ਟਰੰਪ ਵੱਲੋਂ ਸੁਰੱਖਿਆ ਕੌਂਸਲ ‘ਚ ਭਾਰਤ ਦੀ ਸਥਾਈ ਮੈਂਬਰਸ਼ਿਪ ਦੀ ਹਮਾਇਤ

ਵਾਸ਼ਿੰਗਟਨ, 27 ਜੂਨ – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਕੌਂਸਲ ਵਿੱਚ ਪੱਕੀ ਸੀਟ ਸਮੇਤ ਐਨਐੱਸਜੀ ਵਰਗੇ ਹੋਰ ਬਹੁਪੱਖੀ ਕੌਮਾਂਤਰੀ ਅਦਾਰਿਆਂ ਦੀ ਸਥਾਈ ਮੈਂਬਰਸ਼ਿਪ ਲਈ ਭਾਰਤੀ ਮੁਹਿੰਮ ਦੀ ਹਮਾਇਤ ਕੀਤੀ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਹਮਾਇਤ ਲਈ ਸ੍ਰੀ ਟਰੰਪ ਦਾ ਧੰਨਵਾਦ ਕੀਤਾ। ਇਸੇ ਤਰ੍ਹਾਂ ਚੀਨ ਤੇ ਪਾਕਿਸਤਾਨ ਦੇ ਆਰਥਿਕ ਕਾਰੀਡੋਰ ਅਤੇ ਚੀਨ ਦੀ ਬੈਲਟ ਤੇ ਰੋਡ ਪਹਿਲਕਦਮੀ (ਬੀਆਰਆਈ) ਦੇ ਮੁੱਦੇ ਉੱਤੇ ਵੀ ਸ੍ਰੀ ਟਰੰਪ ਨੇ ਭਾਰਤ ਦੀ ਹਮਾਇਤ ਕਰਦਿਆਂ ਕਿਹਾ ਹੈ ਕਿ ਅਜਿਹੇ ਖੇਤਰੀ ਆਰਥਿਕ ਸੰਪਰਕ ਭਾਵੇਂ ਜ਼ਰੂਰੀ ਹਨ ਪਰ ਇਸ ਮੌਕੇ ਪ੍ਰਭੂ ਸੱਤਾ ਅਤੇ ਇਲਾਕਾਈ ਅਖੰਡਤਾ ਦਾ ਧਿਆਨ ਜ਼ਰੂਰ ਰੱਖਿਆ ਜਾਣਾ ਚਾਹੀਦਾ ਹੈ। ਮੋਦੀ ਅਤੇ ਟਰੰਪ ਦੀ ਮੀਟਿੰਗ ਤੋਂ ਬਾਅਦ ਭਾਰਤ-ਅਮਰੀਕਾ ਦੇ ਸਾਂਝੇ ਬਿਆਨ ਵਿੱਚ ਕਿਹਾ ਗਿਆ ਕਿ ਰਾਸ਼ਟਰਪਤੀ ਟਰੰਪ ਨੇ ਸੁਰੱਖਿਆ ਕੌਂਸਲ ਵਿੱਚ ਭਾਰਤੀ ਦੀ ਸਥਾਈ ਮੈਂਬਰਸ਼ਿਪ ਦੀ ਹਮਾਇਤ ਕੀਤੀ ਹੈ।
ਐਚ-1ਬੀ ਵੀਜ਼ੇ ਬਾਰੇ ਨਹੀਂ ਹੋਈ ਗੱਲਬਾਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਮਰੀਕਾ ਦੌਰੇ ਦੌਰਾਨ ਮੰਨਿਆ ਜਾ ਰਿਹਾ ਸੀ ਕਿ ਮੋਦੀ ਟਰੰਪ ਨਾਲ ਮੁਲਾਕਾਤ ਦੌਰਾਨ ਐਚ-1ਬੀ ਵੀਜ਼ੇ ਦੇ ਮੁੱਦੇ ਨੂੰ ਚੁੱਕ ਸਕਦੇ ਹਨ ਪਰ ਦੋਹਾਂ ਆਗੂਆਂ ਵਿਚਾਲੇ ਐਚ-1ਬੀ ਵੀਜ਼ੇ ਦੇ ਮਾਮਲੇ ਵਿੱਚ ਕੋਈ ਗੱਲਬਾਤ ਨਹੀਂ ਹੋਈ। ਇਸ ਸੰਬੰਧੀ ਜਦੋਂ ਵਿਦੇਸ਼ ਸਕੱਤਰ ਐਸ. ਜੈਸ਼ੰਕਰ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਸ ਮੁੱਦੇ ‘ਤੇ ਵਿਸ਼ੇਸ਼ ਤੌਰ ‘ਤੇ ਗੱਲਬਾਤ ਨਹੀਂ ਹੋਈ, ਹਾਲਾਂਕਿ ਵਪਾਰਕ ਆਗੂਆਂ ਤੇ ਦੋਵੇਂ ਆਗੂਆਂ ਵਿਚਾਲੇ ਡਿਜ਼ੀਟਲ ਭਾਈਵਾਲੀ ਬਾਰੇ ਕਾਫ਼ੀ ਚਰਚਾ ਹੋਈ ਹੈ। ਜ਼ਿਕਰਯੋਗ ਹੈ ਕਿ ਦੋਹਾਂ ਆਗੂਆਂ ਦੀ ਮੀਟਿੰਗ ਤੋਂ ਬਾਅਦ ਭਾਰਤ-ਅਮਰੀਕਾ ਦੇ ਸਾਂਝੇ ਬਿਆਨ ਵਿੱਚ ਵੀ ਐਚ-1ਬੀ ਵੀਜ਼ੇ ਬਾਰੇ ਕੋਈ ਜ਼ਿਕਰ ਨਹੀਂ ਕੀਤਾ ਗਿਆ। ਵਾਈਟ ਹਾਊਸ ਨੇ ਹਾਲਾਂਕਿ ਤੱਥ ਆਧਾਰਤ ਸ਼ੀਟ ਜਾਰੀ ਕਰਦਿਆਂ ਕਿਹਾ ਹੈ ਕਿ ਸਿਲੀਕਾਨ ਵੈਲੀ ‘ਚ ਆਏ ਤਕਨੀਕੀ ਇਨਕਲਾਬ ਵਿੱਚ ਭਾਰਤੀ-ਅਮਰੀਕੀਆਂ ਦਾ ਨਵੀਆਂ ਕਾਢਾਂ ਤੇ ਉਦਯੋਗਾਂ ‘ਚ ਅਹਿਮ ਯੋਗਦਾਨ ਰਿਹਾ ਹੈ ਤੇ ਵੈਲੀ ਵਿੱਚ ਸ਼ੁਰੂ ਹੋਏ ਨਵੇਂ ਪ੍ਰਾਜੈਕਟਾਂ ‘ਚੋਂ 15 ਫੀਸਦ ਦੀ ਨੀਂਹ ਉਨ੍ਹਾਂ ਨੇ ਰੱਖੀ ਹੈ। ਅਮਰੀਕਾ ਵਿੱਚ 40 ਲੱਖ ਦੇ ਕਰੀਬ ਭਾਰਤੀ-ਅਮਰੀਕੀ ਰਹਿੰਦੇ ਹਨ ਜਦੋਂ ਕਿ ਸੱਤ ਲੱਖ ਅਮਰੀਕੀ ਨਾਗਰਿਕ ਭਾਰਤ ਵਿੱਚ ਹਨ।