ਅੰਨ੍ਹੀ ਸ਼ਰਧਾ ਕਾਰਨ ਹੋਏ ਕਤਲੇਆਮ ਦੀ ਅੱਖੀਂ ਡਿੱਠੀ ਗਾਥਾ

ਜੋਸ਼ੀਲੇ ਨਾਅਰਿਆਂ ਤੋਂ ਚੀਕਾਂ ਵਿੱਚ ਬਦਲੀਆਂ ਅਵਾਜ਼ਾਂ ਨੇ ਮਨ ਨੂੰ ਝੰਜੋੜ ਸੁੱਟਿਆ
25 ਅਗਸਤ ਦੀ ਸਵੇਰ। ਪੰਚਕੂਲਾ ਦਾ ਸੈਕਟਰ 4, ਜਿੱਧਰ ਨਿਗ੍ਹਾ ਮਾਰੋ, ਪ੍ਰੇਮੀ ਹੀ ਪ੍ਰੇਮੀ। ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਬਾਬਤ ਅਦਾਲਤ ਦਾ ਫ਼ੈਸਲਾ ਜੁ ਆਉਣਾ ਹੈ। ਪਾਰਕਾਂ, ਸੜਕਾਂ, ਫੁੱਟਪਾਥ ਡੇਰਾ ਪ੍ਰੇਮੀਆਂ ਨਾਲ ਭਰੇ ਪਏ ਹਨ। ਹਰ ਉਮਰ ਦੇ ਲੋਕ। ਬੱਚੇ ਵੀ, ਜਵਾਨ ਵੀ, ਬਜ਼ੁਰਗ ਵੀ। ਚੂੜਾ ਪਹਿਨੀ ਕੁੜੀਆਂ ਵੀ। ਕੁੱਛੜ ਨਿਆਣੇ ਚੁੱਕੀ ਔਰਤਾਂ ਵੀ ਤੇ ਕਮਾਨ ਵਾਂਗ ਝੁਕੇ ਸਰੀਰਾਂ ਵਾਲੀਆਂ ਔਰਤਾਂ-ਮਰਦ ਵੀ। ਆਲ਼ੇ-ਦੁਆਲ਼ੇ ਗੰਦ ਹੀ ਗੰਦ ਦਿਸ ਰਿਹੈ। ਹਵਾ ਦਾ ਬੁੱਲਾ ਆਉਂਦੈ ਤਾਂ ਨੱਕ ਘੁੱਟਣਾ ਪੈਂਦਾ। ਖ਼ੂਬਸੂਰਤ ਇਲਾਕੇ ਵਿੱਚ ਥਾਂ-ਥਾਂ ਮਲ ਮੂਤਰ ਦੇ ਢੇਰ ਹਨ। ਫੁੱਟਪਾਥ ਦੇ ਕੱਚੇ ਲਾਂਘੇ ‘ਤੇ ਪੈਰ ਧਰਨ ਵੇਲ਼ੇ ਭੁੰਜੇ ਜ਼ਰੂਰ ਦੇਖਣਾ ਪੈਂਦਾ। ਇੱਥੇ ਰਹਿਣ ਵਾਲੇ ਲੋਕ ਬੇਹੱਦ ਪ੍ਰੇਸ਼ਾਨ ਦਿਸਦੇ ਹਨ। ਉਨ੍ਹਾਂ ਦੇ ਘਰਾਂ ਮੂਹਰੇ ਗੰਦ ਜੁ ਪੈ ਰਿਹੈ। ਉਹ ਕਰ ਕੁੱਝ ਨਹੀਂ ਸਕਦੇ, ਪਰ ਗ਼ੁੱਸੇ ਨਾਲ ਭਰੇ ਪੀਤੇ ਜ਼ਰੂਰ ਹਨ।
ਡੇਰਾ ਪ੍ਰੇਮੀ ‘ਬੇਗਾਨੇ’ ਨਾਲ ਖੁੱਲ੍ਹ ਕੇ ਗੱਲ ਨਹੀਂ ਕਰ ਰਹੇ। ਥੋੜ੍ਹੇ-ਥੋੜ੍ਹੇ ਚਿਰ ਮਗਰੋਂ ਆਪਸ ‘ਚ ਘੁਸਰ-ਮੁਸਰ ਕਰਦੇ ਹਨ। ਪਰ ਪੱਤਰਕਾਰਾਂ ਨੂੰ ਦੇਖ ਚੁੱਪ ਵੱਟ ਲੈਂਦੇ ਹਨ। ਉਨ੍ਹਾਂ ਦੇ ਚਿਹਰੇ ‘ਤੇ ਚਿੰਤਾ ਦੀਆਂ ਲਕੀਰਾਂ ਹਨ। ਕਈ ਭਰੇ ਪੀਤੇ ਪ੍ਰਤੀਤ ਹੁੰਦੇ ਹਨ। ਪਤਾ ਨਹੀਂ ਉਹ ਆਪਣੇ ‘ਪਿਤਾ ਜੀ”ਬਾਰੇ ਫ਼ਿਕਰਮੰਦ ਹਨ, ਮੂਹਰੇ ਖੜ੍ਹੇ ਪੁਲਿਸ ਵਾਲਿਆਂ ‘ਤੇ ਗ਼ੁੱਸੇ ਹਨ ਜਾਂ ਪੱਤਰਕਾਰਾਂ ਦੇ ਸਵਾਲਾਂ ‘ਤੇ।
