‘ਡਾਲਰਾਂ ਦੀ ਬੁਘਨੀ’ ਨਾਟਕ ਨਾਲ ਅਮਰੀਕਾ ਦੇ ਟੈਕਸਾਸ ਸੂਬੇ ਦੇ ਫਰਿਸਕੋ ਸ਼ਹਿਰ ਵਿੱਚ ਪੰਜਾਬੀ ਰੰਗਮੰਚ ਦਾ ਆਗਾਜ਼ 

ਫਰਿਸਕੋ ਟੈਕਸਾਸ, 18 ਦਸੰਬਰ (ਹੁਸਨ ਲੜੋਆ ਬੰਗਾ) – ‘ਗਰਾਰੀ ਥੀਏਟਰ ਗਰੁੱਪ’ ਫਰਿਸਕੋ (ਡਾਲਸ ਸ਼ਹਿਰ ਨੇੜੇ) ਦੇ ਡਾਇਰੈਕਟਰ ਗਗਨਦੀਪ ਸਿੰਘ ਬਾਛਲ ਅਤੇ ਉਨ੍ਹਾਂ ਦੀ ਪਤਨੀ ਅਮਨਜੋਤ ਕੌਰ ਸੰਧੂ ਬਾਛਲ ਦੇ ਉੱਦਮਾਂ ਸਦਕਾ ਫਰਿਸਕੋ ਸ਼ਹਿਰ ਦੇ ਸੈਨਟੇਨਿਅਲ ਹਾਈ ਸਕੂਲ ਦੇ ਆਡੀਟੋਰੀਅਮ ਵਿੱਚ ‘ਡਾਲਰਾਂ ਦੀ ਬੁਘਨੀ’ ਨਾਟਕ ਦਾ ਮੰਚਨ ਕੀਤਾ ਗਿਆ, ਨਾਟਕ ਦਾ ਵਿਸ਼ਾ-ਵਸਤੂ ਚੰਗੇਰੇ ਭਵਿੱਖ ਦੀ ਆਸ ਵਿੱਚ ਆਪਣੇ ਮਾਂ-ਬਾਪ, ਜ਼ਮੀਨਾਂ ਅਤੇ ਇੱਥੋਂ ਤੱਕ ਸਰਕਾਰੀ ਨੌਕਰੀਆਂ ਛੱਡ ਅਮਰੀਕਾ ਤੁਰ ਗਏ ਦੋ ਭਰਾਵਾਂ ਦੀ ਕਹਾਣੀ ਨੂੰ ਬਿਆਨ ਕਰਦਾ ਹੈ। ਨਾਟਕ ਵਿੱਚ ਪਿੱਛੇ ਰਹਿ ਗਏ ਬੁੱਢੇ ਮਾਪਿਆਂ ਦੇ ਦੁੱਖਾਂ ਦਰਦਾਂ ਦੀ ਕਹਾਣੀ ਦੇ ਨਾਲ ਨਵੇਂ ਦੇਸ਼ ਵਿੱਚ ਜਾ ਕੇ ਪਰਵਾਸ ਦੀ ਸਮੱਸਿਆ ਤੇ ਨਵੇਂ ਰੁਜ਼ਗਾਰ ਲਈ ਧੱਕੇ-ਧੋੜਿਆਂ ਤੋਂ ਇਲਾਵਾ ਅਮਰੀਕਾ ਵਿੱਚ ਜਾ ਕੇ ਨਵੀਂ ਪੀੜ੍ਹੀ ਦੇ ਭਵਿੱਖ ਨੂੰ ਪੰਦਰਾਂ ਪਾਤਰਾਂ ਦੀ ਮਦਦ ਨਾਲ ਬੁਣਿਆ ਗਿਆ ਹੈ। ਇਸ ਨਾਟਕ ਦੀ ਸਫ਼ਲ ਪੇਸ਼ਕਾਰੀ ਗਗਨਦੀਪ ਦੇ ਨਾਟਕ-ਨਿਰਦੇਸ਼ਨ ਅਤੇ ਅਮਨਜੋਤ ਦੇ ਸਿਰਜਨਾਤਮਕ ਕਲਾ ਨਿਰਦੇਸ਼ਨ ਰਾਹੀਂ ਸੰਭਵ ਹੋ ਸਕੀ ਹੈ। ਨਾਟਕ ਦੇ ਮੁੱਖ ਕਿਰਦਾਰ ਅਮਰੀਕ ਦਾ ਰੋਲ ਗਗਨਦੀਪ ਸਿੰਘ ਬਾਛਲ ਨੇ ਬਾਖ਼ੂਬੀ ਨਿਭਾਇਆ ਹੈ।

