ਸਮੁੱਚੀ ਕੌਮ ਨੂੰ ਸਾਰੇ ਦਿਹਾਡ਼ੇ ਨਾਨਕਸ਼ਾਹੀ ਕੈਲੰਡਰ ਅਨੁਸਾਰ ਨਿਸਚਤ ਤਰੀਖਾਂ ਨੂੰ ਹੀ ਮਨਾਉਣੇ ਚਾਹੀਦੇ ਹਨ

ਸੰਗਤ/ਬਠਿੰਡਾ, 26 ਨਵੰਬਰ (ਕਿਰਪਾਲ ਸਿੰਘ): ਸਿੱਖਾਂ ਲਈ ਸਰਬਉੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਹੁਕਮ ਹੀ ਹਨ ਨਾ ਕਿ ਅਕਾਲ ਤਖ਼ਤ ’ਤੇ ਇਕੱਤਰ ਹੋਏ ਪੰਜ ਜਥੇਦਾਰ/ਗ੍ਰੰਥੀਆਂ ਵੱਲੋਂ ਆਪਣੇ ਨਿਯੁਕਤੀਕਾਰਾਂ ਦੇ ਇਸ਼ਾਰਿਆਂ ’ਤੇ ਕੀਤੇ ਫੈਸਲੇ; ਜਿਸ ਨੂੰ ਗਲਤ ਤੌਰ ’ਤੇ ਅਕਾਲ ਤਖ਼ਤ ਦੇ ਹੁਕਮਨਾਮੇ ਕਹਿ ਕੇ ਗੁੰਮਰਾਹਕੁਨ ਪ੍ਰਚਾਰ ਕੀਤਾ ਜਾ ਰਿਹਾ ਹੈ। ਇਹ ਸ਼ਬਦ ਗੁਰਮਤਿ ਸੇਵਾ ਲਹਿਰ ਦੇ ਮੁਖੀ ਭਾਈ ਪੰਥਪ੍ਰੀਤ ਸਿੰਘ ਨੇ ਅੱਜ ਇੱਥੇ ਸੰਸਥਾ ਦੀ ਛਿਮਾਹੀ ਮੀਟਿੰਗ ਅਤੇ ਗੁਰਮਤਿ ਸਮਾਗਮ ਵਿੱਚ ਸੰਗਤਾਂ ਦੇ ਜੁਡ਼ੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਹੇ। ਉਨ੍ਹਾਂ ਕਿਹਾ ਮਿਸਲਾਂ ਦੇ ਸਮੇਂ ਤੋਂ ਹੀ ਇਹ ਰਿਵਾਇਤ ਚਲਦੀ ਆ ਰਹੀ ਸੀ ਕਿ ਸਾਰੀਆਂ ਮਿਸਲਾਂ ਤੇ ਹੋਰ ਧਿਰਾਂ ਦੇ ਵਿਦਵਾਨ ਨੁੰਮਾਇੰਦੇ ਸਾਲ ਵਿੱਚ ਦੋ ਵਾਰ ਵੈਸਾਖੀ ਤੇ ਦੀਵਾਲੀ ਮੌਕੇ ਅਕਾਲ ਤਖ਼ਤ ਸਾਹਿਬ ’ਤੇ ਇਕੱਤਰ ਹੁੰਦੇ ਸਨ ਤੇ ਆਪਣੇ ਸਾਰੇ ਮਤਭੇਦ ਭੁਲਾ ਕੇ ਕੇਵਲ ਪੰਥ ਨੂੰ ਦਰਪੇਸ਼ ਚੁਣੌਤੀਆਂ ਦਾ ਹੱਲ ਲੱਭਣ ਲਈ ਗੁਰੂ ਗ੍ਰੰਥ ਸਾਹਿਬ ਜੀ ਤੋਂ ਸਿਧਾਂਤਕ ਅਗਵਾਈ ਲੈ ਕੇ ਫੈਸਲੇ ਲੈਂਦੇ ਸਨ ਅਤੇ ਇਸ ਤਰ੍ਹਾਂ ਲਏ ਸਰਬ ਪ੍ਰਵਾਨਤ ਫੈਸਲਿਆਂ ਨੂੰ ਅਕਾਲ ਤਖ਼ਤ ਦਾ ਜਥੇਦਾਰ ਕੇਵਲ ਪਡ਼੍ਹ ਕੇ ਸੁਣਾਉਂਦਾ ਹੁੰਦਾ ਸੀ, ਜਿਸ ਨੂੰ ਅਕਾਲ ਤਖ਼ਤ ਦਾ ਹੁਕਮਨਾਮਾ ਕਿਹਾ ਜਾਂਦਾ ਸੀ। ਪਰ ਅੱਜ ਕੱਲ ਪੰਥ ਨੂੰ ਦਰਪੇਸ਼ ਚੁਣੌਤੀਆਂ ’ਤੇ ਵੀਚਾਰਾਂ ਕਰਨ ਦੀ ਥਾਂ ਸਿਆਸੀ ਲੋਕਾਂ ਵੱਲੋਂ ਬਿਨਾਂ ਕਿਸੇ ਯੋਗਤਾ ਤੋਂ ਨਿਯੁਕਤ ਕੀਤੇ ਤਨਖਾਹਦਾਰ ਮੁਲਾਜਮ ਇਹ ਫੈਸਲੇ ਕਰਦੇ ਹਨ ਕਿ ਕਿਸ ਨੂੰ ਪੰਥ ਵਿੱਚੋਂ ਛੇਕਣਾਂ ਹੈ; ਕਿਸ ਨੂੰ ਮੁਆਫੀ ਦੇਣੀ ਹੈ ਅਤੇ ਕਿਸ ਦੇ ਦੀਵਾਨ ਬੰਦ ਕਰਾਉਣੇ ਹਨ। ਪਿਛਲੇ ਸਮੇਂ ਵਿੱਚ ਬਲਾਤਕਾਰੀ ਅਤੇ ਸੁਆਂਗਧਾਰੀ ਸੌਦਾ ਸਾਧ ਨੂੰ ਬਿਨਾਂ ਮੁਆਫੀ ਮੰਗੇ ਮੁਆਫ ਕਰਨਾ, ਪੰਥਕ ਸਖ਼ਸ਼ੀਅਤਾਂ ਨੂੰ ਪੰਥ ਵਿੱਚੋਂ ਛੇਕਣਾਂ ਜਾਂ ਛੇਕਣ ਦੇ ਡਰਾਵੇ ਦੇਣਾ ਅਤੇ ਕੌਮ ਦੀ ਵਿਲੱਖਣ ਹਸਤੀ ਦੇ ਪ੍ਰਤੀਕ ਨਾਨਕਸ਼ਾਹੀ ਕੈਲੰਡਰ ਦਾ ਕਤਲ ਕਰਨਾ ਆਦਿਕ ਇਨ੍ਹਾਂ ਜਥੇਦਾਰਾਂ ਵੱਲੋਂ ਕੀਤੇ ਗਲਤ ਫੈਸਲਿਆਂ ਦੀਆਂ ਜਿਉਂਦੀਆਂ ਜਾਗਦੀਆਂ ਮਿਸਾਲਾਂ ਹਨ। ਐਸੇ ਗਲਤ ਫੈਸਲੇ ਕਦੀ ਵੀ ਮੰਨਣਯੋਗ ਨਹੀਂ ਹਨ ਇਸ ਲਈ ਮੌਜੂਦਾ ਜਥੇਦਾਰੀ ਸਿਸਟਮ ਨੂੰ ਰੱਦ ਕੀਤੇ ਬਿਨਾਂ ਗੁਰਮਤਿ ਸਿਧਾਂਤਾਂ ਨੂੰ ਬਚਾਈ ਰੱਖਣਾ ਸੰਭਵ ਨਹੀਂ ਹੈ। ਸ਼੍ਰੋਮਣੀ ਕਮੇਟੀ ਦੇ ਮੁਲਾਜਮ ਜਥੇਦਾਰਾਂ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਪੁਰਬ ਪੋਹ ਸੁਦੀ 7 ਮੁਤਾਬਿਕ 25 ਦਸੰਬਰ ਨੂੰ ਮਨਾਉਣ ਦੀ ਕੀਤੀ ਹਦਾਇਤ ਨੂੰ ਰੱਦ ਕਰਦਿਆਂ ਭਾਈ ਪੰਥਪ੍ਰੀਤ ਸਿੰਘ ਨੇ ਗੁਰਪੁਰਬ 23 ਪੋਹ ਜੋ ਹਰ ਸਾਲ 5 ਜਨਵਰੀ ਨੂੰ ਹੀ ਆਉਂਦਾ ਹੈ; ਨੂੰ ਮਨਾਉਣ ਲਈ ਕਿਹਾ ਜਿਸ ਦਾ ਸਮੂਹ ਸੰਗਤ ਨੇ ਦੋਵੇਂ ਹੱਥ ਖਡ਼੍ਹੇ ਕਰਕੇ ਅਤੇ ਜੈਕਾਰੇ ਛੱਡ ਕੇ ਸਹਿਮਤੀ ਦਿੱਤੀ।

ਗੁਰਮਤਿ ਪ੍ਰਚਾਰਕਾਂ ਵੱਲੋਂ ਕੀਤੇ ਜਾ ਰਹੇ ਗੁਰਮਤਿ ਅਨੁਸਾਰੀ ਪ੍ਰਚਾਰ ਨੂੰ ਰੋਕਣ ਲਈ ਉਨ੍ਹਾਂ ਦੇ ਸਮਾਗਮਾਂ ਵਿੱਚ ਖ਼ਲਲ ਪਾਉਣ ਵਾਲੇ, ਹਮਲੇ ਕਰਨ ਵਾਲੇ ਅਤੇ ਅਕਾਲ ਤਖ਼ਤ ਦੀ ਦੁਰਵਰਤੋਂ ਕਰਨ ਵਾਲੇ ਵਿਅਕਤੀਆਂ ਦੀ ਤੁਲਨਾ ਔਰੰਗਜ਼ੇਬੀ ਨੀਤੀ ਨਾਲ ਕਰਦਿਆਂ ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਦੂਸਰੇ ਧਰਮ ਵਾਲਿਆਂ ਦੀ ਧਾਰਮਿਕ ਅਜਾਦੀ ਦੀ ਖ਼ਾਤਰ ਸ਼ਹੀਦੀ ਦੇ ਕੇ ਸਿਧਾਂਤ ਦ੍ਰਿਡ਼ ਕਰਵਾਇਆ ਸੀ ਕਿ ਵੀਚਾਰਾਂ ਦੀ ਅਜਾਦੀ ’ਤੇ ਰੋਕ ਲਾਉਣੀ ਧਰਮ ਨਹੀਂ ਹੈ ਪਰ ਇਹ ਭਾਈ ਗੁਰੂ ਸਿਧਾਂਤਾਂ ਦੀ ਵਿਆਖਆ ਹੀ ਆਪਣੇ ਅਨੁਸਾਰ ਕਰਵਾਉਣ ’ਤੇ ਤੁਲੇ ਹੋਏ ਹਨ ਜੋ ਗੁਰਮਤਿ ਸਿਧਾਂਤਾਂ ਦਾ ਘਾਣ ਕਰਨ ਅਤੇ ਸਿੱਖਾਂ ਨੂੰ ਅੰਤਰਾਸ਼ਟਰੀ ਪੱਧਰ ’ਤੇ ਬਦਨਾਮ ਕਰਨ ਦੇ ਤੁਲ ਹੈ।
ਗੁਰਦੁਆਰਿਆਂ ਵਿੱਚ ਗੁਰਮਤਿ ਅਤੇ ਨਾਨਕਸ਼ਾਹੀ ਕੈਲੰਡਰ ਲਾਗੂ ਕਰਵਾਉਣ ਲਈ ਭਾਈ ਸਾਹਿਬ ਜੀ ਨੇ ਰਾਜਨੀਤਕ ਲੋਕਾਂ ਤੋਂ ਗੁਰਦੁਆਰੇ ਅਜਾਦ ਕਰਵਾਉਣ ਦਾ ਵੀ ਸੱਦਾ ਦਿੱਤਾ।
