ਨੈਸ਼ਨਲ ਪਾਰਟੀ ਨੂੰ ਝਟਕਾ: ਸਟੀਵਨ ਜੌਇਸ ਵੱਲੋਂ ਪਾਰਲੀਮੈਂਟ ਤੋਂ ਰਿਟਾਇਰ ਹੋਣ ਦਾ ਐਲਾਨ

ਵੈਲਿੰਗਟਨ, 6 ਮਾਰਚ – ਦੇਸ਼ ਦੀ ਮੁੱਖ ਵਿਰੋਧੀ ਨੈਸ਼ਨਲ ਪਾਰਟੀ ਨੂੰ ਉਸ ਵੇਲੇ ਇੱਕ ਹੋਰ ਝਟਕਾ ਲੱਗਾ ਜਦੋਂ ਉਸ ਦੇ 54 ਸਾਲਾ ਸੀਨੀਅਰ ਐਮਪੀ ਸਟੀਵਨ ਜੌਇਸ ਨੇ ਪਾਰਲੀਮੈਂਟ ‘ਚੋਂ ਰਿਟਾਇਰ ਹੋਣ ਦਾ ਐਲਾਨ ਕਰਦੇ ਹੋਏ ਅਸਤੀਫ਼ੇ ਦੇ ਦਿੱਤਾ। ਐਮਪੀ ਸਟੀਵਨ ਜੌਇਸ ਨੇ ਟਵੀਟ ਰਾਹੀ ਕਿਹਾ ਕਿ, ‘ਮੈਂ ਇਸ ਜਗ੍ਹਾ (ਪਾਰਲੀਮੈਂਟ) ਵਿੱਚ ਪਿਛਲੇ 10 ਸਾਲ ਤੋਂ ਇਕ ਸ਼ਾਨਦਾਰ ਸਮਾਂ ਮਿਲਿਆ ਹੈ ਜਿਸ ਵਿੱਚ 9 ਸਾਲ ਤੱਕ ਇੱਕ ਮੰਤਰੀ ਵਜੋਂ ਕੰਮ ਕੀਤਾ ਹੈ ਅਤੇ ਦੇਸ਼ ਦੇ ਵਿਕਾਸ ਵਿੱਚ ਅਸਲ ਯੋਗਦਾਨ ਪਾਉਣ ਦਾ ਖ਼ਾਸ ਹੱਕ ਹਾਸਲ ਹੋਇਆ ਹੈ’। ਉਨ੍ਹਾਂ ਕਿਹਾ ਕਿ ਉਹ ਸਿਆਸਤ ਛੱਡ ਕੇ ਵਪਾਰ ਸੈਕਟਰ ਵਿੱਚ ਵਾਪਸ ਪਰਤਣਗੇ। 15 ਸਾਲਾਂ ਦੇ ਸਿਆਸੀ ਜੀਵਨ ‘ਚ ਐਮਪੀ ਸਟੀਵਨ ਜੌਇਸ ਨੈਸ਼ਨਲ ਪਾਰਟੀ ਵੱਲੋਂ 2008 ਤੋਂ ਮੈਂਬਰ ਆਫ਼ ਪਾਰਲੀਮੈਂਟ ਸਨ। ਉਹ ਨੈਸ਼ਨਲ ਸਰਕਾਰ ਦੀ ਸਰਕਾਰ ਵਿੱਚ ਟਰਾਂਸਪੋਰਟ ਮਨਿਸਟਰ, ਕਮਿਊਨੀਕੇਸ਼ਨ ਐਂਡ ਇਨਫਰਮੇਸ਼ਨ ਤਕਨਾਲੋਜੀ ਰਹੇ, ਉਹ ਬਾਅਦ ਵਿੱਚ ਮਨਿਸਟਰ ਆਫ਼ ਸਾਇੰਸ ਐਂਡ ਇਨੋਵੇਸ਼ਨ ਅਤੇ ਫਾਈਨਾਂਸ ਮਨਿਸਟਰ ਤੇ ਮਨਿਸਟਰ ਆਫ਼ ਇਨਫਰਾਸਟ੍ਰਕਚਰ ਰਹੇ। ਇਸ ਵੇਲੇ ਐਮਪੀ ਜੌਇਸ ਪਾਰਟੀ ਵੱਲੋਂ ਪਾਰਲੀਮੈਂਟ ‘ਚ ਫਾਈਨਾਂਸ ਸਪੋਕਸਮੈਨ ਸਨ।
ਜ਼ਿਕਰਯੋਗ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਤੇ ਪਾਰਲੀਮੈਂਟ ‘ਚ ਵਿਰੋਧੀ ਧਿਰ ਦੇ ਆਗੂ ਬਿਲ ਇੰਗਲਿਸ਼ ਦੇ ਪਿਛਲੇ ਮਹੀਨੇ ਪਾਰਟੀ ਲੀਡਰਸ਼ਿਪ ਦੇ ਨਾਲ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ ਸੀ। ਜਿਸ ਤੋਂ ਬਾਅਦ 27 ਫਰਵਰੀ ਨੂੰ ਨੈਸ਼ਨਲ ਪਾਰਟੀ ਦੀ ਹੋਈ ਕੋਕਸ ‘ਚ ਟੌਰੰਗਾ ਤੋਂ ਐਮਪੀ ਸਾਈਮਨ ਬ੍ਰਿਜ਼ਸ ਨੂੰ ਆਪਣਾ ਪਾਰਟੀ ਲੀਡਰ ਚੁਣ ਲਿਆ ਸੀ। ਐਮਪੀ ਸਟੀਵਨ ਜੌਇਸ ਵੀ ਪਾਰਟੀ ਲੀਡਰ ਬਣਨ ਦੀ ਦੌੜ ਵਿੱਚ ਸ਼ਾਮਿਲ ਸਨ ਪਰ ਉਹ ਪਾਰਟੀ ਲੀਡਰ ਬਣਨ ਵਿੱਚ ਕਾਮਯਾਬ ਨਹੀਂ ਹੋ ਸਕੇ। ਮੰਨਿਆ ਜਾ ਰਿਹਾ ਹੈ ਕਿ ਇਸ ਦੇ ਕਰਕੇ ਉਨ੍ਹਾਂ ਨੇ ਪਾਰਲੀਮੈਂਟ ਤੋਂ ਅਸਤੀਫ਼ਾ ਦੇ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਨੈਸ਼ਨਲ ਪਾਰਟੀ ਲੀਡਰਸ਼ਿਪ ਦੇ ਹਾਲ ਹੀ ਵਿੱਚ ਬਦਲਾਅ ਦੇ ਨਾਲ ਮੈਨੂੰ ਦੁਬਾਰਾ ਇਹ ਵਿਚਾਰ ਕਰਨ ਦਾ ਮੌਕਾ ਮਿਲਿਆ ਹੈ ਕਿ ਅਗਲੇ ਕੁੱਝ ਸਾਲਾਂ ਵਿੱਚ ਮੈਂ ਕੀ ਕਰਨਾ ਚਾਹਾਂਗਾ। ਸਾਈਮਨ ਬ੍ਰਿਜ਼ਸ ਦੇ ਨੈਸ਼ਨਲ ਲੀਡਰ ਦੇ ਤੌਰ ‘ਤੇ ਚੁਣੇ ਜਾਣ ਤੋਂ ਬਾਅਦ ਉਨ੍ਹਾਂ ਨੇ ਰਿਟਾਇਰ ਹੋਣ ਦੇ ਆਪਣੇ ਫ਼ੈਸਲੇ ਦਾ ਐਲਾਨ ਕੀਤੀ।