ ਪਿੰਡ ਕੋਟ ਕਰਾਰ ਖਾਂ ਵਿੱਚ ਸਾਬਰਕੋਟੀ ਨੂੰ ਦਫ਼ਨ ਕਰਨਾ ਸੀ। ਕੋਟ ਕਰਾਰ ਖਾਂ ਜਾ ਕੇ ਦੇਖਿਆ ਤਾਂ ਹਰ ਗਲੀ ਉਦਾਸੀ ਸੀ। ਲੋਕ ਬਨੇਰਿਆਂ ‘ਤੇ ਖੜ੍ਹੇ ਸਨ। ਜੀਹਨੂੰ ਜਿੱਥੇ ਥਾਂ ਮਿਲੀ, ਉੱਥੇ ਰੁਕ ਗਿਆ, ਖੜ੍ਹ ਗਿਆ। ਪਿੰਡ ਵਿੱਚ ਏਨਾ ਵੱਡਾ ਇਕੱਠ ਸ਼ਾਇਦ ਕਿਸੇ ਦੇ ਜੰਮਣੇ, ਮਰਨੇ ‘ਤੇ ਪਹਿਲੀ ਵਾਰ ਹੋ ਰਿਹਾ ਸੀ। ਸਾਬਰ ਦੀ ਦੇਹ ਉਸ ਦੇ ਪੁਰਾਣੇ, ਛੋਟੇ ਜਹੇ ਘਰ ਵਿੱਚ ਡੱਬਾਬੰਦ ਪਈ ਸੀ। ਪੂਰਨ ਸ਼ਾਹਕੋਟੀ, ਜਿਨ੍ਹਾਂ ਕੋਲੋਂ ਸਿੱਖ-ਸਿੱਖ ਸਾਬਰ ਨੇ ਕਾਮਯਾਬੀ ਹਾਸਲ ਕੀਤੀ, ਉਨ੍ਹਾਂ ਦੀਆਂ ਅੱਖਾਂ ਨਮ ਸਨ। ਸਲੀਮ, ਨਵਰਾਜ ਹੰਸ, ਨਛੱਤਰ ਗਿੱਲ, ਦੀਪਕ ਬਾਲੀ, ਗੱਲ ਕੀ ਅੱਧੀ ਸੰਗੀਤ ਸਨਅਤ ਉਸ ਘਰ ਖੜ੍ਹੀ ਸੀ। ਹਰ ਕੋਈ ਸਾਬਰ ਦੀ ਚੰਗਿਆਈ ਨੂੰ ਚੇਤੇ ਕਰ ਰਿਹਾ ਸੀ। ਮੈਂ ਸੋਚ ਰਿਹਾ ਸਾਂ ਕਿ ਇਸ ਛੋਟੇ ਜਹੇ ਪਿੰਡ ਵਿੱਚ ਪੈਦਾ ਹੋ ਕੇ, ਏਥੇ ਹੀ ਖੇਡਣ, ਸਿੱਖਣ ਤੇ ਪ੍ਰਵਾਨ ਚੜ੍ਹਨ ਵਾਲਾ ਕਲਾਕਾਰ ਅੱਜ ਜਦੋਂ ਡੱਬਾਬੰਦ ਹੈ ਤਾਂ ਅੰਤਲੇ ਸਫ਼ਰ ‘ਚ ਏਨੇ ਲੋਕਾਂ ਦੀ ਸ਼ਿਰਕਤ ਉਸ ਦੇ ਸਮਾਜਿਕ ਅਤੇ ਸ਼ੁੱਭਚਿੰਤਕ ਦਾਇਰੇ ਦੀ ਕਿੰਨੀ ਵੱਡੀ ਗਵਾਹ ਹੈ।
ਮੈਥੋਂ ਉਸ ਦੇ ਪਰਵਾਰ ਦਾ ਰੋਣ ਝੱਲਿਆ ਨਹੀਂ ਜਾ ਰਿਹਾ ਸੀ। ਘਰਵਾਲੀ, ਬੱਚੇ, ਰਿਸ਼ਤੇ ਨਾਤੇ ਵਿਲਕ ਰਹੇ ਸਨ। ਸੋਚਦਾ ਸਾਂ ਜੇ ਏਨਾ ਇਕੱਠ ਕਿਸੇ ਖ਼ੁਸ਼ੀ ਦੇ ਮੌਕੇ ਹੋਵੇ ਤਾਂ ਬੰਦਾ ਦੂਣਾ ਹੋ ਜਾਂਦਾ, ਪਰ ਮਰਨੇ ‘ਤੇ ਇਹੋ ਜਿਹਾ ਇਕੱਠ, ਬੰਦਾ ਕੀ ਕਹੇ ਤੇ ਕੀ ਨਾ।
ਸਾਬਰਕੋਟੀ ਨੂੰ ਦਫ਼ਨਾ ਦਿੱਤਾ ਗਿਆ। ਸੁਰ ਸਾਧਨਾ ਮਿੱਟੀ ਦੇ ਢੇਰ ਥੱਲੇ ਦੱਬ ਗਈ। ਉਸ ਥਾਂ ਹੋ ਸਕਦਾ ਕੋਈ ਮੇਲਾ ਵੀ ਲੱਗਿਆ ਕਰੇ, ਜਿਵੇਂ ਸਾਬਰ ਆਪਣੇ ਬਾਪ ਦੀ ਯਾਦ ਵਿੱਚ ਏਸੇ ਪਿੰਡ ਲਾਉਂਦਾ ਹੁੰਦਾ ਸੀ। ਪਤਾ ਨਹੀਂ ਕੌਣ, ਉਸ ਨੂੰ ਕਿੰਨਾ ਕੁ ਚਿਰ ਚੇਤੇ ਰੱਖੇਗਾ। ਪਰ ਉਸ ਦੇ ਗਾਣੇ ਕਦੇ ਨਹੀਂ ਭੁੱਲਣੇ। ਉਹ ਕਮਾਲ ਬੰਦਾ ਸੀ। ਕਦੇ ਮਾੜਾ ਗਾਇਆ ਹੀ ਨਹੀਂ। ਐਸਾ ਗਵੱਈਆ, ਜਿਹੜਾ ਹਰਮੋਨੀਅਮ ਨੂੰ ਵਖਤ ਪਾ ਦੇਵੇ। ਜਿਊਂਦੇ ਬੰਦੇ ਦੀ ਸਾਨੂੰ ਅਹਿਮੀਅਤ ਨਹੀਂ ਪਤਾ ਹੁੰਦੀ, ਪਰ ਜਦੋਂ ਉਹ ਮਰ ਜਾਂਦਾ ਤਾਂ ਘਾਟ ਰੜਕਦੀ ਹੈ। ਸੋਚਦੇ ਹਾਂ, ਉਹ ਕਿੰਨਾ ਮੁੱਲਵਾਨ ਸੀ। ਅਸੀਂ ਉਸ ਦੀ ਕਦਰ ਹੀ ਨਹੀਂ ਪਾਈ।
ਸਾਬਰਕੋਟੀ ਨੂੰ ਬਾਕੀ ਕਲਾਕਾਰਾਂ ਵਾਂਗ ਗਿਆ ਹਫ਼ਤੇ, ਮਹੀਨੇ, ਸਾਲ, ਦਹਾਕੇ ਇਉਂ ਹੀ ਲੰਘੀ ਜਾਣੇ ਹਨ। ਮਰਨਾ ਸੱਚ ਹੈ, ਸਭ ਦੀ ਵਾਰੀ ਤੈਅ ਹੈ। ਪਰ ਚੰਗੇ ਬੰਦਿਆਂ ਦਾ ਮਰਨਾ ਕਿੰਨਾ ਦੁਖਦਾਈ ਲੱਗਦੈ।
