ਡੇਰਾ ਵਿਵਾਦ ਦੇ ਮੱਦੇ ਨਜ਼ਰ ਪ੍ਰਵਾਸੀ ਪੰਜਾਬੀਆਂ ਨੇ ਕੀਤੀ ਅੰਮ੍ਰਿਤਸਰ ਅੰਤਰ-ਰਾਸ਼ਟਰੀ ਹਵਾਈ ਅੱਡੇ ਤੋਂ ਸਿੱਧੀਆਂ ਉਡਾਣਾਂ ਦੀ ਪੁਰਜ਼ੋਰ ਮੰਗ

ਅੰਮ੍ਰਿਤਸਰ, 28 ਅਗਸਤ – ਹਰਿਆਣਾ ਦੀਆਂ ਹਿੰਸਕ ਵਾਰਦਾਤਾਂ ਨੂੰ ਵੇਖਦੇ ਹੋਏ, ਪ੍ਰਵਾਸੀ ਪੰਜਾਬੀਆਂ ਨੇ ਸ੍ਰੀ ਗੁਰੂ ਰਾਮਦਾਸ ਜੀ ਅੰਤਰ-ਰਾਸ਼ਟਰੀ ਹਵਾਈ ਅੱਡਾ, ਅੰਮ੍ਰਿਤਸਰ ਤੋਂ ਯੂਰਪ, ਕੈਨੇਡਾ, ਅਮਰੀਕਾ ਤੇ ਹੋਰਨਾਂ ਮੁਲਕਾਂ ਨੂੰ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਦੀ ਪੁਰਜ਼ੋਰ ਮੰਗ ਕੀਤੀ ਹੈ। ਜਦੋਂ ਵੀ ਹਰਿਆਣਾ ਵਿੱਚ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਸਰਕਾਰ ਵੱਲੋਂ ਸੜਕੀ ਅਤੇ ਰੇਲ ਸੇਵਾਵਾਂ ਠੱਪ ਕਰ ਦਿੱਤੀਆਂ ਜਾਂਦੀਆਂ ਹਨ, ਜਿਸ ਨਾਲ ਦਿੱਲੀ ਹਵਾਈ ਅੱਡੇ ਤੋਂ ਪ੍ਰਵਾਸੀਆਂ ਦਾ ਪੰਜਾਬ ਪਹੁੰਚਣਾ ਬੜਾ ਜੋਖ਼ਮ ਭਰਿਆ ਹੋ ਜਾਂਦਾ ਹੈ। ਜਾਟ ਅੰਦੋਲਨ ਤੋਂ ਬਾਦ ਹੁਣ ਡੇਰਾ ਸਿਰਸਾ ਦੇ ਮੁਖੀ ਨੂੰ ਸਜ਼ਾ ਸੁਣਾਏ ਜਾਣ ਪਿੱਛੋਂ ਹਿੰਸਕ ਘਟਨਾਵਾਂ ਨੇ ਇਕ ਵਾਰ ਫਿਰ ਸਿੱਧ ਕਰ ਦਿੱਤਾ ਹੈ ਕਿ ਪੰਜਾਬੀਆਂ ਲਈ ਹਰਿਆਣੇ ਵਿਚੋਂ ਲੰਘਣਾ ਖ਼ਤਰੇ ਤੋਂ ਖ਼ਾਲੀ ਨਹੀਂ। ਦਿੱਲੀ ਹਵਾਈ ਅੱਡੇ ਤੋਂ ਆਉਣ ਤੇ ਜਾਣ ਵਾਲੇ ਯਾਤਰੀਆਂ ਵਿੱਚ 40% ਦੇ ਕਰੀਬ ਪੰਜਾਬ, ਜੰਮੂ ਕਸ਼ਮੀਰ ਤੇ ਹਿਮਾਚਲ ਪ੍ਰਦੇਸ਼ ਆਦਿ ਸੂਬਿਆਂ ਤੋਂ ਹੁੰਦੇ ਹਨ। ਇਸ ਲਈ ਲੋੜ ਹੈ ਕਿ ਅੰਮ੍ਰਿਤਸਰ ਤੋਂ ਜਿੱਥੇ ਏਅਰ ਇੰਡੀਆ ਤੇ ਜੈੱਟ ਏਅਰਵੇਜ਼ ਸਿੱਧੀਆਂ ਅੰਤਰ-ਰਾਸ਼ਟਰੀ ਉਡਾਣਾਂ ਸ਼ੁਰੂ ਕਰਨ, ਉੱਥੇ ਵਿਦੇਸ਼ਾਂ ਦੀਆਂ ਹਵਾਈ ਕੰਪਨੀਆਂ ਜਿਵੇਂ ਐਮੀਰੇਟਸ, ਏਤੀਹਾਦ, ਫਲਾਈ ਦੁਬਈ, ਓਮਾਨ ਏਅਰ, ਟਰਕਿਸ਼ ਤੇ ਹੋਰਨਾਂ ਨੂੰ ਆਗਿਆ ਦਿੱਤੀ ਜਾਵੇ।
