ਨਿਰਮਲ ਜੌੜਾ ਦਾ ਨਿਊਜ਼ੀਲੈਂਡ ਪੰਜਾਬੀ ਮੀਡੀਆ ਵੱਲੋਂ ਸਨਮਾਨ

ਆਕਲੈਂਡ, 23 ਜੂਨ – ‘ਤੁਹਾਨੂੰ (ਪਰਵਾਸੀਆਂ) ਨੂੰ ਸਥਾਨਕ ਭਾਈਚਾਰੇ ਦੇ ਸਭਿਆਚਾਰ ਨਾਲ ਵੀ ਸਾਂਝ ਪਾਉਣੀ ਹੀ ਪੈਣੀ ਹੈ, ਉਸ ਤੋਂ ਬਿਨਾ ਗੁਜ਼ਾਰਾ ਨਹੀਂ’ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ. ਨਿਰਮਲ ਸਿੰਘ ਜੌੜਾ (ਡਾਇਰੈਕਟਰ ਯੂਥ ਵੈੱਲਫੇਅਰ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ) ਨੇ ਸਥਾਨਕ ਪੰਜਾਬੀ ਮੀਡੀਆ ਵੱਲੋਂ ਉਨ੍ਹਾਂ ਦੇ ਸਨਮਾਨ ਵਿੱਚ ਰੱਖੇ ਗਏ ਰਾਤ ਦੇ ਖਾਣੇ ਸਮੇਂ ਕਹੇ। ਆਪਣੀ ਨਿੱਜੀ ਫੇਰੀ ਉੱਤੇ ਨਿਊਜ਼ੀਲੈਂਡ ਆਏ ਸ. ਜੌੜਾ ਜੀ ਨੇ ਕਿਹਾ ਕਿ ਪੱਗੜੀ ਸਾਡੀ ਪਹਿਚਾਣ ਹੈ ਤੇ ਇਸ ਦੀ ਮਹੱਤਤਾ ਸਾਨੂੰ ਦੇਸ਼ ਦੇ ਸਥਾਨਕ ਲੋਕਾਂ ਨੂੰ ਸਮਝਾਉਣੀ ਪਵੇਗੀ।
ਸਨਮਾਨ ਸਮਾਗਮ ਦੀ ਆਰੰਭਤਾ ਸ੍ਰੀ ਨਰਿੰਦਰ ਸਿੰਗਲਾ ਜੀ ਨੇ ਸ. ਨਿਰਮਲ ਜੌੜਾ ਜੀ ਨੂੰ ‘ਜੀ ਆਇਆ’ ਕਹਿਣ ਨਾਲ ਕੀਤੀ ਅਤੇ ਦੱਸਿਆ ਕਿ ਸ. ਜੌੜਾ ਜੀ ਨਾਲ ਉਨ੍ਹਾਂ ਦੀ ਸਾਂਝ ਬਚਪਨ ਤੋਂ ਹੀ ਹੈ। ਉਪਰੰਤ ਸ. ਪਰਮਿੰਦਰ ਸਿੰਘ ਪਾਪਾਟੋਏਟੋਏ ਨੇ ਪਿਛਲੇ ਦਿਨੀਂ ਵਿੱਛੜੀਆਂ ਸਾਹਿਤਕ ਰੂਹਾਂ ਨਾਟਕਕਾਰ ਪ੍ਰੋ. ਅਜਮੇਰ ਸਿੰਘ ਔਲਖ, ਲੇਖਿਕਾ ਕੈਲਾਸ਼ ਪੁਰੀ (ਇੰਗਲੈਂਡ) ਅਤੇ ਇਕਬਾਲ ਰਾਮੂਵਾਲੀਆ (ਕੈਨੇਡਾ) ਨੂੰ ਸ਼ਰਧਾਂਜਲੀ ਦੇਣ ਤੋਂ ਬਾਅਦ ਸ. ਨਿਰਮਲ ਸਿੰਘ ਜੌੜਾ ਜੀ ਦੇ ਸਾਹਿਤਕ ਜੀਵਨ ਉੱਪਰ ਛੇਤੀ ਦੇਣੀ ਝਾਤ ਮਾਰੀ। ਉਪਰੰਤ ਸ. ਨਿਰਮਲ ਜੌੜਾ ਜੀ ਨੇ ਜੁੜੇ ਸੱਜਣਾਂ ਨੂੰ ਸੰਖੇਪ ਵਿੱਚ ਆਪਣੇ ਬਾਰੇ ਅਤੇ ਪੰਜਾਬੀ ਰੰਗ ਮੰਚ ਤੇ ਨਾਲ ਹੀ ਆਪਣੇ ਵਿਦੇਸ਼ੀ ਤਜਰਬੇ ਵੀ ਸਾਂਝੇ ਕੀਤੇ। ਇਸ ਮੌਕੇ ਸ. ਜੌੜਾ ਜੀ ਨੇ ਵਿਚਾਰ ਚਰਚਾ ਦੌਰਾਨ ਪੁੱਛੇ ਸਵਾਲਾਂ ਦੇ ਜਵਾਬ ਵੀ ਦਿੱਤੇ ਅਤੇ ਕਿਹਾ ਕਿ ਵਿਦੇਸ਼ਾਂ ਵਿੱਚ ਬੈਠ ਪਰਵਾਸੀ ਨੇ ਪੰਜਾਬ ਦੀ ਭਲਾਈ ਲਈ ਬਹੁਤ ਕੁੱਝ ਕੀਤਾ ਅਤੇ ਅੱਗੇ ਵੀ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਸਭਿਆਚਾਰ ਵਿੱਚ ਸਮੇਂ ਦੇ ਨਾਲ-ਨਾਲ ਤਬਦੀਲੀਆਂ ਹੁੰਦੀਆਂ ਰਹਿੰਦੀਆਂ ਹਨ, ਜੀਵੇਂ ਸਾਡੇ ਬਜ਼ੁਰਗਾਂ ਵੱਲੋਂ ਘੜੀਆਂ ਪੁਰਾਤਨ ਖੇਡਾਂ ਸਾਨੂੰ ਕੁੱਝ ਸਿੱਖਿਆ ਦਿੰਦੀਆਂ ਸਨ ਠੀਕ ਉਸੇ ਹੀ ਤਰ੍ਹਾਂ ਅੱਜ ਦੀ ਤਕਨਾਲੋਜੀ ਨਵੀਂ ਜਨਰੇਸ਼ਨ ਨੂੰ ਨਵੇਂ ਢੰਗ ਨਾਲ ਜਿਊਣ ਦੀ ਜਾਚ ਸਿਖਾਉਂਦੀ ਹੈ ਬੱਸ ਲੋੜ ਹੈ ਸਹੀ ਰਾਹ ਅਪਣਾਉਣ ਦੀ। ਪੰਜਾਬੀ ਭਾਸ਼ਾ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਸ. ਜੌੜਾ ਜੀ ਨੇ ਕਿਹਾ ਕਿ ਪੰਜਾਬੀ ਭਾਸ਼ਾ ਦੇ ਭਵਿੱਖ ਬਾਰੇ ਫ਼ਿਕਰਾਂ ਕਰਨ ਦੀ ਲੋੜ ਨਹੀਂ ਬੱਸ ਇਸ ਦੀ ਅਸਲ ਬਣਤਰ ਤੇ ਅਰਥਾਂ ਨੂੰ ਸਾਂਭੀ ਰੱਖਣ ਦੀ ਲੋੜ ਹੈ, ਹਾਂ ਇਹ ਜ਼ਰੂਰ ਹੈ ਕਿ ਅਸੀਂ ਹਾਲੇ ਤਕ ਵੀ ਪੰਜਾਬੀ ਨੂੰ ਕਿੱਤਾ ਮੁਖੀ ਤੇ ਸਕੂਲੀ ਵਿੱਦਿਆ ਦਾ ਮਾਧਿਅਮ ਨਹੀਂ ਬਣਾ ਸੱਕੇ। ਸ. ਜੌੜਾ ਜੀ ਨਾਲ ਐਗਰੀਕਲਚਰ ਯੂਨੀਵਰਸਿਟੀ ਵਿੱਚ ਨਾਲ ਰਹੇ ਡਾ. ਕਮਲ ਮਹਿੰਦਰਾ, ਤਰਨਦੀਪ ਦਿਓਲ ਅਤੇ ਨਵਤੇਜ ਰੰਧਾਵਾ ਨੇ ਵੀ ਜੌੜਾ ਜੀ ਦੇ ਸਨਮਾਨ ਵਿੱਚ ਆਪਣੇ ਵਿਚਾਰ ਰੱਖੇ। ਇਸ ਸਮਾਗਮ ਦੇ ਵਿੱਚ ਸ. ਅਮਰਜੀਤ ਸਿੰਘ, ਸ. ਅਮਰੀਕ ਸਿੰਘ, ਸ. ਬਿਕਰਮਜੀਤ ਸਿੰਘ ਮਟਰਾਂ, ਮੁਖਤਿਆਰ ਸਿੰਘ, ਜਸਪ੍ਰੀਤ ਸਿੰਘ, ਅਵਤਾਰ ਟਹਿਣਾ, ਮਨਜੀਤ ਸਿੰਘ ਬਿੱਲਾ, ਸ. ਜਗਦੀਪ ਸਿੰਘ ਵੜੈਚ, ਸ੍ਰੀ ਅਵਤਾਰ ਪੁੱਕੀਕੁਹੀ, ਚੇਤਨ ਰੰਗੇੜੀ ਅਤੇ ਹਰਜੋਤ ਸਿੰਘ ਹਾਜ਼ਰ ਸਨ। ਸ. ਨਿਰਮਲ ਸਿੰਘ ਜੌੜਾ ਨੂੰ ਨਿਊਜ਼ੀਲੈਂਡ ਪੰਜਾਬੀ ਮੀਡੀਆ ਕਰਮੀਆਂ ਵੱਲੋਂ ਸਨਮਾਨ ਪੱਤਰ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।