ਆਸਟਰੇਲੀਆ ਖ਼ਿਲਾਫ਼ ਪੰਜ ਗੇਂਦਬਾਜ਼ਾਂ ਨਾਲ ਉਤਰ ਸਕਦਾ ਹੈ ਭਾਰਤ

ਕੋਲੰਬੋ, 27 ਸਤੰਬਰ (ਏਜੰਸੀ) – ਟਵੰਟੀ-20 ਵਿਸ਼ਵ ਕੱਪ ਦੇ ਸੁਪਰ-8 ਮੁਕਾਬਲੇ ਤਹਿਤ ਭਲਕੇ ਭਾਰਤ ਅਤੇ ਆਸਟਰੇਲੀਆ ਆਹਮੋ-ਸਾਹਮਣੇ ਹੋਣਗੇ। ਦੋਨਾਂ ਟੀਮਾਂ ਲਈ ਇਹ ਮੈਚ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ। ਪਿਛਲੇ ਮੈਚ ਵਿੱਚ ਇੰਗਲੈਂਡ ‘ਤੇ ਵੱਡੀ ਜਿੱਤ ਤੋਂ ਬਾਅਦ ਭਾਰਤੀ ਟੀਮ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਐਲਾਨ ਕੀਤਾ ਹੈ ਕਿ ਅਸੀਂ ਇਸ ਵਾਰ ਪੰਜ ਗੇਂਦਬਾਜ਼ਾਂ ਨੂੰ ਖਿਡਾਵਾਂਗੇ।
ਜ਼ਿਕਰਯੋਗ ਹੈ ਕਿ ਜੇਕਰ ਭਾਰਤੀ ਟੀਮ ਵਿੱਚ ਪੰਜ ਗੇਂਦਬਾਜ਼ ਖੇਡਦੇ ਹਨ ਤਾਂ ਸਲਾਮੀ ਬੱਲੇਬਾਜ਼ ਵਰਿੰਦਰ ਸਹਿਵਾਗ ਜਾਂ ਯੁਵਰਾਜ ਸਿੰਘ ਵਿਚੋਂ ਕਿਸੇ ਇਕ ਨੂੰ ਬਾਹਰ ਰਹਿਣਾ ਪੈ ਸਕਦਾ ਹੈ। ਕਪਤਾਨ ਅਨੁਸਾਰ ਇਨ੍ਹਾਂ ਦੋਨਾਂ ਖਿਡਾਰੀਆਂ ਵਿਚੋਂ ਕਿਸੇ ਇਕ ਬਾਰੇ ਫੈਸਲਾ ਕਰਨਾ ਕਾਫੀ ਮੁਸ਼ਕਿਲ ਹੈ। ਉਨ੍ਹਾਂ ਕਿਹਾ ਕਿ ਸਾਡੇ ਲਈ ਇਹ ਫੈਸਲਾ ਕਰਨਾ ਵੀ ਬੇਹੱਦ ਮੁਸ਼ਕਿਲ ਹੈ ਕਿ ਭਾਰਤ ਤਿੰਨ ਤੇਜ਼ ਗੇਂਦਬਾਜ਼ਾਂ ਜਾਂ ਤਿੰਨ ਸਪਿੰਨਰਾਂ ਨਾਲ ਮੈਦਾਨ ਵਿੱਚ ਉੱਤਰੇਗਾ।
ਦੂਸਰੇ ਪਾਸੇ ਪਿਛਲੇ ਮੈਚ ਵਿੱਚ ਹਰਭਜਨ ਸਿੰਘ ਅਤੇ ਪੀਯੂਸ਼ ਚਾਵਲਾ ਨੇ ਸ਼ਾਨਦਾਰ ਗੇਂਦਬਾਜ਼ੀ ਕਰਕੇ ਸਿਲੈਕਟਰਾਂ ਨੂੰ ਸੋਚਾਂ ਵਿੱਚ ਪਾ ਦਿੱਤਾ ਹੈ, ਉਪਰੋਂ ਪਿਛਲੇ ਸਮੇਂ ਚੰਗਾ ਪ੍ਰਦਰਸ਼ਨ ਕਰ ਰਹੇ ਸਪਿਨਰ ਆਰ. ਅਸ਼ਵਿਨ ਨੂੰ ਵੀ ਬਾਹਰ ਬਿਠਾਉਣਾ ਮਹਿੰਗਾ ਹੋ ਸਕਦਾ ਹੈ। ਦੱਸਣਯੋਗ ਹੈ ਕਿ ਆਸਟਰੇਲੀਆਈ ਬੱਲੇਬਾਜ਼ਾਂ ਖ਼ਿਲਾਫ਼ ਭਾਰਤੀ ਸਪਿਨਰਾਂ ਦਾ ਪ੍ਰਦਰਸ਼ਨ ਲਾਜਵਾਬ ਰਿਹਾ ਹੈ।