ਉਹ ਦੇ ਤੁਰ ਜਾਣ ਮਗਰੋਂ ਮੈਂ ਉਸ ਦੇ ਕਿੰਨੇ ਹੀ ਗੀਤ ਵਾਰ-ਵਾਰ ਸੁਣੇ। ਦਰਦਵਿੰਨੇ। ਨੱਚਣ-ਹੱਸਣ ਵਾਲੇ ਗੀਤ। ਸੰਗੀਤ ਸਮਰਾਟ ਚਰਨਜੀਤ ਆਹੂਜਾ ਵੱਲੋਂ ਉਸ ਨੂੰ ਕਰਾਏ ਜਾ ਰਹੇ ਰਿਆਜ਼ ਦੀ ਵੀਡੀਓ ‘ਯੂ ਟਿਊਬ’ ‘ਤੇ ਕਈ ਵਾਰ ਦੇਖੀ। ਸਾਬਰ ਦਾ ਕਿਆ ਗਾਉਣ ਅੰਦਾਜ਼ ਤੇ ਆਹੂਜਾ ਦਾ ਕਿਆ ਸਿਖਾਉਣ ਅੰਦਾਜ਼। ਪਹਿਲਾਂ ਆਹੂਜਾ ਹੁਰੀਂ ਗਾਉਂਦੇ ਹਨ, ‘ਉਹ ਮੌਸਮ ਵਾਂਗ ਬਦਲ ਗਏ, ਅਸੀਂ ਰੁੱਖਾਂ ਵਾਂਗੂੰ ਖੜੇ ਰਹੇ।’ ਮਗਰ-ਮਗਰ ਸਾਬਰ ਗਾਉਂਦਾ। ਕੋਲ ਸਤਵਿੰਦਰ ਬੁੱਗਾ ਤੇ ਹੋਰ ਕਲਾਕਾਰ ਬੈਠੇ ਹਨ। ਆਹੂਜਾ ਹੁਰਾਂ ਵਰਗਾ ਹਰਮੋਨੀਅਮ ਕੋਈ ਵਜਾ ਨਹੀਂ ਸਕਦਾ ਤੇ ਸਾਬਰ ਵਾਂਗ ਗਾਣੇ ਨੂੰ ਕੋਈ ਨਿਭਾਅ ਨਹੀਂ ਸਕਦਾ।
ਸਾਬਰ ਦੇ ਗੀਤ ‘ਗੁਲਾਬੋ’ ਤੇ ‘ਸਾਡੇ ਨਾਂ ਦੀ ਮਹਿੰਦੀ ਲਾ’ ਸੁਣ ਕੇ ਦੇਖੋ, ਤੁਹਾਨੂੰ ਰਿਆਜ਼ਤ ਦਾ ਖ਼ਾਸ ਝਲਕਾਰਾ ਮਿਲੇਗਾ। ਇੰਜ ਲੱਗੇਗਾ, ਤੁਹਾਡੇ ਪੱਬ ਵਾਂਗ ਉਸ ਦਾ ਗਲ਼ ਨੱਚ ਰਿਹਾ। ਉਸ ਦਾ ਗਲ਼ਾ ਖ਼ੁਸ਼ੀ ਵਿੱਚ ਉੱਛਲ-ਉੱਛਲ ਪੈਂਦਾ। ਲੋਹੜਿਆਂ ਦੀ ਰਵਾਨਗੀ ਹੈ ਉਸ ਅੰਦਰ। ਪਤਾ ਹੀ ਨਹੀਂ ਉਹ ਕਦੋਂ ਮੁਰਕੀ ਲਾ ਜਾਂਦੇ, ਕਦੋਂ ਅਲਾਪ। ਜਿਵੇਂ ਕੋਈ ਹੰਢਿਆ ਡਰਾਈਵਰ ਵਾਹਨ ਨੂੰ ਸਿੱਧਾ ਲਿਜਾਂਦਾ-ਲਿਜਾਂਦਾ ਅਚਾਨਕ ਕੱਟ ਮਾਰ ਦੇਵੇ, ਉਹੋ ਜਿਹੀ ਹੈ ਉਸ ਦੀ ਗਾਇਕੀ।
