ਅਮਰੀਕਾ’ ਚ ਫਲੋਰੀਡਾ ਦੇ ਸਕੂਲ ਵਿੱਚ ਗੋਲੀਬਾਰੀ, 17 ਲੋਕਾਂ ਦੀ ਮੌਤ

ਪਾਰਕਲੈਂਡ (ਅਮਰੀਕਾ), 15 ਫਰਵਰੀ – 14 ਫਰਵਰੀ ਦਿਨ ਬੁੱਧਵਾਰ ਨੂੰ ਅਮਰੀਕਾ ਇੱਕ ਵਾਰ ਮੁੜ ਗੋਲੀਆਂ ਦੀ ਅਵਾਜ਼ ਨਾਲ ਹਿੱਲ ਗਿਆ। ਇੱਕ ਬੰਦੂਕਧਾਰੀ ਨੇ ਫਲੋਰੀਡਾ ਦੇ ਹਾਈ ਸਕੂਲ ਵਿੱਚ ਅੰਨ੍ਹੇਵਾਹ ਗੋਲੀਆਂ ਚਲਾਈਆਂ ਜਿਸ ਵਿੱਚ ਘੱਟ ਤੋਂ ਘੱਟ 17 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ।  ਗੋਲੀਬਾਰੀ ਦੇ ਦੌਰਾਨ ਵਿਦਿਆਰਥੀ ਬੁਰੀ ਤਰ੍ਹਾਂ ਡਰ ਕੇ ਚੀਕਣ ਲੱਗੇ। ਉਨ੍ਹਾਂ ਨੇ ਆਪਣੇ ਮਿੱਤਰਾਂ ਅਤੇ ਪਰਵਾਰ ਦੇ ਲੋਕਾਂ ਨੂੰ ਮਦਦ ਲਈ ਸੁਨੇਹੇ ਭੇਜਣੇ ਸ਼ੁਰੂ ਕਰ ਦਿੱਤੇ।
ਏਬੀਸੀ ਨਿਊਜ਼ ਨੇ ਮੌਕਾ-ਏ-ਵਾਰਦਾਤ ਉੱਤੇ ਮੌਜੂਦ ਦੋ ਅਧਿਕਾਰੀਆਂ ਦੇ ਹਵਾਲੇ ਤੋਂ ਦੱਸਿਆ ਕਿ ਇਸ ਹਮਲੇ ਵਿੱਚ 15 ਲੋਕ ਮਾਰੇ ਗਏ ਹਨ। ਉੱਥੇ ਹੀ ਸੀਐਨਐਨ ਖ਼ਬਰ ਏਜੰਸੀ ਨੇ ਮਰਨੇ ਵਾਲਿਆਂ ਦੀ ਗਿਣਤੀ 16 ਦੱਸੀ ਹੈ, ਜਦੋਂ ਕਿ ਮਰਨ ਵਾਲਿਆਂ ਦੀ ਗਿਣਤੀ 17 ਹੋ ਗਈ ਦੱਸੀ ਜਾ ਰਹੀ ਹੈ।
ਸ਼ੇਰਿਫ (ਜ਼ਿਲ੍ਹੇ ਦੇ ਪ੍ਰਮੁੱਖ ਅਧਿਕਾਰੀ) ਨੇ ਦੱਸਿਆ ਕਿ ਸ਼ੱਕੀ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਹਿਰਾਸਤ ਵਿੱਚ ਲਏ ਗਏ ਸ਼ੱਕੀ ਦੀ ਉਮਰ 19 ਸਾਲਾ ਦੱਸੀ ਜਾ ਰਹੀ ਹੈ। ਇਹ ਘਟਨਾ ਪਾਰਕਲੈਂਡ ਦੇ ਮਾਰਜਰੀ ਸਟੋਨਮੈਨ ਡਗਲੱਸ ਹਾਈ ਸਕੂਲ ਵਿੱਚ ਹੋਈ। ਇਹ ਸ਼ਹਿਰ ਮਿਆਮੀ ਤੋਂ 80 ਕਿੱਲੋਮੀਟਰ ਉੱਤਰ ਦੇ ਵੱਲ ਹੈ।
