ਭਾਈ ਗੋਬਿੰਦ ਸਿੰਘ ਲੌਂਗੋਵਾਲ ਸ਼੍ਰੋਮਣੀ ਕਮੇਟੀ ਦੇ 42ਵੇਂ ਪ੍ਰਧਾਨ ਚੁਣੇ ਗਏ

ਅੰਮ੍ਰਿਤਸਰ, 29 ਨਵੰਬਰ – ਇੱਥੇ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਲਾਨਾ ਜਨਰਲ ਇਜਲਾਸ ਵਿੱਚ ਸਾਬਕਾ ਅਕਾਲੀ ਮੰਤਰੀ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ 42ਵਾਂ ਪ੍ਰਧਾਨ ਚੁਣਿਆ ਲਿਆ ਗਿਆ। ਉਨ੍ਹਾਂ ਨੂੰ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਦੀ ਥਾਂ ਚੁਣਿਆ ਗਿਆ ਹੈ। ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ 154 ਵੋਟਾਂ ਮਿਲੀਆਂ, ਜਦੋਂ ਕਿ ਸੁਖਦੇਵ ਸਿੰਘ ਭੌਰ ਦੀ ਅਗਵਾਈ ਵਾਲੇ ਵਿਰੋਧੀ ਧੜੇ ਪੰਥਕ ਫ਼ਰੰਟ ਦੇ ਉਮੀਦਵਾਰ ਹਲਕਾ ਡੇਰਾ ਬਾਬਾ ਨਾਨਕ ਤੋਂ ਮੈਂਬਰ ਅਮਰੀਕ ਸਿੰਘ ਸ਼ਾਹਪੁਰ ਨੂੰ 15 ਵੋਟਾਂ ਹੀ ਪਈਆਂ।
ਗੌਰਤਲਬ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਇਸ ਵਾਰ ਪ੍ਰਧਾਨ ਸਮੇਤ ਅੰਤ੍ਰਿੰਗ ਕਮੇਟੀ ਦੇ ਸਾਰੇ ਮੈਂਬਰ ਬਦਲ ਦਿੱਤੇ ਗਏ ਹਨ। ਕਿਉਂਕਿ ਪ੍ਰਧਾਨਗੀ ਲਈ ਵੋਟਾਂ ਪੁਆਏ ਜਾਣ ਤੋਂ ਬਾਅਦ ਬਾਕੀ ਤਿੰਨ ਅਹੁਦੇਦਾਰੀਆਂ ਲਈ ਵੋਟਿੰਗ ਨਹੀਂ ਕਰਵਾਈ ਗਈ ਅਤੇ ਸਰਬਸੰਮਤੀ ਨਾਲ ਅਕਾਲੀ ਦਲ ਬਾਦਲ ਨਾਲ ਸਬੰਧਿਤ ਮੈਂਬਰਾਂ ‘ਚੋਂ ਰਘੂਜੀਤ ਸਿੰਘ ਵਿਰਕ (ਹਰਿਆਣਾ) ਨੂੰ ਸੀਨੀਅਰ ਮੀਤ ਪ੍ਰਧਾਨ, ਹਰਪਾਲ ਸਿੰਘ ਜੱਲ੍ਹਾ ਨੂੰ ਜੂਨੀਅਰ ਮੀਤ ਪ੍ਰਧਾਨ ਤੇ ਗੁਰਬਚਨ ਸਿੰਘ ਕਰਮੂੰਵਾਲਾ ਨੂੰ ਜਨਰਲ ਸਕੱਤਰ ਚੁਣ ਲਿਆ ਗਿਆ। ਇਨ੍ਹਾਂ ਨੂੰ ਹਾਊਸ ਵੱਲੋਂ ਜੈਕਾਰਿਆਂ ਦੀ ਗੂੰਜ ‘ਚ ਪ੍ਰਵਾਨਗੀ ਦਿੱਤੀ ਗਈ। ਅੰਤ੍ਰਿੰਗ ਕਮੇਟੀ ਦੇ 11 ਮੈਂਬਰਾਂ ਵਿੱਚ ਸੱਜਣ ਸਿੰਘ ਬੱਜੂਮਾਨ, ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਬੀਬੀ ਗੁਰਪ੍ਰੀਤ ਕੌਰ ਕਪੂਰਥਲਾ, ਲਖਬੀਰ ਸਿੰਘ ਅਰਾਈਆਂਵਾਲਾ, ਹਰਦੇਵ ਸਿੰਘ ਰੋਗਲਾ, ਰਵਿੰਦਰ ਸਿੰਘ ਚੱਕ ਮੁਕੇਰੀਆਂ, ਗੁਰਤੇਜ ਸਿੰਘ ਢੱਡੇ, ਗੁਰਮੀਤ ਸਿੰਘ ਬੂਹ, ਗੁਰਮੀਤ ਸਿੰਘ ਤਰਲੋਕੇਵਾਲਾ, ਨਵਤੇਜ ਸਿੰਘ ਕਾਉਣੀ ਅਤੇ ਵਿਰੋਧੀ ਧਿਰ ਦੇ ਮੈਂਬਰ ਵਜੋਂ ਅਮਰੀਕ ਸਿੰਘ ਸ਼ਾਹਪੁਰ ਸ਼ਾਮਲ ਹਨ।