ਫੇਰ ਤੁਸੀਂ ‘ਕੰਢੇ ਜਿੰਨੇ ਹੋਣ ਤਿੱਖੇ ਫੁੱਲ ਓਨਾ ਹੁੰਦਾ ਸੋਹਣਾ’ ਸੁਣ ਕੇ ਦੇਖੋ। ਜਾਪੇਗਾ, ਉਹ ਸਿਰਫ਼ ਟੁੱਟੇ ਦਿਲਾਂ ਦਾ ਗਾਇਕ ਹੈ। ਉਸ ਨੂੰ ਪਿਆਰ ਕਰਨ ਵਾਲਿਆਂ ਦੇ ਜਜ਼ਬੇ ਦਾ ਪਤਾ ਹੈ। ਉਹ ਇਸ ਪੀੜ ਨੂੰ ਹੰਢਾਅ ਚੁੱਕਾ ਹੈ। ਏਨੀ ਸ਼ਿੱਦਤ ਨਾਲ ਟੁੱਟੇ ਦਿਲਾਂ ਦੀ ਨੁਮਾਇੰਦਗੀ ਉਸੇ ਦੇ ਹਿੱਸੇ ਆਈ ਹੈ। ਮੁੜ ਤੁਸੀਂ ‘ਉਹ ਮੌਸਮ ਵਾਂਗੂੰ ਬਦਲ ਗਏ’ ਗੀਤ ਸੁਣੋ ਤੇ ਬਾਅਦ ਵਿੱਚ ‘ਅਸੀਂ ਧੁਰ ਅੰਦਰ ਤੱਕ ਲੀਰਾਂ ਹੋਏ ਬੈਠੇ ਹਾਂ, ਤੈਨੂੰ ਕੀ ਦੱਸੀਏ’ ਸੁਣ ਲਵੋ। ਸੱਚੀਂ ਤੁਹਾਨੂੰ ਆਪਣੀ ਪੀੜ ਦੇ ਨਾਲ ਨਾਲ ਉਸ ਦੀ ਪੀੜ ਦਾ ਵੀ ਅਹਿਸਾਸ ਹੋਵੇਗਾ। ਗਾਣੇ ਦੀ ਪੇਸ਼ਕਾਰੀ ਵਿੱਚ ਏਨੀ ਸ਼ਿੱਦਤ। ਮੂੰਹੋਂ ਆਪ ਮੁਹਾਰੇ ਕਮਾਲ, ਬਾਕਮਾਲ ਨਿਕਲੇਗਾ। ਜਿਨ੍ਹਾਂ ਨੂੰ ਸੰਗੀਤਕ ਬਰੀਕੀਆਂ ਦਾ ਨਹੀਂ ਵੀ ਪਤਾ, ਉਹ ਮਸਤੀ ਵਿੱਚ ਸਿਰ ਹਿਲਾਉਣਗੇ। ਉਨ੍ਹਾਂ ਨੂੰ ਜਵਾਨੀ ਦੇ ਦਿਨ ਚੇਤੇ ਆਉਣਗੇ। ਇੰਜ ਜਾਪੇਗਾ, ਜਿਵੇਂ ਹੁਣੇ ਬਾਲਗ ਉਮਰੇ ਸੱਟ ਵੱਜੀ ਹੋਵੇ।
ਸਾਬਰਕੋਟੀ ਨੇ ਦਿਨ ਦੇ ਦੋ-ਦੋ ਪ੍ਰੋਗਰਾਮ ਵੀ ਕੀਤੇ ਹਨ। ਜਦੋਂ ਉਸ ‘ਤੇ ਚੜ੍ਹਤ ਦੇ ਦਿਨ ਸਨ, ਉਸ ਨੂੰ ਕਈ ਵਾਰ ਤਰੀਕ ਪੁੱਛ ਕੇ ਵੀ ਵਿਆਹ ਧਰੇ ਗਏ। ਸਾਬਰ, ਸਾਬਰ ਹੋਈ ਰਹਿੰਦੀ ਸੀ। ਸੁਰੀਲਾ ਗਾਉਣ ਵਾਲਿਆਂ ਦੇ ਸ਼ਾਗਿਰਦ ਜਿੰਨੀ ਤੇਜ਼ੀ ਨਾਲ ਬਣਦੇ ਹਨ, ਉਹ ਵੀ ਕਮਾਲ ਹੈ। ਸਾਬਰਕੋਟੀ ਦੇ ਸ਼ਾਗਿਰਦਾਂ ਦੀ ਪਾਲ਼ ਲੰਮੀ ਹੈ। ਪੈਸਾ ਸਾਬਰ ਨੇ ਅੰਤਾਂ ਦਾ ਕਮਾਇਆ। ਪਰ ਉਹ ਮਸਤੀਖੋਰ ਬੰਦਾ ਸੀ। ਸੁਣਿਆ ਕਿ ਪੈਸੇ ਦੀ ਬਹੁਤੀ ਪ੍ਰਵਾਹ ਨਹੀਂ ਕੀਤੀ ਉਹਨੇ। ਕਲਾਕਾਰ ਕਈ ਵਾਰ ਇਹ ਭੁੱਲ ਜਾਂਦਾ ਕਿ ਜਿੰਨੀ ਰਫ਼ਤਾਰ ਵਿੱਚ ਅੱਜ ਪੈਸਾ ਆ ਰਿਹਾ, ਇਹ ਰਫ਼ਤਾਰ ਸਦਾ ਨਹੀਂ ਰਹਿਣੀ। ਕੱਲ੍ਹ ਸੂਰਜ ਡੁੱਬਣਾ, ਉਦੋਂ ਪੈਸਾ ਕਿੱਥੋਂ ਆਉਣਾ। ਕਿਸੇ ਬਿਮਾਰੀ ਨੇ ਘੇਰਾ ਘੱਤ ਲਿਆ ਤਾਂ ਪ੍ਰਬੰਧ ਕਿੱਥੋਂ ਕਰਨਾ।
ਮਨੁੱਖ ਕੁੱਝ ਵੀ ਬਣ ਜਾਵੇ, ਜਿੰਨਾ ਮਰਜ਼ੀ ਉੱਚਾ ਉੱਠੇ, ਹੈ ਤਾਂ ਮਨੁੱਖ ਹੀ। ਮਨੁੱਖ ਅੰਦਰਲੀਆਂ ਆਦਤਾਂ ਬਦਲ ਸਕਣੀਆਂ ਸੌਖਾ ਕੰਮ ਨਹੀਂ। ਆਖ਼ਰ ਗੁੰਮਨਾਮੀ ਦਾ ਵੇਲ਼ਾ ਵੀ ਆਇਆ। ਅੰਤਲੇ ਵੇਲ਼ੇ ਸਾਬਰਕੋਟੀ ਨੂੰ ਇਸ ਗੱਲ ਦਾ ਦੁੱਖ ਵੀ ਸੀ ਕਿ ਸੰਗੀ ਸਾਥੀ, ਖ਼ਾਸ ਕਰ ਕਲਾਕਾਰ, ਪਹਿਲਾਂ ਵਾਲੇ ਨਹੀਂ ਰਹੇ। ਇੱਕ ਤਾਂ ਸਾਰੇ ਸਮਕਾਲੀ ਇੱਕੋ ਜਿਹੇ ਹਾਲਾਤ ਵਾਲੇ ਹਨ ਤੇ ਦੂਜੀ ਵਜ੍ਹਾ, ਜਿਹੜੇ ਅੱਜ ਦੇ ਸਟਾਰ ਹਨ, ਉਨ੍ਹਾਂ ਨੂੰ ਸੁਰੀਲਿਆਂ ਦੀ ਕਦਰ ਨਹੀਂ। ਉਹ ਨਹੀਂ ਸਮਝਦੇ ਕਿ ਗਾਉਣ ਲਈ ਸਿੱਖਣਾ ਜ਼ਰੂਰੀ ਹੈ।