ਇਸ ਨਾਟਕ ਦੇ ਹੋਰ ਕਲਾਕਾਰ-ਸੁਖ, ਰਮਨ, ਇੰਦਰ, ਹਰਜਸ, ਅਰਸ਼, ਮਨਵੀਰ, ਗੌਰਵ, ਸਿਧਾਰਥ, ਲੀਸਾ, ਕਾਇਰਾ, ਤਲਵੀਰ, ਜਸਵੀਨ, ਰੂਹਾਨ, ਜਸਮਨ ਹਨ। ਇਸ ਨਾਟਕ ਦੇ ਬਾਕੀ ਟੀਮ ਮੈਂਬਰਾਂ ਵਿਚੋਂ ਜਿੱਥੇ ਪ੍ਰਭਜੋਤ ਕੌਰ ਸੰਧੂ ਨੇ ਬੈਕਗਰਾਊਂਡ ਸਾਊਂਡ ਅਤੇ ਅਲਾਪ ਦੀ ਪੇਸ਼ਕਾਰੀ ਬਾਖ਼ੂਬੀ ਨਿਭਾਈ, ਉੱਥੇ ਤ੍ਰਿਭਵਨ ਸਿੰਘ ਸੰਧੂ ਨੇ ‘ਡਾਲਰਾਂ ਦੀ ਬੁਘਨੀ’ ਵਿੱਚ ਗ੍ਰਾਫ਼ਿਕ ਡਿਜ਼ਾਈਨਰ ਵਜੋਂ ਕਲਾਤਮਕ ਕੰਮ ਕੀਤਾ ਤੇ ਮਨੀਤ ਕੌਰ ਬੰਬਾਹ ਨੇ ਕਾਸਟਿਊਮ ਤੇ ਸੈੱਟ ਡਿਜ਼ਾਈਨ ਵਿੱਚ ਮਦਦ ਕੀਤੀ। ਨਾਟਕ ਦੇ ਕਲਾਕਾਰ ਛੇ ਸਾਲ ਦੀ ਉਮਰ ਤੋਂ ਲੈ ਕੇ ੪੫ ਸਾਲ ਦੀ ਉਮਰ ਤਕ ਦੇ ਸਨ। ‘ਡਾਲਰਾਂ ਦੀ ਬੁਘਨੀ’ ਨਾਟਕ ਮੰਚਨ ਹਿੰਦੂ, ਮੁਸਲਿਮ, ਸਿੱਖ, ਈਸਾਈ ਸਮਾਜਾਂ ਦਾ ਸੰਗਮ ਹੋ ਨਿੱਬੜਿਆ। ਪੰਜਾਬੀ ਕਾਰੋਬਾਰੀਆਂ ਵੱਲੋਂ ਸਪੌਂਸਰ ਕਰਨ ਤੇ ਦਰਸ਼ਕਾਂ ਲਈ ਐਂਟਰੀ ਫ਼ਰੀ ਰੱਖੀ ਗਈ। ਅੰਗਰੇਜ਼ ਸਿੰਘ, ਪੈਨੀ ਸਿੱਧੂ, ਬੌਬੀ ਸੰਧੂ, ਜਗਜੀਤ ਮਾਂਗਟ, ਅਜਮੇਰ ਸਿੰਘ, ਦਵਿੰਦਰ ਸਿੰਘ, ਡੀ ਸੀ ਬੁੱਟਰ, ਅੰਮ੍ਰਿਤ ਵਿਰਕ, ਜੋਗਾ ਸੰਧੂ, ਪ੍ਰਦੀਪ ਸਿੰਘ, ਹਰਜੀਤ ਢੇਸੀ, ਸੁਰਿੰਦਰ ਬੇਕਰ, ਸ਼ੇਰਾ ਰੰਧਾਵਾ, ਮਨਵੀਰ ਸਿੰਘ, ਸੁਰਿੰਦਰ ਥਿੰਦ, ਰੋਹਿਤ ਅਤੇ ਕ੍ਰਿਸ ਓਲੀਘ ਇਸ ਦੇ ਸਪੌਂਸਰ ਸਨ। ਇਨ੍ਹਾਂ ਦੁਆਰਾ ਖੇਡੇ ਗਏ ਨਾਟਕ ‘ਬੁੱਕਲ ਦੀ ਅੱਗ’ ਨੇ ਯੂਨੀਵਰਸਿਟੀ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ।