ਭਾਰਤੀ ਮਹਿਲਾ ਦਾ ਏਸ਼ੀਆ ਹਾਕੀ ਚੈਂਪੀਅਨਸ਼ਿਪ ‘ਤੇ 13 ਸਾਲਾਂ ਬਾਅਦ ਕਬਜ਼ਾ

ਭਾਰਤੀ ਟੀਮ ਵਰਲਡ ਕੱਪ 2018 ਲਈ ਕੁਆਲੀਫ਼ਾਈ 
ਕਾਕਾਮਿਗਹਾਰਾ (ਜਾਪਾਨ), 5 ਨਵੰਬਰ – ਇੱਥੇ ਖੇਡੇ ਗਏ ਏਸ਼ੀਆ ਕੱਪ ਦੇ ਰੋਮਾਂਚਕ ਫਾਈਨਲ ਵਿੱਚ ਭਾਰਤੀ ਮਹਿਲਾ ਟੀਮ ਨੇ ਚੀਨ ਨੂੰ  5-4 ਨਾਲ ਹਰਾ ਕੇ ਜਿੱਥੇ 13 ਸਾਲਾਂ ਬਾਅਦ ਏਸ਼ੀਆ ਕੱਪ ‘ਤੇ ਕਬਜ਼ਾ ਕੀਤਾ ਉੱਥੇ ਨਾਲ ਹੀ ਅਗਲੇ ਸਾਲ ਹੋਣ ਵਾਲੇ ਹਾਕੀ ਵਿਸ਼ਵ ਕੱਪ 2018 ਲਈ ਕੁਆਲੀਫ਼ਾਈ ਕਰ ਲਿਆ ਹੈ। ਇਸ ਤੋਂ ਪਹਿਲਾਂ 2004 ਵਿੱਚ ਭਾਰਤ ਨੇ ਜਪਾਨ ਨੂੰ 1-0 ਨਾਲ ਹਰਾ ਕੇ ਕੱਪ ਜਿੱਤਿਆ ਸੀ ਤੇ 1999 ਤੇ 2009 ਦੇ ਵਿੱਚ ਭਾਰਤ ਉਪ ਜੇਤੂ ਰਿਹਾ ਸੀ ਤੇ ਭਾਰਤ ਫਾਈਨਲ ‘ਚ ਚੀਨ ਤੋਂ ਗਿਆ ਸੀ ਅੱਜ ਫਾਈਨਲ ਜਿੱਤ ਕੇ ਭਾਰਤ ਨੇ 2009 ਵਿੱਚ ਮਿਲੀ ਹਾਰ ਦਾ ਬਦਲਾ ਲੈ ਲਿਆ। ਏਸ਼ੀਆ ਕੱਪ ਦੇ ਤੀਜੇ ਤੇ ਚੌਥੇ ਮੈਚ ਦੇ ਹੋਏ ਮੁਕਾਬਲੇ ਵਿੱਚ ਦੱਖਣੀ ਕੋਰੀਆ ਨੇ ਜਪਾਨ ਨੂੰ 1-0 ਨਾਲ ਹਰਾ ਕੇ ਤੀਜਾ ਤੇ ਮਲੇਸ਼ੀਆ ਨੇ ਥਾਈਲੈਂਡ ਨੂੰ ਹਰਾ ਕੇ ਪੰਜਵਾਂ ਸਥਾਨ ਹਾਸਲ ਕੀਤਾ।
ਅੱਜ ਖੇਡੇ ਗਏ ਫਾਈਨਲ ਮੁਕਾਬਲੇ ਵਿੱਚ ਭਾਰਤ ਤੇ ਚੀਨ ਵਿਚਾਲੇ ਜ਼ਬਰਦਸਤ ਟੱਕਰ ਦੇਖਣ ਨੂੰ ਮਿਲੀ ਅਤੇ ਫਾਈਨਲ ਸਮੇਂ ਤੱਕ ਸਕੋਰ 1-1 ਦੀ ਬਰਾਬਰੀ ਉੱਤੇ ਰਿਹਾ। ਭਾਰਤ ਲਈ 25ਵੇਂ ਮਿੰਟ ‘ਚ ਨਵਜੋਤ ਕੌਰ ਨੇ ਗੋਲ ਕਰਕੇ ਲੀਡ ਹਾਸਲ ਕੀਤੀ ਪਰ ਚੀਨੀ ਖਿਡਾਰਨ ਤਿਆਨਤਿਆਨ ਨੇ 47ਵੇਂ ਮਿੰਟ ‘ਚ ਗੋਲ ਕਰਕੇ ਸਕੋਰ 1-1 ਉੱਤੇ ਬਰਾਬਰ ਕਰ ਦਿੱਤਾ। ਮੈਚ ਪੈਨਲਟੀ ਸ਼ੂਟਆਊਟ ਤੱਕ ਚਲਾ ਗਿਆ ਅਤੇ ਸ਼ੂਟਆਊਟ ‘ਚ ਇਕ ਵੇਲੇ ਤੱਕ ਦੋਵੇਂ ਟੀਮਾਂ 4-4 ਗੋਲਾਂ ਦੀ ਨਾਲ ਬਰਾਬਰੀ ‘ਤੇ ਸਨ ਪਰ ਅਖੀਰ ‘ਚ ਰਾਣੀ ਨੇ ਗੋਲ ਕਰ ਦਿੱਤਾ ਤੇ ਸਕੋਰ 5-4 ਹੋ ਗਿਆ। ਸਵਿਤਾ ਨੂੰ ਟੂਰਨਾਮੈਂਟ ਦੀ ਸਰਵੋਤਮ ਗੋਲਕੀਪਰ ਐਲਾਨਿਆ ਗਿਆ। ਭਾਰਤੀ ਮਹਿਲਾ ਹਾਕੀ ਟੀਮ ਦੇ ਨਵੇਂ ਬਣੇ ਕੋਚ ਹਰੇਂਦਰ ਸਿੰਘ ਦੀ ਅਗਵਾਈ ਵਿੱਚ ਭਾਰਤੀ ਮਹਿਲਾ ਟੀਮ ਨੇ ਏਸ਼ੀਆ ਕੱਪ ਜਿੱਤਣ ਦੇ ਨਾਲ ਵਰਲਡ ਕੱਪ 2018 ਲਈ ਕੁਆਈਫ਼ਾਈ ਕਰ ਲਿਆ ਹੈ, ਇਹ ਨਵੇਂ ਬਣੇ ਕੋਚ ਹਰੇਂਦਰ ਦੀ ਪਹਿਲੀ ਕਾਮਯਾਬੀ ਹੈ।