ਥੋੜ੍ਹੇ-ਥੋੜ੍ਹੇ ਚਿਰ ਮਗਰੋਂ ਹਲਚਲ ਹੁੰਦੀ ਹੈ। ਪੁਲਿਸ ਦੀਆਂ ਗੱਡੀਆਂ ਆ-ਜਾ ਰਹੀਆਂ। ਜਦੋਂ ਗੱਡੀ ‘ਚੋਂ ਦਗੜ-ਦਗੜ ਕਰਦੇ ਜਵਾਨ  ਉੱਤਰਦੇ ਹਨ ਤਾਂ ਕੁੱਝ ਮਿੰਟਾਂ ਲਈ ਗਰਮੀ ਵਧਦੀ ਹੈ। ਪਰ ਫੇਰ ਮਾਹੌਲ ਪਹਿਲਾਂ ਵਰਗਾ ਹੋ ਜਾਂਦਾ। ਸੀ.ਬੀ.ਆਈ ਅਦਾਲਤ ਨੂੰ ਜਾਂਦੀ ਸੜਕ ‘ਤੇ ਪੁਲਿਸ ਤੇ ਨੀਮ ਫ਼ੌਜੀ ਬਲਾਂ ਦੇ ਜਵਾਨ ਸਖ਼ਤ ਪਹਿਰਾ ਦੇ ਰਹੇ ਹਨ। ਹੱਥਾਂ ‘ਚ ਡੰਡੇ, ਗੱਲਾਂ ‘ਚ ਪਾਈਆਂ ਬੰਦੂਕਾਂ, ਸਿਰਾਂ ‘ਤੇ ਹੈਲਮਟ ਤੇ ਵਾਰ ਤੋਂ ਬਚਾਅ ਲਈ ਬਾਂਸ ਦੀਆਂ ਢਾਲ਼ਾਂ। ਉਹ ਪ੍ਰੇਮੀਆਂ ਵੱਲ ਦੇਖ ਕੇ ਮਾਹੌਲ ਦਾ ਜਾਇਜ਼ਾ ਲੈ ਰਹੇ ਹਨ ਤੇ ਪ੍ਰੇਮੀ ਉਨ੍ਹਾਂ ਵੱਲ ਦੇਖ ਕੇ।
ਮੈਂ ਸਾਰਾ ਕੁੱਝ ਦੇਖ ਰਿਹਾਂ। ਮਹਿਸੂਸ ਰਿਹਾਂ। ਡੇਰਾ ਪ੍ਰੇਮੀ ਔਰਤਾਂ, ਮਰਦਾਂ ਨਾਲ ਗੱਲ ਕਰਨੀ ਚਾਹ ਰਿਹਾਂ। ਪਰ ਕੋਈ ਖੁੱਲ੍ਹ ਕੇ ਨਹੀਂ ਬੋਲਦਾ। ਲੱਗਦੈ, ਉਹ ਸਾਨੂੰ ਦੁਸ਼ਮਣ ਮੰਨੀ ਬੈਠੇ ਹਨ। ਕੁੱਝ ਇੱਕ ਤਾਂ ਸਾਫ਼ ਕਹਿ ਰਹੇ ਨੇ, ‘ਆਪਣੇ ਕੈਮਰੇ ਲੈ ਕੇ ਤਿੱਤਰ ਹੋ ਜਾਓ, ਜੇ ਨੁਕਸਾਨ ਹੋ ਗਿਆ, ਫਿਰ ਨਾ ਕਹਿਣਾ।’
ਮੈਂ ਵੀਹ-ਬਾਈ ਸਾਲ ਦੇ ਇੱਕ ਪ੍ਰੇਮੀ ਨੂੰ ਗੱਲੀਂ ਲਾ ਲਿਆ। ਉਹਦੇ ਕੁੜਤਾ ਪਜਾਮਾ ਪਹਿਨਿਆ ਹੋਇਆ। ਗਲ਼ ‘ਚ ਪਰਨਾ ਹੈ। ਕਹਿੰਦਾ, ‘ਹਨੂੰਮਾਨਗੜ੍ਹ ਤੋਂ ਆਇਆਂ। ਦਾਦਾ ਵੀ ਪਿਤਾ ਜੀ ਦੇ ਡੇਰੇ ਦਾ ਚੇਲਾ ਸੀ। ਸਾਡੇ ਪਿੰਡੋਂ ਕਈ ਕਾਫ਼ਲੇ ਆਏ ਨੇ। ਅਸੀਂ ਪਰਸੋਂ ਦੇ ਇੱਥੇ ਹਾਂ। ਕਈ ਕੱਲ੍ਹ ਆਏ ਤੇ ਕਈ ਚੌਥ ਦੇ।’
‘ਜੇ ਤੁਹਾਡੇ ‘ਪਿਤਾ ਜੀ’ ਦੇ ਹੱਕ ‘ਚ ਫ਼ੈਸਲਾ ਨਾ ਆਇਆ ਤਾਂ ਤੁਸੀਂ ਕੀ ਕਰੋਗੇ?’ ਮੈਂ ਪੁੱਛਿਆ।