ਭਾਈ ਪੰਥਪ੍ਰੀਤ ਸਿੰਘ ਤੋਂ ਇਲਾਵਾ ਗੁਰਮਤਿ ਸੇਵਾ ਲਹਿਰ ਨਾਲ ਜੁਡ਼ੇ ਸਿੱਖ ਪ੍ਰਚਾਰਕ ਭਾਈ ਹਰਜਿੰਦਰ ਸਿੰਘ ਮਾਂਝੀ, ਭਾਈ ਹਰਜੀਤ ਸਿੰਘ ਢਪਾਲੀ, ਭਾਈ ਸਤਿਨਾਮ ਸਿੰਘ ਚੰਦਡ਼, ਬੀਬੀ ਗਗਨਦੀਪ ਕੌਰ, ਭਾਈ ਹਰਪ੍ਰੀਤ ਸਿੰਘ ਜਗਰਾਉਂ ਅਤੇ ਹੋਰ ਪ੍ਰਚਾਰਕਾਂ ਨੇ ਵੀ ਸੰਬੋਧਨ ਕੀਤਾ। ਤਕਰੀਬਨ ਹਰ ਬੁਲਾਰੇ ਤੇ ਸਮੁੱਚੀ ਸੰਗਤ ਨੇ ਭਾਈ ਪੰਥਪ੍ਰੀਤ ਸਿੰਘ ਦੇ ਵੀਚਾਰਾਂ ਦੀ ਪ੍ਰੋਡ਼ਤਾ ਕਰਦੇ ਹੋਏ ਜੈਕਾਰੇ ਛੱਡ ਕੇ ਇੱਕ-ਮੁਠਤਾ ਦਾ ਪ੍ਰਗਟਾਵਾ ਕੀਤਾ। ਭਾਈ ਕੁਲਦੀਪ ਸਿੰਘ ਲਾਈਵ ਸਿੱਖ ਵਰਲਡ ਅਤੇ ਭਾਈ ਕਮਲਦੀਪ ਸਿੰਘ ਗੁਰ ਕੀ ਬਾਣੀ ਵਾਲਿਆਂ ਨੇ ਸਮਾਗਮ ਦੀ ਸਮੁੱਚੀ ਕਾਰਵਾਈ ਨੂੰ ਆਪਣੀਆਂ ਵੈੱਬਸਾਈਟਾਂ ਰਾਹੀਂ ਲਾਈਵ ਟੈਲੀਕਾਸਟ ਕੀਤਾ।
ਇਸੇ ਦੌਰਾਨ ਗੁਰਮਤਿ ਸੇਵਾ ਲਹਿਰ ਦੇ ਸਕੱਤਰ ਭਾਈ ਜਗਤਾਰ ਸਿੰਘ ਨੇ ਸੰਸਥਾ ਦਾ ਛਿਮਾਹੀ ਲੇਖਾ ਜੋਖਾ ਸਟੇਜ ਤੋਂ ਪਡ਼੍ਹ ਕੇ ਸੰਗਤਾਂ ਨੂੰ ਸੁਣਾਇਆ। ਪਹਿਲੀ ਤੋਂ ਬਾਰਵੀਂ ਕਲਾਸ ਤੱਕ ਦੇ ਤਕਰੀਬਨ ਸਾਢੇ ਤਿੰਨ ਸੌ ਬੱਚਿਆਂ ਦੇ ਪ੍ਰਾਈਮਰੀ, ਮਿਡਲ ਤੇ ਸੀਨੀਅਰ ਸੈਕੰਡਰੀ ਤਿੰਨ ਗੁਰੱਪ ਬਣਾ ਕੇ ਗੁਰਬਾਣੀ, ਸਿੱਖ ਇਤਿਹਾਸ ਅਤੇ ਸਿੱਖ ਰਹਿਤ ਮਰਿਆਦਾ ਦੇ ਲਿਖਤੀ ਟੈਸਟ ਲੈ ਕੇ ਮੈਰਿਟ ਵਿੱਚ ਆਉਣ ਵਾਲਿਆਂ ਨੂੰ ਨਕਦੀ ਇਨਾਮ ਤੇ ਭਾਗ ਲੈਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਸ਼ੀਲਡਾਂ ਨਾਲ ਸਨਮਾਨਤ ਕੀਤਾ ਗਿਆ। ਬੱਚਿਆਂ ਦੇ ਦਸਤਾਰ ਸਜਾਉਣ ਦੇ ਮੁਕਾਬਲੇ ਅਤੇ ਕਵਿਤਾਵਾਂ ਪਡ਼੍ਹਨ ਦੇ ਮੁਕਾਬਲੇ ਕਰਵਾ ਕੇ ੳਨ੍ਹਾਂ ਨੂੰ ਅਲੱਗ ਇਨਾਮ ਦਿੱਤੇ ਗਏ ਤੇ ਸਨਮਾਨਿਤ ਕੀਤੇ ਗਏ