ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਲ ਕਿੱਲੋ ਤੋਂ ਚੌਥੀ ਵਾਰ ਭਾਸ਼ਣ ਦਿੱਤਾ

ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 15 ਅਗਸਤ ਦਿਨ ਮੰਗਲਵਾਰ ਨੂੰ ਦੇਸ਼ ਦੇ 71ਵੇਂ ਸਵਤੰਤਰਤਾ ਦਿਵਸ ਮੌਕੇ ਲਾਲ ਕਿੱਲੇ ਦੀ ਫਸੀਲ ਤੋਂ ਆਪਣੇ ਕਾਰਜਕਾਲ ਦੇ ਚੌਥੇ ਭਾਸ਼ਣ ਵਿੱਚ ਦੇਸ਼ ਵਾਸੀਆਂ ਨੂੰ ਸੰਬੋਧਨ ਕੀਤਾ। ਆਪਣੇ ਸੰਬੋਧਨ ਵਿੱਚ ਉਨ੍ਹਾਂ ਨੇ ਕਸ਼ਮੀਰ ਵਰਗੇ ਅਹਿਮ ਅੰਦਰੂਨੀ ਮਸਲੇ ਨੂੰ ਸੁਲਝਾਉਣ ਦੇ ਨਾਲ-ਨਾਲ ਹਰ ਮੋਰਚੇ ਉੱਤੇ ਨਿਊ ਇੰਡੀਆ ਦੀ ਉਸਾਰੀ ਦੀ ਨੀਂਹ ਰੱਖਣ ਤੱਕ ਦਾ ਸੁਨੇਹਾ ਦਿੱਤਾ। ਪ੍ਰਧਾਨ ਮੰਤਰੀ ਨੇ ਹੁਣ ਤੱਕ ਦੇ ਸਭ ਤੋਂ ਛੋਟੇ ਭਾਸ਼ਣ ਵਿੱਚ ਉਨ੍ਹਾਂ ਨੇ ਖ਼ਾਸ ਕਰਕੇ ਉਨ੍ਹਾਂ ਮੁੱਦਿਆਂ ਨੂੰ ਛੂਹਿਆ ਜੋ ਸਿੱਧੇ ਤੌਰ ‘ਤੇ ਜਨ-ਸਧਾਰਨ ਨਾਲ ਜੁੜਦੇ ਹਨ। ਸਮਾਜ ਵਿੱਚ ਏਕਤਾ ਦਾ ਸੁਨੇਹਾ ਦਿੰਦੇ ਹੋਏ ਸਰਕਾਰ ਦੀਆਂ ਪ੍ਰਾਪਤੀਆਂ ਗਿਣਵਾਈਆਂ ਤਾਂ ਇਹ ਅਹਿਸਾਸ ਵੀ ਕਰਾ ਦਿੱਤਾ ਕਿ ਦੇਸ਼ ਉਸਾਰੀ ਵਿੱਚ ਹਰ ਕਿਸੇ ਦਾ ਯੋਗਦਾਨ ਜ਼ਰੂਰੀ ਹੋਵੇਗਾ।
ਪ੍ਰਧਾਨ ਮੰਤਰੀ ਦੇ ਆਪਣੇ ਸੰਬੋਧਨ ਵਿੱਚ ਗੋਰਖਪੁਰ ‘ਚ ਵਾਪਰੀ ਬੱਚਿਆਂ ਦੀ ਘਟਨਾ ਉੱਤੇ ਸਵਾ ਸੌ ਕਰੋੜ ਦੇਸ਼ਵਾਸੀਆਂ ਨੂੰ ਭਰੋਸਾ ਦਵਾਇਆ ਕਿ ਪੂਰਾ ਭਾਰਤ ਪੀੜਿਤ ਪਰਵਾਰਾਂ ਦੇ ਨਾਲ ਖੜ੍ਹਾ ਹੈ। ਉੱਥੇ ਹੀ ਅਤਿਵਾਦੀ ਚੁਨੌਤੀਆਂ ਦਾ ਸਾਹਮਣਾ ਕਰ ਰਹੇ ਕਸ਼ਮੀਰ ਦੀ ਗੱਲ ਕੀਤੀ। ਉਨ੍ਹਾਂ ਨੇ ਜੰਮੂ-ਕਸ਼ਮੀਰ ਦੀ ਸਮੱਸਿਆ ਸੁਲਝਾਉਣ ਦੇ ਮਕਸਦ ਲਈ ਲੋਕਾਂ ਨਾਲ ਸਿੱਧੇ ਸੰਵਾਦ ਦਾ ਵੱਡਾ ਸਿਆਸੀ ਸੁਨੇਹਾ ਦਿੱਤਾ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਨਾ ਗਾਲ੍ਹ ਤੋਂ, ਨਾ ਗੋਲੀ ਤੋਂ ਸਗੋਂ ਗੱਲਬਾਤ ਅਤੇ ਗਲੇ ਲਗਾਉਣ ਨਾਲ ਕਸ਼ਮੀਰ ਸਮੱਸਿਆ ਦਾ ਹੱਲ ਨਿਕਲੇਗਾ। ਉਨ੍ਹਾਂ ਨੇ ਜਾਤੀਵਾਦ ਅਤੇ ਸੰਪ੍ਰਦਾਇਕਤਾ ਦੇ ਖ਼ਿਲਾਫ਼ ਵੀ ਸਖ਼ਤ ਰੁਖ਼ ਦਿਖਾਉਂਦੇ ਹੋਏ ਕਿਹਾ ਕਿ ਸ਼ਰਧਾ ਦੇ ਨਾਮ ਉੱਤੇ ਹਿੰਸਾ ਕਦੇ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਸਾਫ਼ ਹੈ ਕਿ ਇਹ ਸੁਨੇਹਾ ਗਊ ਰੱਖਿਆ ਦੇ ਨਾਮ ਉੱਤੇ ਹੋ ਰਹੀ ਹਿੰਸਾ ਨੂੰ ਲੈ ਕੇ ਸੀ। ਉਹ ਪਹਿਲਾਂ ਵੀ ਕਈ ਵਾਰ ਇਸ ਦਾ ਇਜ਼ਹਾਰ ਕਰ ਚੁੱਕੇ ਹਨ।
ਲਾਲ ਕਿੱਲੇ ਉੱਤੇ ਤਰੰਗਾ ਲਹਿਰਾਉਣ ਦੇ ਬਾਅਦ ਆਪਣੇ ਅੱਧੀ ਬਾਂਹ ਦੇ ਕੁੜਤੇ ਅਤੇ ਸਿਰ ਉੱਤੇ ਲਾਲ ਅਤੇ ਪਿੱਲੇ ਰੰਗ ਦੀ ਰਾਜਸਥਾਨੀ ਪਗੜੀ ਪਾਏ ਹੋਏ ਮੋਦੀ ਨੇ ਸਿੱਧੇ ਸੰਵਾਦ ਦੇ ਅੰਦਾਜ਼ ਵਿੱਚ ਦੇਸ਼ ਨੂੰ ਸੰਬੋਧਿਤ ਕੀਤਾ। 