‘ਫ਼ੈਸਲਾ ਆ ਲੈਣ ਦਿਓ, ਦੱਸ ਦਿਆਂਗ’ ਉਹ ਨੇ ਬੇਪ੍ਰਵਾਹੀ ਨਾ ਜਵਾਬ ਦਿੱਤਾ।
ਮੇਰਾ ਮੱਥਾ ਠਣਕਿਆ। ‘ਫ਼ੈਸਲਾ ਆ ਲੈਣ ਦਿਓ, ਦੱਸ ਦਿਆਂਗੇ’, ਇਹਦਾ ਕੀ ਅਰਥ ਹੋਇਆ। ਇਨ੍ਹਾਂ ਦੇ ਹੱਥਾਂ ‘ਚ ਤਾਂ ਕੁੱਝ ਦਿਸਦਾ ਨਹੀਂ। ਜੇ ਗੁਰਮੀਤ ਰਾਮ ਰਹੀਮ ਨੂੰ ਦੋਸ਼ੀ ਐਲਾਨ ਦਿੱਤਾ ਤਾਂ ਇਹ ਕੀ ਕਰਨਗੇ। ਆਪਣਾ ਨੁਕਸਾਨ, ਪੁਲਿਸ ਦਾ, ਆਮ ਲੋਕਾਂ ਦਾ ਜਾਂ ਸਾਡਾ।
ਉਹ ਕੁੱਝ ਹੋਰ ਵੀ ਦੱਸਣਾ ਚਾਹੁੰਦਾ ਸੀ, ਪਰ ਇੱਕ ਲੰਬੂਤਰੇ ਕੱਦ ਵਾਲਾ ਉਹ ਦੇ ਮੋਢੇ ‘ਤੇ ਹੱਥ ਧਰ ਕੇ ਲੈ ਗਿਆ। ਬਾਅਦ ‘ਚ ਉਹ ਨੇ ਉਹ ਨੂੰ ਕੁੱਝ ਕਿਹਾ। ਜਿਵੇਂ ਗ਼ੁੱਸੇ ਹੁੰਦਾ ਹੋਵੇ ਕਿ ਤੂੰ ਕੈਮਰੇ ਵਾਲਿਆਂ ਕੋਲ ਕਿਉਂ ਖੜ੍ਹਾਂ।
ਮੈਂ ਹੋਰ ਚਿਹਰੇ ਪੜ੍ਹਨ ਲੱਗਾ। ਉਹ ਭਰੇ ਪੀਤੇ ਜਹੇ ਨੇ। ਗ਼ੁੱਸੇ ਮਾਰੇ। ਪਤਾ ਨਹੀਂ ‘ਪਿਤਾ ਜੀ’ ਦੇ ਵਿਯੋਗ ‘ਚ ਹਨ ਜਾਂ ਕਈ ਦਿਨਾਂ ਤੋਂ ਇੱਥੇ ਬੈਠਣ। ਗਰਮੀ ਵੱਟ ਕੱਢ ਰਹੀ ਹੈ। ਮਿੰਟ, ਘੰਟੇ ਲੰਘ ਰਹੇ ਹਨ। ਦੁਪਹਿਰ ਦੇ ਬਾਰਾਂ ਵੱਜ ਗਏ। ਪ੍ਰੇਮੀਆਂ ਦੀ ਰਣਨੀਤੀ ਬਦਲ ਰਹੀ ਪ੍ਰਤੀਤ ਹੁੰਦੀ ਹੈ। ਖਿੰਡੇ ਬੈਠੇ ਪ੍ਰੇਮੀ ਇੱਕ ਥਾਂ ਇਕੱਠੇ ਹੋ ਰਹੇ ਹਨ। ਏਧਰ ਪੁਲਿਸ ਵੀ ਵਧ ਰਹੀ ਹੈ। ਲੋਹੇ ਦੇ ਜੰਗਲਿਆਂ ‘ਤੇ ਕੰਡਿਆਲੀ ਤਾਰ ਲੱਗ ਰਹੀ ਹੈ। ਥੋੜ੍ਹੀ-ਥੋੜ੍ਹੀ ਦੇਰ ਬਾਅਦ ਕੋਈ ਵੱਡਾ ਅਫ਼ਸਰ ਆ ਕੇ ਟੁਕੜੀਆਂ ਨੂੰ ਕੁੱਝ ਸਮਝਾ ਕੇ ਜਾ ਰਿਹਾ। ਜਵਾਨ ਮੁੜ ਪਹਿਲਾਂ ਵਾਂਗ ਐਕਸ਼ਨ ‘ਚ ਖੜ੍ਹ ਜਾਂਦੇ ਹਨ।
ਅਸਮਾਨ ‘ਚ ਘੂਕਾਂ ਪਾਉਂਦਾ ਇੱਕ ਹੈਲੀਕਾਪਟਰ ਲੰਘ ਰਿਹਾ। ਹਜ਼ਾਰਾਂ ਪ੍ਰੇਮੀ ਮੂੰਹ ਉਤਾਂਹ ਕਰਕੇ ਹੋ..ਹੋ…ਔ…ਔ…ਕਰਨ ਲੱਗੇ ਹਨ। ‘ਪਿਤਾ ਜੀ ਆ ਗਏ, ਪਿਤਾ ਜੀ ਆ ਗਏ।’ ਉਨ੍ਹਾਂ ਦੇ ਮਸੋਸੇ ਚਿਹਰੇ ਖਿੜ੍ਹ ਗਏ ਹਨ। ਹੈਲੀਕਾਪਟਰ ਅੱਗੇ ਲੰਘ ਗਿਆ। ਹੁਣ ਗੱਲ ਫ਼ੈਲੀ ਹੈ ਕਿ ਇਹ ਡੇਰਾ ਮੁਖੀ ਨਹੀਂ, ਮਾਹੌਲ ‘ਤੇ ਨਿਗਰਾਨੀ ਰੱਖਣ ਵਾਲਾ ਹੈਲੀਕਾਪਟਰ ਹੈ।
ਦੁਪਹਿਰ ਦੇ ਸਵਾ ਕੁ ਦੋ ਵੱਜ ਚੱਲੇ ਨੇ। ਸਭ ‘ਚ ਪਤਾ ਨਹੀਂ ਕੀ ਪੌਣ ਆਈ, ਸੜਕ ‘ਚ ਮਰਦ, ਔਰਤਾਂ, ਬੱਚੇ ਭੰਗੜਾ ਪਾਉਣ ਲੱਗੇ। ਪੱਤਰਕਾਰ ਉਨ੍ਹਾਂ ਦੀਆਂ ਫ਼ੋਟੋਆਂ ਕੈਦ ਕਰ ਰਹੇ ਹਨ, ਵੀਡੀਓ ਬਣਾ ਰਹੇ ਹਨ। ਮੈਂ ਵੀ ਇਹੀ ਕੁੱਝ ਕਰ ਰਿਹਾਂ। ਗੱਲ ਜੰਗਲ ਦੀ ਅੱਗ ਵਾਂਗ ਫ਼ੈਲੀ ਹੈ, ‘ਡੇਰਾ ਮੁਖੀ ਨੂੰ ਅਦਾਲਤ ਨੇ ਦੋਸ਼ ਮੁਕਤ ਕਰ ਦਿੱਤਾ।’
ਅਚਾਨਕ ਡੇਰੇ ਦਾ ਬੁਲਾਰਾ ਅਦਿੱਤਿਆ ਇੰਸਾਂ ਮੀਡੀਏ ਮੂਹਰੇ ਪ੍ਰਗਟ ਹੁੰਦਾ ਹੈ। ਉਹ ਪੜ੍ਹਿਆ-ਲਿਖਿਆ ਬੰਦਾ ਹੈ। ਅੰਗਰੇਜ਼ੀ, ਪੰਜਾਬੀ, ਹਿੰਦੀ ‘ਚ ਗੱਲ ਕਰ ਰਿਹਾ। ਪੂਰੇ ਜੋਸ਼ ‘ਚ ਕਹਿ ਰਿਹਾ, ‘ਅਦਾਲਤ ‘ਤੇ ਸਾਨੂੰ ਪੂਰਾ ਭਰੋਸਾ ਸੀ। ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਗਿਆ। ਗੁਰੂ ਜੀ ਦਾ ਸਿਰ ਕੱਟ ਕੇ ਲਿਆਉਣ ਦੀਆਂ ਗੱਲਾਂ ਕਹਿਣ ਵਾਲੇ ਲੋਕਾਂ ਨੂੰ ਪਤਾ ਲੱਗ ਗਿਆ ਹੋਵੇਗਾ ਕਿ ਸਹੀ ਨੂੰ ਕਦੇ ਗ਼ਲਤ ਸਾਬਤ ਨਹੀਂ ਕੀਤਾ ਜਾ ਸਕਦਾ।’
ਮੈਂ ਸਵਾਲ ਕੀਤਾ, ‘ਜੇ ਫ਼ੈਸਲਾ ਡੇਰਾ ਮੁਖੀ ਦੇ ਖ਼ਿਲਾਫ਼ ਆਉਂਦਾ ਤਾਂ ਕੀ ਤੁਸੀਂ ਸ਼ਾਂਤ ਰਹਿੰਦੇ, ਫ਼ੈਸਲਾ ਕਬੂਲ ਕਰਦੇ।’
ਉਹ ਮੰਝੇ ਹੋਏ ਬੁਲਾਰੇ ਵਾਂਗ ਬੋਲ ਰਿਹਾ। ‘ਹਾਂ, ਬਿਲਕੁਲ। ਗੁਰੂ ਜੀ ਦੇ ਸ਼ਰਧਾਲੂਆਂ ਦੇ ਹੱਥ ਵਿੱਚ ਕੋਈ ਗ਼ਲਤ ਚੀਜ਼ ਹੈ ਤਾਂ ਦੱਸੋ। ਉਨ੍ਹਾਂ ਦੇ ਲਟਕੇ ਹੋਏ ਚਿਹਰੇ ਦੇਖੋ। ਤਿੰਨ ਦਿਨ ਤੋਂ ਭੁੱਖਣ ਭਾਣੇ ਬੈਠੇ ਹਨ। ਇਨ੍ਹਾਂ ਵਿਚਾਰਿਆਂ ਦੇ ਸਾਹਮਣੇ ਆਹ ਬੰਦੂਕਾਂ ਵਾਲੇ ਖੜ੍ਹੇ ਕੀਤੇ ਹਨ। ਸ਼ਰਧਾਲੂਆਂ ਦਾ ਕਸੂਰ ਕੀ ਹੈ?’
ਉਹ ਨੂੰ ਗੱਲ ਕਰਦਿਆਂ ਵੀਹ ਕੁ ਮਿੰਟ ਹੋ ਚੁੱਕੇ ਹਨ। ਪੱਤਰਕਾਰਾਂ ਨੇ ਉਸ ਦੁਆਲੇ ਝੁਰਮਟ ਪਾਇਆ ਹੋਇਆ। ਇੱਕ ਅੰਗਰੇਜ਼ੀ ਅਖ਼ਬਾਰ ਦਾ ਪੱਤਰਕਾਰ ਅਚਾਨਕ ਆ ਕੇ ਉਹ ਨੂੰ ਸਵਾਲ ਕਰਦਾ, ‘ਅਦਾਲਤ ਦਾ ਫ਼ੈਸਲਾ ਤਾਂ ਹੁਣ ਆਇਆ। ਡੇਰਾ ਮੁਖੀ ਦੋਸ਼ੀ ਕਰਾਰ ਦਿੱਤੇ ਗਏ ਹਨ, ਸਜ਼ਾ 28 ਨੂੰ ਸੁਣਾਈ ਜਾਵੇਗੀ।’
ਉਹ ‘ਇਕਸਕਿਊਜ਼ ਮੀ’ ਕਹਿ ਕੇ ਪਾਸੇ ਹੋਇਆ। ਸ਼ਾਇਦ ਕਿਸੇ ਨਾਲ ਫ਼ੋਨ ‘ਤੇ ਗੱਲ ਕਰਨ ਲਈ। ਪ੍ਰੇਮੀ ਇੱਕ ਵਾਰ ਫਿਰ ਪਹਿਲਾਂ ਵਾਂਗ ਤਲਖ਼ ਹੋ ਗਏ ਹਨ। ਦੋਸ਼ੀ ਕਰਾਰ ਵਾਲੀ ਗੱਲ ਵੀ ਜੰਗਲ ਦੀ ਅੱਗ ਵਾਂਗ ਹੀ ਫੈਲੀ ਹੈ। ਪੁਲਿਸ ਤੇ ਫ਼ੌਜੀ ਜਵਾਨ ਬੇਹੱਦ ਚੌਕਸ ਹੋ ਗਏ ਹਨ। ਡੇਰਾ ਪ੍ਰੇਮੀਆਂ ਦੀਆਂ ਹੌਲੀ-ਹੌਲੀ ਅਵਾਜ਼ਾਂ ਸਾਨੂੰ ਸੁਣ ਰਹੀਆਂ। ਸ਼ਾਇਦ ਉਹ ਹਮਲੇ ਦੀ ਤਿਆਰੀ ‘ਚ ਹਨ। ਕੁੱਝ ਲੋਕ ਉਨ੍ਹਾਂ ਨੂੰ ਹੱਥਾਂ ਦੇ ਇਸ਼ਾਰੇ ਨਾਲ ਬੈਠੇ ਰਹਿਣ ਲਈ ਕਹਿ ਰਹੇ ਹਨ। ਕੁੱਝ ਜ਼ਿਆਦਾ ਤੱਤੇ ਭਾਰੇ ਹਨ।
ਵੀਹ ਮਿੰਟ ਤੋਂ ਡੇਰਾ ਪ੍ਰੇਮੀ ਪੁਲਿਸ ਵੱਲ ਤੇ ਪੁਲਿਸ ਡੇਰਾ ਪ੍ਰੇਮੀਆਂ ਵੱਲ ਫ਼ਿਲਮੀ ਸਟਾਈਲ ਵਿੱਚ ਦੇਖ ਰਹੀ ਹੈ। ਸ਼ਾਇਦ ਪੁਲਿਸ ਚਾਹੁੰਦੀ ਹੈ ਕਿ ਇਨ੍ਹਾਂ ਵੱਲੋਂ ਹੱਲਾ-ਗੁੱਲਾ ਕੀਤੇ ਬਿਨਾਂ ਅਸੀਂ ਕਾਰਵਾਈ ਕਿਉਂ ਕਰਨੀ ਤੇ ਡੇਰਾ ਪ੍ਰੇਮੀ ਚਾਹੁੰਦੇ ਹਨ ਕਿ ਪੁਲਿਸ ਪਹਿਲ ਕਰੇ। ਕਈ ਮੀਡੀਆ ਕਰਮਚਾਰੀਆਂ ਦੀਆਂ ਗੱਡੀਆਂ ਡੇਰਾ ਪ੍ਰੇਮੀਆਂ ਵੱਲ ਖੜ੍ਹੀਆਂ ਹਨ। ਅਚਾਨਕ ਡੇਰਾ ਪ੍ਰੇਮੀਆਂ ਦਾ ਗ਼ੁੱਸਾ ਫੁੱਟਿਆ ਤੇ ਉਨ੍ਹਾਂ ਗੱਡੀਆਂ ਭੰਨਣੀਆਂ ਸ਼ੁਰੂ ਕਰ ਦਿੱਤੀਆਂ। ਉਹ ਗੱਡੀਆਂ ਨੂੰ ਇਉਂ ਮੋਢਿਆਂ ‘ਤੇ ਚੁੱਕਦੇ ਹਨ, ਜਿਵੇਂ ਨਿਆਣਾ ਖਿਡੌਣਾ ਚੁੱਕਦਾ ਹੈ। ਸ਼ੀਸ਼ਿਆਂ ਦੇ ਪੈਂਦੇ ਕੜਾਕੇ ਦੂਰ ਤੱਕ ਪਹੁੰਚ ਰਹੇ ਹਨ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਉਨ੍ਹਾਂ ਵੱਲ ਪਾਣੀ ਦੀਆਂ ਬੁਛਾੜਾਂ ਸ਼ੁਰੂ ਕਰ ਦਿੱਤੀਆਂ। ਉਨ੍ਹਾਂ ‘ਤੇ ਬੁਛਾੜਾਂ ਦਾ ਕੋਈ ਅਸਰ ਨਹੀਂ। ਉਹ ਹੋਰ ਨੁਕਸਾਨ ਕਰਨ ਤੁਰ ਪਏ ਹਨ। ਪੁਲਿਸ ਨੇ ਅੱਥਰੂ ਗੈੱਸ ਦੇ ਗੋਲ਼ੇ ਛੱਡਣੇ ਸ਼ੁਰੂ ਕੀਤੇ ਹਨ। ਇੱਕ ਜ਼ੋਰਦਾਰ ਧਮਾਕਾ ਹੁੰਦਾ ਹੈ। ਡੇਰਾ ਪ੍ਰੇਮੀਆਂ ਵੱਲ ਧੂੰਆਂ ਹੀ ਧੂੰਆਂ ਹੋ ਰਿਹਾ। ਮੇਰੀਆਂ ਅੱਖਾਂ ਮੱਚ ਰਹੀਆਂ। ਪਰ ਪਤਾ ਨਹੀਂ ਕਿਉਂ ਉਨ੍ਹਾਂ ‘ਤੇ ਬਹੁਤਾ ਅਸਰ ਨਹੀਂ ਹੋ ਰਿਹਾ। ਉਹ ਬਹੁਤ ਵੱਡੀ ਗਿਣਤੀ ਵਿੱਚ ਹਨ।
ਉਹ ਪੁਲਿਸ ਵੱਲ ਵਧ ਰਹੇ ਹਨ। ਪੁਲਿਸ ਹਵਾਈ ਫਾਇਰ ਕੱਢਦੀ ਹੈ। ਸ਼ਾਇਦ ਉਨ੍ਹਾਂ ਦਾ ਮਕਸਦ ਸਿਰਫ਼ ਡੇਰਾ ਪ੍ਰੇਮੀਆਂ ਨੂੰ ਖਦੇੜਨਾ ਹੈ। ਡੇਰਾ ਪ੍ਰੇਮੀ ਸਿਰ ‘ਤੇ ਆ ਚੜ੍ਹੇ ਤਾਂ ਪੁਲਿਸ ਤੇ ਨੀਮ ਫ਼ੌਜੀ ਦਲ਼ਾਂ ਦੀਆਂ ਪਹਿਲੀਆਂ ਦੋ ਕਤਾਰਾਂ ਜੰਗਲੇ ਪਾਰ ਕਰਕੇ ਪ੍ਰੇਮੀਆਂ ‘ਤੇ ਟੁੱਟ ਪਈਆਂ। ਡੇਰਾ ਪ੍ਰੇਮੀ ਮੂਹਰੇ ਭੱਜ ਖਲੋਤੇ। ਪੱਤਰਕਾਰ ਲਗਾਤਾਰ ਕਵਰੇਜ ਕਰ ਰਹੇ ਹਨ। ਪਲ਼ ਪਲ਼ ਦੀ ਜਾਣਕਾਰੀ ਕੈਦ ਕਰਦੇ ਹਨ। ਫ਼ੋਟੋਆਂ ਖਿੱਚੀਆਂ ਜਾ ਰਹੀਆਂ। ਅਚਾਨਕ ਡੇਰਾ ਪ੍ਰੇਮੀ ਚੰਡਾਲ ਰੂਪ ਧਾਰ ਗਏ। ਉਹ ਪੁਲਿਸ ਤੇ ਫ਼ੌਜੀਆਂ ਨੂੰ ਅੱਗੋਂ ਪੈ ਨਿਕਲੇ। ਹੁਣ ਫ਼ੌਜੀ ਤੇ ਪੁਲਿਸ ਕਰਮਚਾਰੀ ਮੂਹਰੇ ਹਨ। ਅਸੀਂ ਸਾਰੇ ਘਬਰਾ ਗਏ ਹਾਂ। ਜਿਨ੍ਹਾਂ ਦੇ ਹੱਥਾਂ ਵਿੱਚ ਬੰਦੂਕਾਂ, ਡੰਡੇ ਹਨ, ਜਦ ਉਹ ਭੱਜ ਤੁਰੇ ਤਾਂ ਅਸੀਂ ਕੀਹਦੇ ਪਾਣੀਹਾਰ। ਬਹੁਤੇ ਪੱਤਰਕਾਰਾਂ ਨੇ ਸ਼ੂਟ ਵੱਟ ਲਈ। ਪੁਲਿਸ ਦੇ ਜਵਾਨਾਂ ਪੁਜ਼ੀਸ਼ਨਾਂ ਲੈ ਲਈਆਂ। ਅਸੀਂ ਇੱਕ ਸਰਕਾਰੀ ਇਮਾਰਤ ਦਾ ਸ਼ੀਸ਼ਾ ਤੋੜ ਕੇ ਅੰਦਰ ਲੁਕੇ ਹਾਂ। ਕਈ ਹੋਰ ਪੱਤਰਕਾਰ ਸਾਥੀ ਵੀ ਹਨ। ਸ਼ੀਸ਼ੇ ਵਿਚੋਂ ਸਭ ਦਿਸ ਰਿਹਾ।