ਵਿੱਚ ਵਿਚਾਲੇ ਅਫ਼ਵਾਹ ਉੱਡੀ ਕਿ ਸਾਬਰ ਨੂੰ ਜਾਨਲੇਵਾ ਰੋਗ ਨੇ ਘੇਰਿਆ ਹੋਇਆ। ਜਿੰਨੇ ਮੂੰਹ ਓਨੀਆਂ ਗੱਲਾਂ। ਉਹ ਘੁੱਪ ਹਨੇਰੇ ਵਰਗਾ ਹੋ ਗਿਆ ਸੀ। ਕੋਲ ਖੜ੍ਹਾ ਬੰਦਾ ਵੀ ਨਾ ਪਛਾਣੇ। ਬਾਹਾਂ ਵਿੱਚ ਲਾਲ ਪੀਲੀਆਂ ਵੰਗਾਂ। ਸ਼ਾਇਦ ‘ਮਸਤਾਂ’ ਦਾ ਚੇਲਾ ਹੋਣ ਕਰਕੇ। ਮੌਤ ਤੋਂ ਕੁੱਝ ਮਹੀਨੇ ਪਹਿਲਾਂ ਦੀ ਇੱਕ ਵੀਡੀਓ ਮੇਰੇ ਨਜ਼ਰੀਂ ਪਈ। ਉਹ ਕਿਸੇ ਮੇਲੇ ਵਿੱਚ ਗਾਉਣ ਗਿਆ ਹੈ। ਲੋਕਾਂ ਨੂੰ ਸੰਬੋਧਿਤ ਹੁੰਦਾ ਆਖ ਰਿਹਾ, ‘ਮੈਂ ਬਿਮਾਰ ਹੋ ਗਿਆ ਸੀ, ਤਾਂ ਕਰਕੇ ਗ਼ਾਇਬ ਰਿਹਾਂ। ਮੇਰੀ ਮੌਤ ਦੀਆਂ ਅਫ਼ਵਾਹਾਂ ਫੈਲਾਅ ਦਿੱਤੀਆਂ ਲਾਹਨਤੀਆਂ ਨੇ।’ ਕੋਈ ਕਹਿੰਦਾ, ਉਹ ਨੂੰ ਕੈਂਸਰ ਹੋ ਗਿਆ। ਕੋਈ ਕਹਿੰਦਾ, ‘ਉਹ ਚਿੱਟਾ ਪੀਂਦਾ।’ ਜਿੰਨੇ ਮੂੰਹ ਓਨੀਆਂ ਗੱਲਾਂ। ਜਿਹੜੇ ਕਹਿੰਦੇ, ‘ਸਾਬਰ ਨੂੰ ਆਹ ਹੋ ਗਿਆ, ਔਹ ਹੋ ਗਿਆ। ਉਹ ਪਤਾ ਕਰਨ ਉਨ੍ਹਾਂ ਦੇ ਭਾਪੇ ਨੂੰ ਕੀ ਹੋ ਗਿਆ। ਉਹ ਦੀ ਸਾਰ ਨਹੀਂ ਲੈਂਦੇ, ਪਰ ਮੇਰੇ ਬਾਰੇ ਗੱਲਾਂ ਕਰਦੇ ਆ।’