56 ਮਿੰਟ ਦੇ ਆਪਣੇ ਭਾਸ਼ਣ ਵਿੱਚ ਪ੍ਰਧਾਨ ਮੰਤਰੀ ਨੇ ਨੋਟ ਬੰਦੀ ਨਾਲ ਕਾਲੇ ਧਨ ਉੱਤੇ ਨਕੇਲ ਕੱਸਣ, ਸਰਜੀਕਲ ਸਟ੍ਰਾਈਕ ਦੇ ਜ਼ਰੀਏ ਅਤਿਵਾਦ ਨੂੰ ਕਰਾਰਾ ਜਵਾਬ ਦੇਣ, ਜੀਐੱਸਟੀ, ਹਰ ਘਰ ਵਿੱਚ ਬਿਜਲੀ ਪਹੁੰਚਾਉਣ, ਗ਼ਰੀਬਾਂ ਨੂੰ ਮੁਫ਼ਤ ਰਸੋਈ ਗੈੱਸ ਕਨੈੱਕਸ਼ਨ ਤੋਂ ਲੈ ਕੇ ਜਨਧਨ ਬੈਂਕ ਖਾਤਿਆਂ ਦੇ ਨਾਲ ਕਿਸਾਨਾਂ ਲਈ ਪ੍ਰਧਾਨ ਮੰਤਰੀ ਫ਼ਸਲ ਬੀਮਾ ਵਰਗੀ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰ ਲੰਘੇ ਤਿੰਨ ਸਾਲ ਵਿੱਚ ਦੇਸ਼ ‘ਚ ਕਾਫ਼ੀ ਕੁੱਝ ਬਦਲਣ ਦੀ ਗੱਲ ਕਹੀ। ਨਵੇਂ ਆਈਆਈਟੀ, 7 ਆਈਆਈਐਮ ਅਤੇ 8 ਟ੍ਰਿੱਪਲ ਆਈਟੀ ਖੋਲ੍ਹਣ ਲਈ ਅਹਿਮ ਕਦਮ ਚੁੱਕਣ ਦੀ ਵੀ ਚਰਚਾ ਕੀਤਾ। ਉਨ੍ਹਾਂ ਨੇ ਕਿਹਾ ਕਿ 1,000 ਕਰੋੜ ਰੁਪਏ ਨਾਲ 20 ਵਰਲਡ ਕਲਾਸ ਯੂਨੀਵਰਸਿਟੀ ਬਣਾਈਆਂ ਜਾਣਗੀਆਂ। ਉਨ੍ਹਾਂ ਨੇ ਕਿਹਾ ਕਿ ਉਹ 2019 ਤੋਂ ਪਹਿਲਾਂ ੯੯ ਯੋਜਨਾਵਾਂ ਨੂੰ ਪੂਰਾ ਕਰਨਾ ਚਾਹੁੰਦੇ ਹਨ। 21 ਯੋਜਨਾਵਾਂ ਪੂਰੀਆਂ ਹੋ ਚੁੱਕੀਆਂ ਹਨ। 50 ਯੋਜਨਾਵਾਂ ਆਉਣ ਵਾਲੇ ਸਮੇਂ ਵਿੱਚ ਪੂਰੀਆਂ ਹੋ ਜਾਣਗੀਆਂ। ਵੰਨ ਰੈਂਕ ਵੰਨ ਪੈਨਸ਼ਨ ਦੇ ਜ਼ਰੀਏ ਫ਼ੌਜੀਆਂ ਨਾਲ ਕੀਤਾ ਬਚਨ ਨਿਭਾਉਣ ਦੇ ਨਾਲ ਗ਼ਰੀਬਾਂ ਦੀ ਸਿਹਤ ਦਾ ਖ਼ਿਆਲ ਰੱਖਣ ਲਈ ਸਟੰਟ ਦੀ ਕੀਮਤ ਘਟਾਉਣ ਤੋਂ ਲੈ ਕੇ ਹਰ ਜ਼ਿਲ੍ਹੇ ਵਿੱਚ ਡਾਇਲੈਸਿਸ ਵਰਗੀਆਂ ਸਹੂਲਤ ਉਪਲਬਧ ਕਰਾਉਣ ਦਾ ਜ਼ਿਕਰ ਵੀ ਪ੍ਰਧਾਨ ਮੰਤਰੀ ਮੋਦੀ ਨੇ ਕੀਤਾ।
