ਚੀਨ ਦੇ ਨੋਬੇਲ ਇਨਾਮ ਜੇਤੂ ਲਿਊ ਸ਼ੀਓਬੋ ਦਾ ਦਿਹਾਂਤ

ਸ਼ੇਨਯਾਂਗ, 13 ਜੁਲਾਈ – ਇੱਥੇ ਚੀਨ ਦੇ ਨੋਬੇਲ ਇਨਾਮ ਜੇਤੂ ਕਾਰਕੁਨ ਲਿਉ ਸ਼ੀਓਬੋ (61) ਦੀ ਹਿਰਾਸਤ ਦੌਰਾਨ ਹਸਪਤਾਲ ਵਿੱਚ ਮੌਤ ਹੋ ਗਈ। ਸ਼ੀਓਬੋ ਨੂੰ ਜਿਗਰ ਦਾ ਕੈਂਸਰ ਸੀ ਅਤੇ ਉਸ ਨੂੰ ਅਜੇ ਪਿਛਲੇ ਮਹੀਨੇ ਹੀ ਜੇਲ੍ਹ ‘ਚੋਂ ਸਖ਼ਤ ਸੁਰੱਖਿਆ ਪ੍ਰਬੰਧ ਵਾਲੇ ਸ਼ੇਨਯਾਂਗ ਦੇ ਚਾਇਨਾ ਮੈਡੀਕਲ ਯੂਨੀਵਰਸਿਟੀ ਦੇ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਸੀ। ਲਿਊ ਜਰਮਨ ਦੇ ਪੈਸੀਫਿਸਟ ਕਾਰਨ ਵੋਨ ਓਸਾਇਜ਼ਕੀ ਤੋਂ ਬਾਅਦ ਦੂਜਾ ਨੋਬੇਲ ਇਨਾਮ ਜੇਤੂ ਹੈ ਜਿਸ ਦੀ ਹਸਪਤਾਲ ‘ਚ ਹਿਰਾਸਤ ਦੌਰਾਨ ਮੌਤ ਹੋਈ ਹੈ। ਲਿਊ ਨੇ 1989 ਵਿੱਚ ਪੇਈਚਿੰਗ ਦੇ ਤਿਆਨਮੈੱਨ ਸਕੁਏਅਰ ਵਿੱਚ ਪ੍ਰਦਰਸ਼ਨਾਂ ਦੌਰਾਨ ਅਹਿਮ ਭੂਮਿਕਾ ਨਿਭਾਈ ਸੀ। ਜ਼ਿਕਰਯੋਗ ਹੈ ਕਿ ਮਨੁੱਖੀ ਅਧਿਕਾਰ ਕਾਰਕੁਨ ਲਿਊ ਨੂੰ ਚੀਨ ਦੀ ਸੱਤਾਧਾਰੀ ਕਮਿਊਨਿਸਟ ਪਾਰਟੀ ਨੇ ਆਪਣੀ ਆਲੋਚਨਾ ਲਈ 11 ਸਾਲ ਦੀ ਸਜ਼ਾ ਸੁਣਾਈ ਸੀ ਤੇ ਉਹ 8 ਸਾਲ ਤੋਂ ਜੇਲ੍ਹ ‘ਚ ਬੰਦ ਸਨ।