ਡੇਰਾ ਪ੍ਰੇਮੀ ਦੀਆਂ ਅਸਮਾਨ ਗੁੰਜਾਊ ਅਵਾਜ਼ਾਂ ਕੰਨੀ ਪੈ ਰਹੀਆਂ। ਮੂਹਰਿਓਂ ਠਾਹ-ਠਾਹ ਦੀ ਅਵਾਜ਼ ਆ ਰਹੀ ਹੈ। ਅੱਧਾ ਘੰਟਾ ਠਾਹ-ਠੂਹ ਹੁੰਦੀ ਰਹੀ। ਅਚਾਨਕ ਅਵਾਜ਼ਾਂ ਘਟਣ ਲੱਗੀਆਂ। ਸ਼ਾਇਦ ਪ੍ਰੇਮੀ ਮੁੜ ਮੂਹਰੇ ਲੱਗ ਤੁਰੇ। ਅਸੀਂ ਸਹਿਮੇ ਹੋਏ ਹਾਂ। ਸਾਡਾ ਕੋਈ ਸਾਥੀ ਨਹੀਂ ਦਿਸ ਰਿਹਾ। ਸਾਹਮਣਿਓਂ ਉੱਡ ਰਿਹਾ ਧੂੰਆਂ ਅਸਮਾਨ ਨਾਲ ਗਲਵੱਕੜੀ ਪਾ ਰਿਹਾ। ਪ੍ਰੇਮੀਆਂ ਨੇ ਗੱਡੀਆਂ ਫ਼ੂਕ ਛੱਡੀਆਂ ਹਨ। ਇੱਕ ਘੰਟੇ ਮਗਰੋਂ ਸਾਨੂੰ ਪੁਲਿਸ ਦਿਸੀ ਤੇ ਅਸੀਂ ਥੱਲੇ ਉੱਤਰੇ। ਹੁਣ ਕੋਈ ਪ੍ਰੇਮੀ ਨਹੀਂ। ਸਿਰਫ਼ ਐਂਬੂਲੈਂਸਾਂ ਦੀਆਂ ਅਵਾਜ਼ਾਂ ਹਨ। ਲਹੂ ਭਿੱਜੀਆਂ ਐਂਬੂਲੈਂਸਾਂ। ਉਨ੍ਹਾਂ ਦੇ ਹੂਟਰ ਡਰਾਉਂਦੇ ਹਨ। ਕੋਈ ਕੁੱਝ ਦੱਸਣ ਲਈ ਤਿਆਰ ਨਹੀਂ, ਪਰ ਹਾਲਾਤ ਸਭ ਕੁੱਝ ਬਿਆਨ ਕਰ ਰਹੇ ਹਨ। ਸੜਕ ‘ਤੇ ਵੱਟੇ, ਡੰਡੇ ਤੇ ਕੁੱਝ ਕੁ ਪੈਟਰੋਲ ਦੀਆਂ ਬੋਤਲਾਂ ਪਈਆਂ ਦਿਸ ਰਹੀਆਂ।
ਅਸੀਂ ਪੈਦਲ ਨਿਕਲ ਪਏ। ਅਗਲੇ ਚੌਕ ਵਿੱਚ ਸਾਡੇ ਕੁੱਝ ਜਾਣਕਾਰ ਪੱਤਰਕਾਰ ਖੜ੍ਹੇ ਹਨ। ਉਹ ਦੱਸ ਰਹੇ ਹਨ ਕਿ ਮੌਤਾਂ ਦੀ ਗਿਣਤੀ ਦਸ ਤੋਂ ਵੱਧ ਹੋਈ ਹੈ। ਡੇਰਾ ਪ੍ਰੇਮੀਆਂ ਨੇ ਮਾਨਸਾ, ਮਲੋਟ ਤੇ ਕਈ ਹੋਰ ਥਾਈਂ ਅੱਗਾਂ ਲਾ ਦਿੱਤੀਆਂ ਹਨ। ਆਰਮੀ ਦੇ ਜਵਾਨ ਇੱਕ ਗੱਡੀ ‘ਤੇ ਲਾਲ ਰੰਗ ਦਾ ਉੱਚਾ ਝੰਡਾ ਲਾ ਕੇ ਫਲੈਗ ਮਾਰਚ ਕਰ ਰਹੇ ਹਨ। ਸ਼ਾਇਦ ਦੱਸ ਰਹੇ ਹਨ ਕਿ ਹੁਣ ਹਾਲਾਤ ਕਾਬੂ ਵਿੱਚ ਹਨ। ਚੌਕ ਵਿੱਚ ਵੀ ਕੰਡਿਆਲੀ ਤਾਰ ਲਾ ਦਿੱਤੀ ਗਈ ਹੈ। ਪੰਚਕੂਲੇ ਵਿੱਚੋਂ ਬਾਹਰ ਨਿਕਲਣ ਲਈ ਕੋਈ ਵਹੀਕਲ ਨਹੀਂ ਮਿਲਦਾ। ਨਾ ਬਾਹਰੋਂ ਕੋਈ ਅੰਦਰ ਆ ਸਕਦਾ। ਅਸੀਂ ਫਾਇਰ ਬ੍ਰਿਗੇਡ ਦੀ ਗੱਡੀ ‘ਤੇ ਬੈਠ ਕੇ ਅਗਲੇ ਚੌਕ ਤੱਕ ਪੁੱਜੇ ਤੇ ਜਿੱਥੋਂ ਅਗਲੇ ਟਿਕਾਣੇ ਲਈ ਚਾਲੇ ਪਾਏ ਹਨ।
ਆਥਣ ਦੇ ਸੱਤ ਵੱਜ ਚੁੱਕੇ ਹਨ। ਲਗਾਤਾਰ ਫ਼ੋਨ ਖੜਕ ਰਹੇ ਹਨ। ‘ਤੁਸੀਂ ਠੀਕ ਠਾਕ ਹੋ’, ‘ਬਚਾਅ ਹੋ ਗਿਆ।’ ਮੈਂ ਭਾਵੁਕ ਹਾਂ। ਕਿੰਨੇ ਲੋਕਾਂ ਦੀ ਅੱਖਾਂ ਸਾਹਮਣੇ ਜ਼ਿੰਦਗੀ ਚਲੀ ਗਈ। ਕਿੰਨਾ ਖ਼ਤਰਨਾਕ ਮਾਹੌਲ ਸੀ ਕੁੱਝ ਘੰਟੇ ਪਹਿਲਾਂ। ਅਚਾਨਕ ਕੀ ਹੋ ਗਿਆ ਸੀ ਸਭ ਨੂੰ। ਸਾਡੇ ਪੱਤਰਕਾਰ ਸਾਥੀਆਂ ਦਾ ਕੀ ਕਸੂਰ ਸੀ? ਉਨ੍ਹਾਂ ਦੀਆਂ ਗੱਡੀਆਂ ਕਿਉਂ ਫ਼ੂਕ ਦਿੱਤੀਆਂ। ਮੇਰੇ ਨਾਲ ਦੇ ਇੱਕ ਸਾਥੀ ਦੀ ਗੱਡੀ ਦਾ ਪਿੰਜਰ ਦਿਸ ਰਿਹਾ ਸੀ।