ਉਨ੍ਹਾਂ ਨੇ 2022 ਤੱਕ ਨਿਊ ਇੰਡੀਆ ਦੇ ਸੰਕਲਪ ਦੇ ਤਹਿਤ ਅਗਲੇ ਪੰਜ ਸਾਲਾਂ ਵਿੱਚ ਨਵੇਂ ਭਾਰਤ ਦੀ ਉਸਾਰੀ ਦੀ ਵੱਚਨਵਧਤਾ ਜਤਾਈ ਜਿਸ ਵਿੱਚ ਸਾਰੇ ਗ਼ਰੀਬਾਂ ਨੂੰ ਘਰ, ਪਾਣੀ ਅਤੇ ਬਿਜਲੀ ਉਪਲਬਧ ਕਰਾਈ ਜਾ ਸਕੇ। ਪ੍ਰਧਾਨ ਮੰਤਰੀ ਨੇ ਸੰਪ੍ਰਦਾਇਵਾਦ ਅਤੇ ਜਾਤੀਵਾਦ ਨਾਲ ਸਖ਼ਤੀ ਤੋਂ ਨਿੱਬੜਨ ਦੇ ਇਰਾਦੇ ਸਾਫ਼ ਕੀਤੇ। ਉਨ੍ਹਾਂ ਦਾ ਕਹਿਣਾ ਸੀ ਕਿ ਜਾਤੀਵਾਦ ਅਤੇ ਸੰਪ੍ਰਦਾਇਵਾਦ ਦਾ ਜ਼ਹਿਰ ਦੇਸ਼ ਦਾ ਕਦੇ ਭਲਾ ਨਹੀਂ ਕਰ ਸਕਦਾ। ਗਾਂਧੀ ਅਤੇ ਬੁੱਧ ਦੀ ਇਸ ਧਰਤੀ ਉੱਤੇ ਸ਼ਰਧਾ ਦੇ ਨਾਮ ਉੱਤੇ ਹਿੰਸਾ ਨਹੀਂ ਚੱਲ ਸਕਦੀ ਹੈ ਅਤੇ ਨਾ ਹੀ ਦੇਸ਼ ਕਦੇ ਸਵੀਕਾਰ ਕਰੇਗਾ। ਸਮਾਜ ਦੇ ਹਰ ਤਬਕੇ ਨੂੰ ਨਾਲ ਲੈ ਕੇ ਹੀ ਦੇਸ਼ ਨੂੰ ਅੱਗੇ ਵਧਾਉਣਾ ਹੈ।
ਲਾਲ ਕਿੱਲੇ ਉੱਤੇ ਭਾਸ਼ਣ ਦੀ ਸਮਾਪਤੀ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ‘ਜੈ ਹਿੰਦ’ ਅਤੇ ‘ਬੰਦੇ ਮਾਤਰਮ’ ਦੇ ਨਾਅਰੇ ਵੀ ਲਗਵਾਏ। ਉਨ੍ਹਾਂ ਮੰਚ ਤੋਂ ਹੇਠਾਂ ਆ ਕੇ ਉੱਥੇ ਮੌਜੂਦ ਸਕੂਲੀ ਬੱਚੀਆਂ ਦੇ ਵਿੱਚ ਜਾ ਕੇ ਉਨ੍ਹਾਂ ਨਾਲ ਗਰਮਜੋਸ਼ੀ ਨਾਲ ਹੱਥ ਮਿਲਾਇਆ। ਬੱਚੀਆਂ ਨੇ ਵੀ ਉਨ੍ਹਾਂ ਨੂੰ ਉਤਸ਼ਾਹ ਵਿੱਚ ਚਾਰੋਂ ਪਾਸਿਉਂ ਘੇਰ ਲਿਆ। ਸੁਰੱਖਿਆ ਕਰਮੀਆਂ ਨੂੰ ਉਨ੍ਹਾਂ ਨੂੰ ਵਾਪਸ ਕਾਰ ਵਿੱਚ ਬਿਠਾਉਣ ਲਈ ਕਾਫ਼ੀ ਮਸ਼ੱਕਤ ਕਰਨੀ ਪਈ।