ਪੰਜਾਬ ਦੇ ਸਾਬਕਾ ਡੀ.ਜੀ.ਪੀ. ਕੇ.ਪੀ.ਐੱਸ ਗਿੱਲ ਦਾ ਦਿਹਾਂਤ

ਨਵੀਂ ਦਿੱਲੀ, 27 ਮਈ – ਇੱਥੇ ਦੇ ਸਰ ਗੰਗਾਰਾਮ ਹਸਪਤਾਲ ਵਿੱਚ 26 ਮਈ ਨੂੰ ਪੰਜਾਬ ਦੇ ਸਾਬਕਾ ਡੀ.ਜੀ.ਪੀ. 82 ਸਾਲਾਂ ਸ. ਕੰਵਰਪਾਲ ਸਿੰਘ ਗਿੱਲ (ਕੇ.ਪੀ.ਐੱਸ. ਗਿੱਲ) ਦਾ ਦੁਪਹਿਰ 2.55 ਵਜੇ ਦੇ ਲਗਭਗ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ। ਸ. ਕੇ.ਪੀ.ਐੱਸ. ਗਿੱਲ ਨੂੰ 18 ਮਈ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਗੌਰਤਲਬ ਹੈ ਕਿ ਸ. ਕੇ.ਪੀ.ਐੱਸ. ਗਿੱਲ ਦੇ ਦੋਵੇਂ ਗੁਰਦਿਆਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ ਅਤੇ ਉਹ ਕੁੱਝ ਸਮੇਂ ਤੋਂ ਡਾਇਲੈਸਿਸ ‘ਤੇ ਸਨ।
ਪਦਮ ਸ਼੍ਰੀ (1989) ਕੇ.ਪੀ.ਐੱਸ. ਗਿੱਲ ‘ਤੇ 1988 ਤੋਂ 1990 ਤੱਕ ਪੰਜਾਬ ਦੇ ਡੀ.ਜੀ.ਪੀ. ਹੁੰਦਿਆਂ ਬੇਦੋਸ਼ੇ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਦਾ ਮਾਹਿਰ ਵੀ ਕਰਾਰ ਦਿੱਤਾ ਜਾਂਦਾ ਰਿਹਾ ਹੈ। ਮਨੁੱਖੀ ਹੱਕਾਂ ਦੀ ਰਾਖੀ ਬਾਰੇ ਸੰਸਥਾਵਾਂ ਵੱਲੋਂ ਲਗਾਤਾਰ ਉਸ ਦੇ ਕੰਮ ਕਰਨ ਦੇ ਤੌਰ ਤਰੀਕਿਆਂ ‘ਤੇ ਸਵਾਲ ਉਠਾਏ ਜਾਂਦੇ ਰਹੇ ਹਨ। ਪੁਲਿਸ ਮੁਖੀ ਵਜੋਂ ਆਪਣੀਆਂ ਸੇਵਾਵਾਂ ਦੇਣ ਤੋਂ ਬਾਅਦ ਉਨ੍ਹਾਂ ਨੂੰ 1991 ਤੋਂ 1995 ‘ਚ ਵੀ ਮੁੜ ਰਾਜ ਸੁਰੱਖਿਆ ਦਾ ਜ਼ਿੰਮਾ ਦਿੱਤਾ ਗਿਆ। ਗਿੱਲ ‘ਤੇ 1988 ਵਿੱਚ ਇਕ ਪਾਰਟੀ ਦੌਰਾਨ ਇਕ ਮਹਿਲਾ ਅਧਿਕਾਰੀ ਨੂੰ ਜਿਨਸੀ ਤੌਰ ‘ਤੇ ਪ੍ਰੇਸ਼ਾਨ ਕਾਰਨ ਦੇ ਦੋਸ਼ ਲੱਗੇ ਸਨ, ਜਿਸ ਲਈ 1996 ‘ਚ ਉਨ੍ਹਾਂ ਨੂੰ ਸਜ਼ਾ ਵੀ ਹੋਈ ਸੀ।
2002 ‘ਚ ਗਿੱਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਵੀ ਕੰਮ ਕੀਤਾ ਸੀ, ਉਸ ਵੇਲੇ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੇ ਗੋਧਰਾ ਕਾਂਡ ਤੋਂ ਬਾਅਦ ਗਿੱਲ ਨੂੰ ਆਪਣਾ ਸੁਰੱਖਿਆ ਸਲਾਹਕਾਰ ਬਣਾਇਆ ਸੀ। 2006 ਵਿੱਚ ਛੱਤੀਸਗੜ੍ਹ ਦੇ ਮੁੱਖ ਮੰਤਰੀ ਰਮਨ ਸਿੰਘ ਨੇ ਵੀ ਨਕਸਲੀ ਸਮੱਸਿਆ ਨਾਲ ਜੂਝ ਰਹੇ ਸੂਬੇ ‘ਚ ਨਕਸਲੀ ਹਿੰਸਾ ‘ਤੇ ਕਾਬੂ ਪਾਉਣ ਲਈ ਗਿੱਲ ਤੋਂ ਮਦਦ ਮੰਗੀ ਸੀ। ਸਾਲ 2000 ਦੌਰਾਨ ਸੀ੍ਰਲੰਕਾ ਨੇ ਵੀ ਤਾਮਿਲ ਬਾਗੀਆਂ (ਲਿਟੇ) ਖਿਲਾਫ ਰਣਨੀਤੀ ਬਣਾਉਣ ਲਈ ਗਿੱਲ ਦੀ ਮਦਦ ਲਈ ਸੀ।