ਉਹ ਦੇ ਬੋਲਾਂ ਵਿੱਚ ਗਿਲਾ ਵੀ ਹੈ ਤੇ ਅਪਣੱਤ ਵੀ। ਫੇਰ ਉਹ ਗਾਉਂਦਾ ਹੈ। ਵੀਡੀਓ ਦੇਖ ਮੈਨੂੰ ਅਹਿਸਾਸ ਹੋਇਆ ਕਿ ਉਹ ਜਾਣਦਾ ਹੈ ਕਿ ਲੋਕ ਉਹ ਦੇ ਬਾਰੇ ਕੀ-ਕੀ ਸੋਚ ਰਹੇ ਹਨ। ਆਪਣੇ ਹਸ਼ਰ ਬਾਰੇ ਉਸ ਨੂੰ ਪਤਾ ਹੈ।
ਉਹ ਨੂੰ ਕੀ ਰੋਗ ਸੀ, ਨਿੱਜੀ ਜ਼ਿੰਦਗੀ ਕੀ ਸੀ, ਕੀ ਨਹੀਂ, ਸਾਡਾ ਕੰਮ ਇਸ ਦੀਆਂ ਤੈਆਂ ਵਿੱਚ ਜਾਣ ਦਾ ਨਹੀਂ। ਅਸੀਂ ਸਿਰਫ਼ ਉਸ ਨੂੰ ਗਾਇਕ ਦੇ ਤੌਰ ‘ਤੇ ਜਾਣਦੇ ਹਾਂ ਤੇ ਉਹ ਕਮਾਲ ਦਾ ਗਵੱਈਆ ਸੀ। ਸੁਰੀਲਾ। ਸ਼ਹਿਦ ਵਰਗਾ ਮਿੱਠਾ। ਉਹ ਦੇ ਗਲ਼ ਦੀ ਲਚਕਦਾ ਜਿਮਨਾਸਟਿਕ ਦੇ ਖਿਡਾਰੀਆਂ ਵਰਗੀ ਸੀ। ਉਹ ਦੇ ਮੂੰਹੋਂ ਨਿਕਲੇ ਗੀਤ ਉਸ ਮੂੰਹੋਂ ਹੀ ਫੱਬਦੇ ਸਨ। ਉਸ ਨੇ ਇਹ ਵੀ ਤਾਂ ਧਾਰਨਾ ਤੋੜੀ ਕਿ ਗਾਉਣ ਵਾਲੇ ਦਾ ਕਲਾ ਨਾਲ ਤਾਅਲੁਕ ਹੋਣਾ ਚਾਹੀਦਾ, ਗੋਰੇ-ਚਿੱਟੇ ਨਾਲ ਕੀ ਤਾਅਲੁਕ। ਰੰਗ ਤਾਂ ਕੁਦਰਤ ਦੀ ਦੇਣ ਹੈ, ਪਰ ਰਿਆਜ਼ਤ ਤੁਹਾਡੀ ਆਪਣੀ ਮਿਹਨਤ।
ਮੈਂ ਉਸ ਦੇ ਅੰਤਲੇ ਵੇਲ਼ੇ ਨੂੰ ਦੇਖ ਅਕਸਰ ਸੋਚਦਾ ਸਾਂ ਕਿ ਉਹ ਦਾ ਗੀਤ ਉਹ ਦੇ ‘ਤੇ ਹੀ ਲਾਗੂ ਹੋਇਆ, ‘ਅਸੀਂ ਧੁਰ ਅੰਦਰ ਤੱਕ ਲੀਰਾਂ ਹੋਏ ਬੈਠੇ ਹਾਂ।’ ਇਹੀ ਸੱਚ ਸੀ, ਇਹੀ ਹੈ ਤੇ ਇਹੀ ਸੱਚ ਰਹੇਗਾ।

– ਸਵਰਨ ਸਿੰਘ ਟਹਿਣਾ
Mobil – 0091-98141-78883, Email : swarntehna@gmail.com