ਇਸ ਸਾਲ ਅਮਰੀਕਾ ਵਿੱਚ ਗੋਲੀਬਾਰੀ ਦੀਆਂ ਕਈ ਘਟਨਾਵਾਂ ਹੋਈਆਂ ਹਨ। ਇਸ ਦੇ ਬਾਅਦ ਦੇਸ਼ ਵਿੱਚ ਹਥਿਆਰ ਰੱਖਣ ਨੂੰ ਲੈ ਕੇ ਬਣੇ ਕਨੂੰਨ ਉੱਤੇ ਮੁੜ ਤੋਂ ਬਹਿਸ ਸ਼ੁਰੂ ਹੋ ਸਕਦੀ ਹੈ। ਦੇਸ਼ ਵਿੱਚ ਹਰ ਸਾਲ 33 ਹਜ਼ਾਰ ਲੋਕ ਬੰਦੂਕ ਨਾਲ ਜੁੜੀਆਂ ਘਟਨਾਵਾਂ  ਕਰਕੇ ਮੌਤ ਦਾ ਸ਼ਿਕਾਰ ਬਣਦੇ ਹਨ।
ਸ਼ੇਰਿਫ ਦੇ ਆਫ਼ਿਸ ਨੇ ਦੱਸਿਆ ਕਿ 14 ਜ਼ਖ਼ਮੀ ਲੋਕਾਂ ਨੂੰ ਸਥਾਨਕ ਹਸਪਤਾਲ ਵਿੱਚ ਲੈ ਜਾਇਆ ਗਿਆ ਹੈ। ਇਸ ਤੋਂ ਪਹਿਲਾਂ ਖ਼ਬਰ ਆਈ ਸੀ ਕਿ ਇਸ ਹਮਲੇ ਵਿੱਚ 20 ਤੋਂ 50 ਲੋਕ ਜ਼ਖ਼ਮੀ ਹੋਏ ਹਨ।
ਪਾਰਕਲੈਂਡ ਦੀ ਮੇਅਰ ਕ੍ਰਿਸਟੀਨ ਹੰਸਚਾਫਸਕੀ ਨੇ ਸੀਐਨਐਨ ਨੂੰ ਕਿਹਾ ਕਿ ਇਹ ਸਾਡੇ ਸਭ ਦੇ ਲਈ ਬਹੁਤ ਦੁਖਦ ਸਮਾਂ ਹੈ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਕਈ ਵਿਦਿਆਰਥੀਆਂ ਨਾਲ ਗੱਲ ਕੀਤੀ ਹੈ, ਵਿਦਿਆਰਥੀ ਬੁਰੀ ਤਰ੍ਹਾਂ ਡਰੇ ਹੋਏ ਸਨ। ਜਦੋਂ ਉਹ ਬਾਹਰ ਆਏ ਤਾਂ ਸਦਮੇ ਵਿੱਚ ਸਨ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਇਸ ਮੌਕੇ ਉੱਤੇ ਟਵੀਟ ਕਰਕੇ ਆਪਣੀ ਹਮਦਰਦੀ ਜਤਾਈਂ। ਉਨ੍ਹਾਂ ਨੇ ਕਿਹਾ ਕਿ ਮੇਰੀ ਪ੍ਰਾਰਥਨਾਵਾਂ ਅਤੇ ਸੰਵੇਦਨਾਵਾਂ ਫਲੋਰੀਡਾ ਵਿੱਚ ਹੋਈ ਗੋਲੀਬਾਰੀ ਵਿੱਚ ਪੀੜਤਾਂ ਦੇ ਨਾਲ ਹਨ।
ਗੰਨ ਕੰਟਰੋਲ ਦੀ ਮੁਹਿੰਮ ਚਲਾ ਰਹੇ ਇੱਕ ਐਨਜੀਓ ਦੇ ਮੁਤਾਬਿਕ, ਜਨਵਰੀ 2013 ਤੋਂ ਦੇਸ਼ ਭਰ ਦੇ ਸਕੂਲਾਂ ਵਿੱਚ ਗੋਲੀਬਾਰੀ ਦੀ ਘੱਟ ਤੋਂ ਘੱਟ 283 ਘਟਨਾਵਾਂ ਹੋ ਚੁੱਕੀਆਂ ਹਨ। ਇਸ ਦਾ ਮਤਲਬ ਹੈ ਕਿ ਔਸਤਨ ਹਰ ਹਫ਼ਤੇ ਇੱਕ ਸਕੂਲ ਵਿੱਚ ਗੋਲੀਬਾਰੀ ਹੁੰਦੀ ਹੈ।