ਪਲ ਪਲ ਖ਼ਬਰਾਂ ਮਿਲ ਰਹੀਆਂ ਹਨ। ਮੌਤਾਂ ਦੀ ਗਿਣਤੀ ਪੰਦਰਾਂ, ਵੀਹ, ਪੱਚੀ ਹੋ ਗਈ। ਸੈਂਕੜੇ ਜ਼ਖ਼ਮੀ ਸਨ। ਪੰਚਕੂਲੇ ਦੇ ਹਸਪਤਾਲ ਵਿੱਚ ਮਰੀਜ਼ ਦਾਖ਼ਲ ਕਰਨ ਲਈ ਥਾਂ ਨਹੀਂ। ਡੇਰਾ ਪ੍ਰੇਮੀਆਂ ਨੂੰ ਲੱਭਿਆ ਜਾ ਰਿਹਾ। ਕਈਆਂ ਨੂੰ ਪੁਲਿਸ ਗ੍ਰਿਫ਼ਤਾਰ ਕਰ ਚੁੱਕੀ ਹੈ। ਕਈ ਦੂਰ ਪੈਦਲ ਜਾ ਰਹੇ ਹਨ। ਉਨ੍ਹਾਂ ਨੂੰ ਜ਼ਿੰਦਗੀ ਬਚਣ ਦੀ ਤਸੱਲੀ ਹੈ। ਉਹ ਕਈ ਕਿੱਲੋਮੀਟਰ ਤੁਰ ਕੇ ਵੀ ਨਹੀਂ ਥੱਕੇ।
ਰਾਤ ਦੇ ਬਾਰਾਂ ਵਜੇ ਘਰ ਪੁੱਜਾ ਹਾਂ। ਪੂਰੇ ਰਾਹ ਮਨ ਵਿੱਚ ਦਹਿਸ਼ਤ ਦਾ ਮਾਹੌਲ ਹੈ। ਅਗਲੀ ਸਵੇਰ ਅਖ਼ਬਾਰਾਂ ਖ਼ੂਨ ਨਾਲ ਛਪੀਆਂ ਪ੍ਰਤੀਤ ਹੁੰਦੀਆਂ ਹਨ। ਮੈਂ ਵਿਚਾਰਾਂ ਵਿੱਚ ਗੁਆਚਿਆ ਹੋਇਆਂ ਕਿ ਡੇਰਾਵਾਦ ਦੇ ਨਾਂ ‘ਤੇ ਇਹ ਕੇਹੀ ਕੱਟੜਤਾ? ਉਹ ਅਦਾਲਤ ਦੇ ਫ਼ੈਸਲੇ ਨੂੰ ਟਿੱਚ ਕਿਉਂ ਜਾਣਦੇ ਸਨ? ਕੀ ਡੇਰਾ ਮੁਖੀ ਅਦਾਲਤੀ ਫ਼ੈਸਲੇ ਤੋਂ ਵੀ ਉੱਪਰ ਸੀ? ਕੀ ਇਹ ਲੋਕ ਕਾਨੂੰਨ ਵਿੱਚ ਯਕੀਨ ਨਹੀਂ ਰੱਖਦੇ? ਇਨ੍ਹਾਂ ਦਾ ਪਾਰ ਉਤਾਰਾ ਕਰਨ ਵਾਲਾ ‘ਪਿਤਾ’ ਤਾਂ ਆਪ ਸੀਖਾਂ ਪਿੱਛੇ ਜਾ ਪਹੁੰਚਿਆ। ਉਹ ਸਾਰੇ ਲੋਕ ਅਨਪੜ੍ਹ ਤਾਂ ਨਹੀਂ ਸਨ। ਕਈ ਅੰਗਰੇਜ਼ੀ ‘ਚ ਵੀ ਗੱਲਾਂ ਕਰਦੇ ਸਨ। ਇਨ੍ਹਾਂ ਨੂੰ ਕੀ ਧੂੜਿਆ ਗਿਆ ਕਿ ਇਹ ਵਹਿਸ਼ੀ ਹੋ ਗਏ? ਇਨ੍ਹਾਂ ਦੇ ਆਪਣੇ ਸਿਰ ਕਿੱਧਰ ਗਏ? ਇਹ ਮਰਨ ਮਰਾਉਣ ‘ਤੇ ਕਿਉਂ ਉਤਰ ਆਏ? ਇਹ ਬਲਾਤਕਾਰੀ ਨੂੰ ਬਲਾਤਕਾਰੀ ਕਿਉਂ ਨਹੀਂ ਮੰਨਦੇ? ਇਹ ਕੇਹੀ ਅੰਨ੍ਹੀ ਭਗਤੀ ਹੈ? ਇਹ ਸਭ ਕਿੰਨਾ ਚਿਰ ਚੱਲੇਗਾ? ਜਿਹੜੇ ਮਾਰੇ ਗਏ, ਉਹ ਵੀ ਤਾਂ ਕਿਸੇ ਦੇ ਪਿਤਾ ਜੀ ਹੋਣਗੇ।
– ਸਵਰਨ ਸਿੰਘ ਟਹਿਣਾ
ਮੋ. 0091 98141-78883 , E-mail : swarntehna@gmail.com