ਜਨਰਲ ਇਜਲਾਸ ਦੌਰਾਨ ਸ਼੍ਰੋਮਣੀ ਕਮੇਟੀ ਦੇ 170 ਮੈਂਬਰ ਹਾਜ਼ਰ ਸਨ, ਜਿਨ੍ਹਾਂ ਵਿੱਚੋਂ ਇਕ ਮੈਂਬਰ ਹਰਦੀਪ ਸਿੰਘ ਮੁਹਾਲੀ ਨੂੰ ਛੱਡ ਕੇ ਬਾਕੀ ਸਾਰਿਆਂ ਨੇ ਵੋਟ ਪਰਚੀ ਰਾਹੀਂ ਪ੍ਰਧਾਨ ਦੀ ਚੋਣ ਕੀਤੀ। ਹਾਕਮ ਧਿਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਪ੍ਰਧਾਨ ਦੇ ਉਮੀਦਵਾਰ ਵਜੋਂ ਭਾਈ ਲੌਂਗੋਵਾਲ ਦਾ ਨਾਂ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਪੇਸ਼ ਕੀਤਾ, ਇਸ ਨਾਂ ਦੀ ਤਾਈਦ ਗੁਰਬਚਨ ਸਿੰਘ ਕਰਮੂਵਾਲ ਅਤੇ ਭਾਈ ਮਨਜੀਤ ਸਿੰਘ ਨੇ ਕੀਤੀ। ਵਿਰੋਧੀ ਪੰਥਕ ਫ਼ਰੰਟ ਵੱਲੋਂ ਜਸਵੰਤ ਸਿੰਘ ਨੇ ਪ੍ਰਧਾਨ ਦੇ ਉਮੀਦਵਾਰ ਵਜੋਂ ਅਮਰੀਕ ਸਿੰਘ ਸ਼ਾਹਪੁਰ ਦਾ ਨਾਂ ਪੇਸ਼ ਕੀਤਾ, ਜਿਸ ਦੀ ਤਾਈਦ ਕੁਲਦੀਪ ਸਿੰਘ ਨਾਭਾ ਅਤੇ ਮਹਿੰਦਰ ਸਿੰਘ ਹੁਸੈਨਪੁਰ ਨੇ ਕੀਤੀ। ਇਜਲਾਸ ਦੀ ਪ੍ਰਧਾਨਗੀ ਕਰ ਰਹੇ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਵਿਰੋਧੀ ਧਿਰ ਨੂੰ ਇਹ ਚੋਣ ਹੱਥ ਖੜ੍ਹੇ ਕਰ ਕੇ ਕਰਾਉਣ ਦਾ ਸੁਝਾਅ ਦਿੱਤਾ ਪਰ ਪੰਥਕ ਫ਼ਰੰਟ ਦੇ ਮੁਖੀ ਸੁਖਦੇਵ ਸਿੰਘ ਭੌਰ ਤੇ ਹੋਰਾਂ ਨੇ ਪ੍ਰਧਾਨ ਦੀ ਚੋਣ ਵੋਟ ਪਰਚੀ ਨਾਲ ਕਰਾਉਣ ਲਈ ਕਿਹਾ। ਫਿਰ ਪ੍ਰਧਾਨ ਦੀ ਚੋਣ ਲਈ ਵੋਟਾਂ ਪਾਈਆਂ ਗਈਆਂ ਅਤੇ ਕੁੱਲ 169 ਵੋਟਾਂ ਵਿੱਚੋਂ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ 154 ਵੋਟਾਂ ਅਤੇ ਅਮਰੀਕ ਸਿੰਘ ਸ਼ਾਹਪੁਰ ਨੂੰ ਸਿਰਫ਼ 15 ਵੋਟਾਂ ਹੀ ਪਈਆਂ। ਨਵੇਂ ਪ੍ਰਧਾਨ ਵਜੋਂ ਜ਼ਿੰਮੇਵਾਰੀ ਸਾਂਭਦਿਆਂ ਸ੍ਰੀ ਲੌਂਗੋਵਾਲ ਨੇ ਜਨਰਲ ਹਾਊਸ ਦੀ ਅਗਲੀ ਕਾਰਵਾਈ ਚਲਾਈ। ਜ਼ਿਕਰਯੋਗ ਹੈ ਕਿ ਪ੍ਰਧਾਨਗੀ ਦੌੜ ‘ਚ ਪ੍ਰਮੁੱਖ ਦਾਅਵੇਦਾਰ ਸਮਝੇ ਜਾਂਦੇ ਮਾਝੇ ਦੇ ