ਐਨਡੀਏ ਨੇ ਕੋਵਿੰਦ ਨੂੰ ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ ਐਲਾਨਿਆ

ਨਵੀਂ ਦਿੱਲੀ, 19 ਜੂਨ – ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਉੱਤਰ ਪ੍ਰਦੇਸ਼ ਦੇ ਦਲਿਤ ਆਗੂ 71 ਸਾਲਾ ਸ੍ਰੀ ਰਾਮ ਨਾਥ ਕੋਵਿੰਦ ਨੂੰ ਰਾਸ਼ਟਰਪਤੀ ਚੋਣ ਲਈ ਐਨਡੀਏ ਦਾ ਉਮੀਦਵਾਰ ਐਲਾਨ ਦਿੱਤਾ। ਸ੍ਰੀ ਰਾਮ ਨਾਥ ਕੋਵਿੰਦ ਇਸ ਵੇਲੇ ਬਿਹਾਰ ਦੇ ਰਾਜਪਾਲ ਹਨ। ਭਾਜਪਾ ਨੇ ਇਹ ਫ਼ੈਸਲਾ ਅਚਾਨਕ ਸੱਦੀ ਪਾਰਟੀ ਦੇ ਸੰਸਦੀ ਬੋਰਡ ਦੀ ਮੀਟਿੰਗ ਤੋਂ ਬਾਅਦ ਲਿਆ। ਪਾਰਟੀ ਪ੍ਰਧਾਨ ਅਮਿਤ ਸ਼ਾਹ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਰਾਮ ਨਾਥ ਕੋਵਿੰਦ ਨੇ ਹਮੇਸ਼ਾ ਦਲਿਤਾਂ ਤੇ ਦੂਜੇ ਪਛੜੇ ਵਰਗਾਂ ਦੀ ਭਲਾਈ ਲਈ ਕੰਮ ਕੀਤਾ ਹੈ। ਉਨ੍ਹਾਂ ਉਮੀਦ ਜ਼ਾਹਿਰ ਕੀਤੀ ਹੈ ਕਿ ਸ੍ਰੀ ਕੋਵਿੰਦ ਨੂੰ ਸਾਰੀਆਂ ਵਿਰੋਧੀ ਪਾਰਟੀਆਂ ਦੀ ਹਮਾਇਤ ਵੀ ਹਾਸਲ ਹੋਵੇਗੀ। ਵੈਸੇ, ਕਾਂਗਰਸ ਨੇ ਵਿਰੋਧੀ ਧਿਰ ਵੱਲੋਂ ਉਮੀਦਵਾਰ ਉਤਾਰੇ ਜਾਣ ਦਾ ਸੰਕੇਤ ਦਿੱਤਾ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਦੇਸ਼ ਦੌਰੇ ਤੋਂ ਰਵਾਨਾ ਹੋਣ ਤੋਂ ਪਹਿਲਾਂ ਸ੍ਰੀ ਕੋਵਿੰਦ ਵੱਲੋਂ 23 ਜੂਨ ਨੂੰ ਨਾਮਜ਼ਦਗੀ ਭਰੇ ਜਾਣ ਦੇ ਆਸਾਰ ਹਨ। ਸ੍ਰੀ ਕੋਵਿੰਦ ਨੂੰ ਇਸੇ ਦੌਰਾਨ ਟੀਆਰਐੱਸ, ਵਾਈਐੱਸਆਰ ਕਾਂਗਰਸ, ਅੰਨਾ ਡੀਐਮਕੇ ਦੇ ਦੋਵੇਂ ਧੜਿਆਂ ਨੇ ਹਮਾਇਤ ਦੇਣ ਦਾ ਐਲਾਨ ਕਰ ਦਿੱਤਾ ਹੈ ਜਦੋਂ ਕਿ ਐਨਡੀਏ ਦੇ ਕਈ ਭਾਈਵਾਲ ਜਿਵੇਂ ਐਲਜੇਪੀ, ਆਰਐਲਐੱਸਪੀ, ਟੀਡੀਪੀ, ਆਰਪੀਆਈ ਤੇ ਅਕਾਲੀ ਦਲ ਪਹਿਲਾਂ ਹੀ ਹਮਾਇਤ ਐਲਾਨ ਚੁੱਕੇ ਹਨ। ਐਨਡੀਏ ਵੱਲੋਂ ਤਿਆਰ ਨਾਮਜ਼ਦਗੀ ਦੇ ਚਾਰ ਸੈੱਟਾਂ ਵਿੱਚੋਂ ਦੋ ਦੀ ਅਗਵਾਈ ਅਕਾਲੀ ਦਲ ਦੇ ਪ੍ਰਕਾਸ਼ ਸਿੰਘ ਬਾਦਲ ਤੇ ਟੀਡੀਪੀ ਦੇ ਐਨ. ਚੰਦਰਬਾਬੂ ਨਾਇਡੂ ਨੇ ਹੀ ਕੀਤੀ ਹੈ। ਸ੍ਰੀ ਕੋਵਿੰਦ ਦੀ ਚੋਣ ਲਗਭਗ ਤੈਅ ਮੰਨੀ ਜਾ ਰਹੀ ਹੈ ਤੇ ਉਹ ਦੇਸ਼ ਦੇ 14ਵੇਂ ਤੇ ਸ੍ਰੀ ਕੇ.ਆਰ. ਨਰਾਇਣਨ ਤੋਂ ਬਾਅਦ ਦੂਜੇ ਦਲਿਤ ਰਾਸ਼ਟਰਪਤੀ ਹੋ ਸਕਦੇ ਹਨ। ਜ਼ਿਕਰਯੋਗ ਹੈ ਕਿ 17 ਜੁਲਾਈ ਨੂੰ ਦੇਸ਼ ਦੇ ਨਵੇਂ ਰਾਸ਼ਟਰਪਤੀ ਲਈ ਚੋਣ ਹੋਣੀ ਹੈ।