71ਵੇਂ ਬਾਫਟਾ ਐਵਾਰਡਜ਼ ‘ਚ ‘ਥ੍ਰੀ ਬਿਲਬੋਰਡਜ਼’ ਨੇ 5 ਐਵਾਰਡ ਜਿੱਤੇ

ਲੰਡਨ – 19 ਫਰਵਰੀ ਨੂੰ 71ਵੇਂ ਬ੍ਰਿਟਿਸ਼ ਅਕੈਡਮੀ (ਬਾਫਟਾ) ਐਵਾਰਡਜ਼ ‘ਚ ‘ਥ੍ਰੀ ਬਿਲਬੋਰਡਜ਼ ਆਊਟਸਾਈਡ ਐਬਿੰਗ, ਮਿਸੂਰੀ’ ਫਿਲਮ ਛਾਈ ਰਹੀ। ਮਾਰਟਿਨ ਮੈਕਡੋਨਗ ਡਾਇਰੈਕਟ ਕ੍ਰਾਈਮ ਡਰਾਮੇ ਨੂੰ 5 ਐਵਾਰਡ ਮਿਲੇ ਹਨ ਜਿਨ੍ਹਾਂ ‘ਚ ਫਰਾਂਸਿਸ ਮੈਕਡਰਮੰਡ ਨੂੰ ਬਿਹਤਰੀਨ ਅਦਾਕਾਰਾ ਦਾ ਐਵਾਰਡ ਵੀ ਸ਼ਾਮਲ ਹੈ। ਬ੍ਰਿਟਿਸ਼ ਅਕੈਡਮੀ ਫਿਲਮ ਐਵਾਰਡਜ਼ ਦਾ ਰੈੱਡ ਕਾਰਪਟ ਕਾਲੇ ਰੰਗ ‘ਚ ਰੰਗਿਆ ਗਿਆ। ਹਸਤੀਆਂ ਨੇ ਹਾਰਵੇ ਵੀਨਸਟੀਨ ਖ਼ਿਲਾਫ਼ ਇੱਕਜੁੱਟਤਾ ਦਾ ਮੁਜ਼ਾਹਰਾ ਕਰਦਿਆਂ ਕਾਲੇ ਰੰਗ ਦੀਆਂ ਪੁਸ਼ਾਕਾਂ ਪਹਿਨੀਆਂ। ਉਨ੍ਹਾਂ ‘ਟਾਈਮਜ਼ ਅੱਪ ਅਤੇ ਮੀ ਟੂ’ ਅੰਦੋਲਨਾਂ ਨਾਲ ਸਾਂਝ ਜਤਾਈ। ਉਂਜ ਮੈਕਡਰਮੰਡ ਨੇ ਕਾਲੇ ਦੀ ਥਾਂ ‘ਤੇ ਰੰਗੀਨ ਗਾਊਨ ਪਹਿਨਿਆ ਹੋਇਆ ਸੀ ਅਤੇ ਸਫ਼ਾਈ ਦਿੱਤੀ ਕਿ ਉਹ ਕਾਲੇ ਕੱਪੜਿਆਂ ‘ਚ ਆਈਆਂ ਆਪਣੀ ਭੈਣਾਂ ਨਾਲ ਖੜ੍ਹੀ ਹੈ। ‘ਥ੍ਰੀ ਬਿਲਬੋਰਡ’ ਨੂੰ ਮੂਲ ਸਕਰੀਨਪਲੇਅ, ਬਿਹਤਰੀਨ ਬ੍ਰਿਟਿਸ਼ ਫਿਲਮ ਅਤੇ ਸੈਮ ਰੌਕਵੈੱਲ ਨੂੰ ਬਿਹਤਰੀਨ ਸਹਾਇਕ ਅਦਾਕਾਰ ਦੇ ਐਵਾਰਡ ਮਿਲੇ ਹਨ। ਗੁਲਿਰਮੋ ਡੇਲ ਟੋਰੋ ਨੂੰ ‘ਦਿ ਸ਼ੇਪ ਆਫ਼ ਵਾਟਰ’ ਲਈ ਬਿਹਤਰੀਨ ਡਾਇਰੈਕਟਰ ਦਾ ਐਵਾਰਡ ਮਿਲਿਆ ਹੈ। ਗੈਰੀ ਓਲਡਮੈਨ ਨੂੰ ‘ਡਾਰਕੈੱਸਟ ਆਵਰ’ ‘ਚ ਸਾਬਕਾ ਪ੍ਰਧਾਨ ਮੰਤਰੀ ਵਿੰਸਟਨ ਚਰਚਿਲ ਦੀ ਭੂਮਿਕਾ ਨਿਭਾਉਣ ਲਈ ਬਿਹਤਰੀਨ ਅਦਾਕਾਰ ਦਾ ਐਵਾਰਡ ਮਿਲਿਆ। ਡੈਨੀਅਲ ਕਾਲੂਯਾ ਨੂੰ ‘ਗੈੱਟ ਆਊਟ’ ‘ਚ ਈਈ ਰਾਈਜ਼ਿੰਗ ਸਟਾਰ ਐਵਾਰਡ ਮਿਲਿਆ ਹੈ।
ਪ੍ਰਿੰਸ ਵਿਲੀਅਮ ਨੇ ਬਾਫਟਾ ‘ਚ ਡਾਇਰੈਕਟਰ ਰਿਡਲੇ ਸਕੌਟਵਿਦ ਨੂੰ ਫੈਲੋਸ਼ਿਪ ਨਾਲ ਨਿਵਾਜਿਆ। ਭਾਰਤੀ ਅਦਾਕਾਰ ਅਲੀ ਫ਼ਜ਼ਲ ਮੇਕ ਅੱਪ ਅਤੇ ਹੇਅਰ ਐਵਾਰਡ ਤੋਂ ਖੁੰਝ ਗਏ। ਫ਼ਜ਼ਲ ਨੇ ਫਿਲਮ ‘ਵਿਕਟੋਰੀਆ ਐਂਡ ਅਬਦੁੱਲ’ ‘ਚ ਮਹਾਰਾਣੀ ਵਿਕਟੋਰੀਆ ਦੇ ਨੌਕਰ ਅਬਦੁੱਲ ਦੀ ਭੂਮਿਕਾ ਨਿਭਾਈ ਹੈ। ਇਸ ਦੌਰਾਨ ਜਿਸਮਾਨੀ ਸ਼ੋਸ਼ਣ ਅਤੇ ਨਾਬਰਾਬਰੀ ਖ਼ਿਲਾਫ਼ ‘ਟਾਈਮਜ਼ ਅੱਪ’ ਅੰਦੋਲਨ ਦੀ ਹਮਾਇਤ ‘ਚ ਅਦਾਕਾਰਾ ਐਂਜੇਲਿਨਾ ਜੋਲੀ ਅਤੇ ਜੈਨਿਫਰ ਲਾਰੈਂਸ ਨੇ ਕਾਲੇ ਪਹਿਰਾਵੇ ‘ਚ ਜਲਵੇ ਬਿਖੇਰੇ। ਸਮਾਗਮ ‘ਚ ਪ੍ਰਿੰਸ ਵਿਲੀਅਮ ਅਤੇ ਕੇਟ ਨੇ ਵੀ ਡਰੈੱਸ ਕੋਡ ਦਾ ਪਾਲਣ ਕਰਕੇ ਆਪਣੀ ਹਾਜ਼ਰੀ ਲੁਆਈ।