ਅਮਰੀਕਾ ‘ਚ ਸਿੱਖਾਂ ਬਾਰੇ ਜਾਗਰੂਕਤਾ ਮੁਹਿੰਮ ਦੇ ਸਾਰਥਿਕ ਸਿੱਟੇ ਸਾਹਮਣੇ ਆਏ

ਵਾਸ਼ਿੰਗਟਨ – ਅਮਰੀਕੀਆਂ ਨੂੰ ਸਿੱਖ ਧਰਮ ਬਾਰੇ ਜਾਣਕਾਰੀ ਦੇਣ ਲਈ 13 ਲੱਖ ਡਾਲਰਾਂ ਨਾਲ ਸ਼ੁਰੂ ਕੀਤੀ ਜਾਗਰੂਕਤਾ ਮੁਹਿੰਮ ਦੇ ਸਾਰਥਿਕ ਸਿੱਟੇ ਸਾਹਮਣੇ ਆਉਣ ਲੱਗੇ ਹਨ। ਮਹੀਨਾ ਭਰ ਚੱਲੀ ਇਹ ‘ਵੂਈ ਆਰ ਸਿੱਖਸ’ (ਅਸੀਂ ਸਿੱਖ ਹਾਂ) ਇਸ਼ਤਿਹਾਰ ਜਾਗਰੂਕਤਾ ਮੁਹਿੰਮ ਵਿਸਾਖੀ ਮੌਕੇ 14 ਅਪ੍ਰੈਲ ਨੂੰ ਗੈਰ-ਲਾਭਕਾਰੀ ਸੰਗਠਨ ‘ਨੈਸ਼ਨਲ ਸਿੱਖ ਕੰਪੇਨ’ ਨੇ ਸ਼ੁਰੂ ਕੀਤੀ ਸੀ।
ਸਰਵੇਖਣ ਫਰਿਜ਼ਨੋ ਅਤੇ ਕੈਲੇਫੋਰਨੀਆ ‘ਚ ਕਰਵਾਇਆ ਗਿਆ ਜਿੱਥੇ ਹਜ਼ਾਰਾਂ ਸਿੱਖ ਰਹਿੰਦੇ ਹਨ ਅਤੇ ਜਿੱਥੇ ਪਿਛਲੇ ਕੁੱਝ ਸਾਲਾਂ ਦੌਰਾਨ ਅਮਰੀਕੀ ਸਿੱਖਾਂ ਨਾਲ ਵਾਰ-ਵਾਰ ਹਿੰਸਾ ਵਾਪਰੀ, ਜਿਸ ਦੌਰਾਨ ਹਾਲੀਆ ਕੁੱਝ ਮਹੀਨਿਆਂ ‘ਚ 2 ਮੌਤਾਂ ਵੀ ਹੋਈਆਂ।
ਫਰੈਜ਼ਨੋ (ਕੈਲੇਫੋਰਨੀਆ) ਵਿੱਚ ਕੀਤੇ ਸਰਵੇਖਣ ਮੁਤਾਬਿਕ ਇਸ ਮੁਹਿੰਮ ਨਾਲ ਸਿੱਖ ਧਰਮ ਬਾਰੇ ਉਸਾਰੂ ਸੂਝ-ਬੂਝ ਵਧੀ ਹੈ। ਫਰੈਜ਼ਨੋ ਵਿੱਚ ਹਜ਼ਾਰਾਂ ਸਿੱਖ ਰਹਿੰਦੇ ਹਨ ਅਤੇ ਪਿਛਲੇ ਕੁੱਝ ਸਾਲਾਂ ਤੋਂ ਇੱਥੇ ਸਿੱਖ ਅਮਰੀਕੀਆਂ ਨੂੰ ਹਿੰਸਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮੁਹਿੰਮ ਤਹਿਤ ਫਰੈਜ਼ਨੋ ਵਿੱਚ ਜ਼ਮੀਨੀ ਪੱਧਰ ‘ਤੇ ਕੋਸ਼ਿਸ਼ਾਂ, ਟੈਲੀਵਿਜ਼ਨ ਇਸ਼ਤਿਹਾਰਾਂ, ਡਿਜੀਟਲ ਇਸ਼ਤਿਹਾਰਾਂ ਅਤੇ ਖ਼ਬਰਾਂ ਦਾ ਸਹਾਰਾ ਲਿਆ ਗਿਆ। ਸੀਐਨਐਨ ਅਤੇ ਫੌਕਸ ਨਿਊਜ਼ ਉੱਤੇ ਦੇਸ਼ ਭਰ ਵਿੱਚ ਚੱਲੀ ਇਸ ਮੁਹਿੰਮ ਦੌਰਾਨ ਸਿੱਖਾਂ ਨੂੰ ਮਾਣਮੱਤੇ ਅਮਰੀਕੀਆਂ ਅਤੇ ਚੰਗੇ ਗੁਆਂਢੀਆਂ ਵਜੋਂ ਪੇਸ਼ ਕਰਦੇ ਇਸ਼ਤਿਹਾਰ ਦਿਖਾਏ ਗਏ।
ਸਰਵੇਖਣ ਅਨੁਸਾਰ ਫਰੈਜ਼ਨੋ ਨਿਵਾਸੀਆਂ ਦੇ 59 ਫੀਸਦੀ ਸਪਸ਼ਟ ਬਹੁਮਤ ਹੈ ਕਿ ਉਹ ਸਿੱਖਾਂ ਬਾਰੇ ਕੁੱਝ ਨਾ ਕੁੱਝ ਜਾਣਦੇ ਹਨ। 60 ਫੀਸਦੀ ਨੇ ਸਿੱਖਾਂ ਨੂੰ ਚੰਗਾ ਗੁਆਂਢੀ ਅਤੇ 64 ਫੀਸਦੀ ਨੇ ਸਿੱਖਾਂ ਨੂੰ ਉਦਾਰ ਅਤੇ ਦਿਆਲੂ ਦੇ ਰੂਪ ‘ਚ ਵੇਖਿਆ। ਸਰਵੇਖਣ ਅਨੁਸਾਰ 57 ਫੀਸਦੀ ਫਰੈਜ਼ਨੋ ਨਿਵਾਸੀਆਂ ਅਨੁਸਾਰ ਪੱਗ ਬੰਨ੍ਹਣ ਅਤੇ ਦਾੜ੍ਹੀ ਵਾਲੇ ਆਦਮੀ ਸਿੱਖ ਹਨ। ਜਦੋਂ ਕਿ 67 ਫੀਸਦੀ ਫਰੈਜ਼ਨੋ ਨਿਵਾਸੀ ਮੰਨਦੇ ਹਨ ਕਿ ਸਿੱਖ ਬਰਾਬਰਤਾ ਅਤੇ ਸਭ ਦੇ ਸਨਮਾਨ ‘ਚ ਯਕੀਨ ਰੱਖਦੇ ਹਨ। 60 ਫੀਸਦੀ ਲੋਕਾਂ ਅਨੁਸਾਰ ਸਿੱਖ ਅਮਰੀਕੀ ਕਦਰਾਂ-ਕੀਮਤਾਂ ਦੀ ਪਾਲਣਾ ਵੀ ਕਰਦੇ ਹਨ। ‘ਹਾਰਟ ਰਿਸਰਚ’ ਦੇ ਪ੍ਰਧਾਨ ਜਿਓਫ਼ ਗਰੀਨ ਨੇ ਕਿਹਾ ਕਿ ਤਣਾਅਪੂਰਨ ਸਬੰਧਾਂ ਅਤੇ ਇਕ ਅਤਿਅੰਤ ਧਰੁਵੀ ਸਿਆਸੀ ਮਾਹੌਲ ਦੇ ਬਾਵਜੂਦ ਅਸੀਂ ਸਿੱਖਾਂ ਦੇ ਬਾਰੇ ਅਮਰੀਕੀਆਂ ਨੂੰ ਜਾਗਰੂਕ ਕਰਨ ‘ਚ ਅੱਗੇ ਵਧਣ ਵਿਚ ਕਾਮਯਾਬ ਹੋ ਰਹੇ ਹਾਂ। ਜੋ ਆਮ ਤੌਰ ‘ਤੇ ਉਨ੍ਹਾਂ ਦੀ ਪਗੜੀ ਅਤੇ ਦਾੜ੍ਹੀ ਤੋਂ ਪਛਾਣੇ ਜਾ ਸਕਦੇ ਹਨ।