ਪ੍ਰਵਾਸੀ ਪੰਜਾਬੀ ਅਤੇ ਅੰਮ੍ਰਿਤਸਰ ਵਿਕਾਸ ਮੰਚ ਦੇ ਵਿਦੇਸ਼ ਸਕੱਤਰ ਸਮੀਪ ਸਿੰਘ ਗੁਮਟਾਲਾ ਨੇ ਇਸ ਸੰਬੰਧੀ ਫਲਾਈ ਦੁਬਈ, ਓਮਾਨ ਏਅਰ ਅਤੇ ਕਤਰ ਏਅਰਵੇਜ਼ ਨਾਲ ਗੱਲਬਾਤ ਵੀ ਕੀਤੀ ਹੈ। ਇਨ੍ਹਾਂ ਦੀਆਂ ਉਡਾਣਾਂ ਦੁਨੀਆ ਦੇ ਬਹੁਤ ਸਾਰੇ ਮੁਲਕਾਂ ਨੂੰ ਜਾਂਦੀਆਂ ਹਨ। ਇਨ੍ਹਾਂ ਹਵਾਈ ਕੰਪਨੀਆਂ ਦਾ ਕਹਿਣਾ ਹੈ ਕਿ ਉਹ ਅੰਮ੍ਰਿਤਸਰ ਨੂੰ ਉਡਾਣਾਂ ਸ਼ੁਰੂ ਕਰਨ ਵਾਸਤੇ ਤਿਆਰ ਹਨ ਪਰ ਭਾਰਤ ਨਾਲ ਹਵਾਈ ਸਮਝੌਤੇ ਤਹਿਤ ਉਹ ਦੁਬਈ ਅਤੇ ਮਸਕਟ ਤੋਂ ਅੰਮ੍ਰਿਤਸਰ ਵਾਸਤੇ ਉਡਾਣਾਂ ਨਹੀਂ ਭਰ ਸਕਦੇ। ਦੋਵੇਂ ਮੁਲਕਾਂ ਦੇ ਸਮਝੌਤੇ ਅਨੁਸਾਰ ਉਨ੍ਹਾਂ ਦੀਆਂ ਹਰ ਹਫ਼ਤੇ ਦੀਆਂ ਸੀਟਾਂ ਵੀ ਪੂਰੀਆਂ ਹੋ ਚੁੱਕੀਆਂ ਹਨ ਅਤੇ ਭਾਰਤ ਸਰਕਾਰ ਯੂ.ਏ.ਈ. ਅਤੇ ਭਾਰਤ ਵਿਚਕਾਰ ਸੀਟਾਂ ਵਧਾਣ ਨੂੰ ਤਿਆਰ ਨਹੀਂ ਹੈ। ਇਹ ਸਭ ਕੁੱਝ ਭਾਰਤ ਦੀਆਂ ਹਵਾਈ ਕੰਪਨੀਆਂ ਦੇ ਦਬਾਅ ਹੇਠ ਕੀਤਾ ਜਾ ਰਿਹਾ ਹੈ। ਇਹੀ ਕਾਰਨ ਕਤਰ ਏਅਰਵੇਜ਼ ਨੇ ਦਿੱਤਾ ਹੈ ਜੋ ਕਿ ਇੱਥੋਂ ਇਕ ਹੋਰ ਉਡਾਣ ਸ਼ੁਰੂ ਕਰਨ ਨੂੰ ਤਿਆਰ ਹੈ ਪਰ ਭਾਰਤ ਸਰਕਾਰ ਉਨ੍ਹਾਂ ਨੂੰ ਇਜਾਜ਼ਤ ਨਹੀਂ ਦੇ ਰਹੀ।
ਇਸ ਸਮੇਂ ਅੰਮ੍ਰਿਤਸਰ ਤੋਂ ਤੁਰਕਮੇਨੀਸਤਾਨ, ਉਜ਼ਬੇਕਿਸਤਾਨ, ਸਕੂਟ, ਮਲਿਡੋਂ, ਸਪਾਈਸ ਜੈੱਟ, ਏਅਰ ਇੰਡੀਆ ਐਕਸਪ੍ਰੈੱਸ ਤੇ ਕਤਰ ਏਅਰਵੇਜ਼ ਦੀਆਂ ਸਿੱਧੀਆਂ ਉਡਾਣਾਂ ਚਲਦੀਆਂ ਹਨ ਜੋ ਕਿ ਭਰੀਆਂ ਜਾਂਦੀਆਂ ਹਨ। ਮੰਗ ਬਹੁਤ ਜ਼ਿਆਦਾ ਹੋਣ ਕਰਕੇ ਪੰਜਾਬੀਆਂ ਨੂੰ ਇਨ੍ਹਾਂ ਉਡਾਣਾਂ ਵਿੱਚ ਸੀਟਾਂ ਨਹੀਂ ਮਿਲਦੀਆਂ ਤੇ ਉਨ੍ਹਾਂ ਨੂੰ ਮਜਬੂਰ ਹੋ ਕੇ ਦਿੱਲੀ ਖੱਜਲ-ਖ਼ੁਆਰ ਹੋਣਾ ਪੈਂਦਾ ਹੈ। ਤਰਾਸਦੀ ਇਹ ਹੈ ਕਿ ਪੰਜਾਬ ਤੋਂ ਏਨੀ ਵੱਡੀ ਗਿਣਤੀ ਹੋਣ ਦੇ ਬਾਵਜੂਦ ਵੀ ਏਅਰ ਇੰਡੀਆ ਤੇ ਜੈੱਟ ਏਅਰਵੇਜ਼ ਇੱਥੋਂ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਨੂੰ ਤਿਆਰ ਨਹੀਂ। ਮੰਚ ਵੱਲੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਸਿੱਧੀਆਂ ਉਡਾਣਾਂ ਵਾਸਤੇ ਪਾਈ ਲੋਕ ਹਿਤ ਪਟੀਸ਼ਨ ਦੇ ਜਵਾਬ ਵਿੱਚ ਉਨ੍ਹਾਂ ਨੇ ਇੱਥੋਂ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਤੋਂ ਕੋਰੀ ਨਾਂਹ ਕਰ ਦਿੱਤੀ ਹੈ। ਇਕ ਪਾਸੇ ਭਾਰਤ ਸਰਕਾਰ ਦੂਜੇ ਮੁਲਕਾਂ ਦੀਆਂ ਹਵਾਈ ਕੰਪਨੀਆਂ ਨੂੰ ਆਗਿਆ ਨਹੀਂ ਦੇ ਰਹੀ ਤੇ ਦੂਜੇ ਪਾਸੇ ਜੈੱਟ ਤੇ ਏਅਰ ਇੰਡੀਆ ਇੱਥੋਂ ਉਡਾਣਾਂ ਸ਼ੁਰੂ ਨਾ ਕਰਕੇ ਪੰਜਾਬੀਆਂ ਨਾਲ ਸਰਾਸਰ ਧੱਕਾ ਕਰ ਰਹੀਆਂ ਹਨ।
ਮੰਚ ਦੇ ਪ੍ਰਧਾਨ ਕੁਲਵੰਤ ਸਿੰਘ ਅਣਖੀ ਨੇ ਪੰਜਾਬ ਦੀਆਂ ਸਾਰੀਆਂ ਰਾਜਨੀਤਕ ਪਾਰਟੀਆਂ ਨੂੰ ਆਪਣੇ ਮਤ-ਭੇਦ ਭੁੱਲਾ ਕੇ ਸਾਂਝੇ ਤੌਰ ‘ਤੇ ਸਿੱਧੀਆਂ ਉਡਾਣਾਂ ਸ਼ੁਰੂ ਕਰਾਉਣ ਲਈ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨਾਲ ਗੱਲਬਾਤ ਕਰਨ ਦੀ ਅਪੀਲ ਕੀਤੀ ਹੈ। ਹੈਰਾਨੀ ਵਾਲੀ ਗੱਲ ਹੈ ਕਿ ਇੰਗਲੈਂਡ ਦੇ ਮੈਂਬਰ ਪਾਰਲੀਮੈਂਟ ਸ. ਤਨਮਨਜੀਤ ਸਿੰਘ ਢੇਸੀ ਨੇ ਆਪਣੀ ਭਾਰਤੀ ਫੇਰੀ ਦੌਰਾਨ ਸ਼ਹਿਰੀ ਹਵਾਬਾਜ਼ੀ ਮੰਤਰੀ ਅਤੇ ਹੋਰ ਮੰਤਰੀਆਂ ਨੂੰ ਮਿਲ ਕੇ ਅੰਮ੍ਰਿਤਸਰ ਤੋਂ ਏਅਰ ਇੰਡੀਆ ਦੀਆ ਲੰਡਨ ਅਤੇ ਬਰਮਿੰਘਮ ਨੂੰ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਦੀ ਮੰਗ ਕੀਤੀ ਹੈ ਪਰ ਅਫ਼ਸੋਸ ਹੈ ਕਿ ਪੰਜਾਬ ਦੀ ਕਿਸੇ ਵੀ ਰਾਜਨੀਤਕ ਪਾਰਟੀ ਦੇ ਏਜੰਡੇ ‘ਤੇ ਇਹ ਹਵਾਈ ਅੱਡਾ ਨਹੀਂ ਹੈ।
(ਜਾਰੀ ਕਰਤਾ ਕੁਲਵੰਤ ਸਿੰਘ ਅਣਖੀ ankhi53@gmail.com ਅਤੇ ਸਮੀਪ ਸਿੰਘ ਗੁਮਟਾਲਾ (ਅਮਰੀਕਾ),  sameep.singh@gmail.com