ਗਊ ਰੱਖਿਆ ਦੇ ਨਾਂਅ ਉੱਤੇ ਹੱਤਿਆਵਾਂ ਮਨਜ਼ੂਰ ਨਹੀਂ – ਪ੍ਰਧਾਨ ਮੰਤਰੀ ਮੋਦੀ

ਅਹਿਮਦਾਬਾਦ, 29 ਜੂਨ – ਇੱਥੇ ਮਹਾਤਮਾ ਗਾਂਧੀ ਦੇ ਸਾਬਰਮਤੀ ਆਸ਼ਰਮ ਦੀ ਸ਼ਤਾਬਦੀ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗਊ ਰੱਖਿਅਕਾਂ ਨੂੰ ਸਖ਼ਤ ਸ਼ਬਦਾਂ ਵਿੱਚ ਸੁਨੇਹਾ ਦਿੰਦੇ ਹੋਏ ਕਿਹਾ ਕਿ ਗਊ ਰੱਖਿਆ ਦੇ ਨਾਂ ਉੱਤੇ ਲੋਕਾਂ ਦੀ ਹੱਤਿਆ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਚੇਤਾਵਨੀ ਦਿੱਤੀ ਕਿ ਕਿਸੇ ਨੂੰ ਵੀ ਕਾਨੂੰਨ ਆਪਣੇ ਹੱਥਾਂ ਵਿੱਚ ਲੈਣ ਦਾ ਅਧਿਕਾਰ ਨਹੀਂ ਹੈ।
ਇੱਥੇ ਜਨਤਕ ਇਕੱਠ ਦੌਰਾਨ ਸ੍ਰੀ ਮੋਦੀ ਨੇ ਕਿਹਾ ਕਿ ‘ਗਊ ਭਗਤੀ’ ਦੇ ਨਾਂਅ ਉੱਤੇ ਹਿੰਸਾ ਵਿੱਚ ਸ਼ਮੂਲੀਅਤ ਪੂਰੀ ਤਰ੍ਹਾਂ ਰਾਸ਼ਟਰ ਪਿਤਾ ਦੇ ਅਸੂਲਾਂ ਖ਼ਿਲਾਫ਼ ਹੈ। ਗਊ ਰੱਖਿਆ ਦੇ ਨਾਂ ਉੱਤੇ ਹਿੰਸਾ ਤੇ ਭੀੜ ਵੱਲੋਂ ਕੁੱਟਮਾਰ ਦੀਆਂ ਵਧੀਆਂ ਘਟਨਾਵਾਂ ਉੱਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਨਾਲ ਕੁੱਝ ਵੀ ਹਾਸਲ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਅੱਜ ਮੈਂ ਜੋ ਇੱਥੇ ਸਾਬਰਮਤੀ ਆਸ਼ਰਮ ਵਿੱਚ ਹਾਂ ਤਾਂ ਮੈਂ ਆਪਣੀ ਨਾਖ਼ੁਸ਼ੀ ਤੇ ਦਰਦ ਦਾ ਇਜ਼ਹਾਰ ਕਰਨਾ ਚਾਹੁੰਦਾ ਹਾਂ। ਗੌਰਤਲਬ ਹੈ ਕਿ ਪ੍ਰਧਾਨ ਮੰਤਰੀ ਦਾ ਇਹ ਬਿਆਨ ਦੇਸ਼ ਵਿੱਚ ਗਊ ਰੱਖਿਅਕਾਂ ਵੱਲੋਂ ਲੋਕਾਂ ਉੱਤੇ ਕੀਤੇ ਹਮਲੇ ਦੇ ਵਿਰੋਧ ਵਿੱਚ ਹੋਏ ਪ੍ਰਦਰਸ਼ਨ ਤੋਂ ਬਾਅਦ ਆਇਆ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ, ‘ਇਹ ਉਹ ਮੁਲਕ ਹੈ, ਜਿਸ ਵਿੱਚ ਕੀੜੀਆਂ, ਅਵਾਰਾ ਕੁੱਤਿਆਂ ਤੇ ਮੱਛੀਆਂ ਦਾ ਢਿੱਡ ਭਰਨ ਦੀ ਰਵਾਇਤ ਹੈ। ਇਹ ਉਹ ਮੁਲਕ ਹੈ, ਜਿੱਥੇ ਮਹਾਤਮਾ ਗਾਂਧੀ ਨੇ ਸਾਨੂੰ ਅਹਿੰਸਾ ਦਾ ਪਾਠ ਪੜ੍ਹਾਇਆ। ਸਾਨੂੰ ਕੀ ਹੋ ਗਿਆ ਹੈ?’ ਜੇਕਰ ਅਸਫਲ ਆਪ੍ਰੇਸ਼ਨ ਕਾਰਨ ਕੋਈ ਮਰੀਜ਼ ਮਰ ਜਾਂਦਾ ਹੈ ਤਾਂ ਉਸ ਦੇ ਰਿਸ਼ਤੇਦਾਰ ਹਸਪਤਾਲ ਨੂੰ ਅੱਗ ਲਗਾ ਦਿੰਦੇ ਹਨ ਅਤੇ ਡਾਕਟਰਾਂ ਦੀ ਕੁੱਟਮਾਰ ਕਰਦੇ ਹਨ। ਹਾਦਸਾ ਸਿਰਫ਼ ਹਾਦਸਾ ਹੈ। ਜੇਕਰ ਹਾਦਸੇ ‘ਚ ਲੋਕ ਮਰਦੇ ਜਾਂ ਜ਼ਖ਼ਮੀ ਹੁੰਦੇ ਹਨ ਤਾਂ ਲੋਕਾਂ ਦੀ ਭੀੜ ਵਾਹਨਾਂ ਨੂੰ ਅੱਗ ਲਾਉਣ ਲੱਗ ਜਾਂਦੀ ਹੈ। ਉਨ੍ਹਾਂ ਕਿਹਾ ਕਿ ਮਹਾਤਮਾ ਗਾਂਧੀ ਤੇ ਵਿਨੋਬਾ ਭਾਵੇ ਵਾਂਗ ਕੋਈ ਵੀ ਗਊ ਰੱਖਿਆ ਨਹੀਂ ਕਰ ਸਕਦਾ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਆਓ ਸਾਰੇ ਮਿਲ ਕੇ ਚੱਲੀਏ ਤੇ ਮਹਾਤਮਾ ਗਾਂਧੀ ਦੇ ਸੁਪਨਿਆਂ ਦੇ ਭਾਰਤ ਦਾ ਨਿਰਮਾਣ ਕਰੀਏ। ਅਜਿਹਾ ਭਾਰਤ ਬਣਾਈਏ ਜਿਸ ‘ਤੇ ਸਾਡੇ ਆਜ਼ਾਦੀ ਘੁਲਾਟੀਏ ਮਾਣ ਕਰ ਸਕਣ।