ਏਕ ਥਾ ਟਾਈਗਰ’ ਨੇ 2 ਦਿਨਾਂ ‘ਚ ਕਮਾਏ 50 ਕਰੋੜ

ਮੁੰਬਈ, 18 ਅਗਸਤ (ਏਜੰਸੀ) – ਫਿਲਮ ‘ਏਕ ਥਾ ਟਾਈਗਰ’ ਲਗਾਤਾਰ ਸਫ਼ਲਤਾ ਦੀਆਂ ਪੌੜੀਆਂ ਚੜ੍ਹਦੀ ਜਾ ਰਹੀ ਹੈ। 15 ਅਗਸਤ ਨੂੰ ਰਿਲੀਜ਼ ਹੋਈ ਸਲਮਾਨ ਖਾਨ ਦੀ ਇਹ ਫਿਲਮ ਦੋ ਦਿਨਾਂ ਵਿੱਚ ਹੀ 50 ਕਰੋੜ ਰੁਪਏ ਦੀ ਕਮਾਈ ਕਰ ਚੁੱਕੀ ਹੈ, ਜੋ ਕਿ ਇਕ ਰਿਕਾਰਡ ਹੈ। ਅੱਜ ਤੱਕ ਕੋਈ ਵੀ ਫਿਲਮ ਦੋ ਦਿਨਾਂ ਵਿੱਚ 50 ਕਰੋੜ ਦਾ ਕਾਰੋਬਾਰ ਨਹੀਂ ਕਰ ਸਕੀ।
ਬਾਲੀਵੁੱਡ ਦੇ ‘ਦਬੰਗ’ ਵਜੋਂ ਜਾਣੇ ਜਾਂਦੇ ਅਭਿਨੇਤਾ ਸਲਮਾਨ ਖਾਨ ਨੂੰ ਇਕ ਵਾਰ ਫਿਰ ਦਰਸ਼ਕਾਂ ਨੇ ਪਸੰਦ ਕੀਤਾ ਹੈ। ਸੰਭਾਵਨਾ ਹੈ ਕਿ ਸ਼ਨੀਵਾਰ ਅਤੇ ਐਤਵਾਰ ਨੂੰ ਛੁੱਟੀ ਹੋਣ ਕਾਰਨ ਦੋ ਦਿਨਾਂ ਵਿੱਚ ਇਸ ਫਿਲਮ ਦੇ ਕਾਰੋਬਾਰ ਗ੍ਰਾਫ ਵਿੱਚ ਹੋਰ ਉਛਾਲ ਆਵੇਗਾ। ਫਿਲਮ ਜਾਣਕਾਰਾਂ ਦਾ ਕਹਿਣਾ ਹੈ ਕਿ ਇਹ ਫਿਲਮ ਲਗਭਗ 300 ਕਰੋੜ ਰੁਪਏ ਦਾ ਕਾਰੋਬਾਰ ਕਰ ਸਕਦੀ ਹੈ। ਇਸ ਦੌਰਾਨ ਪਾਕਿਸਤਾਨ ਵਿੱਚ ਫਿਲਮ ‘ਏਕ ਥਾ ਟਾਈਗਰ’ ਉਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਹ ਪਾਬੰਦੀ ਸੈਂਸਰ ਬੋਰਡ ਵਲੋਂ ਲਾਈ ਗਈ ਹੈ।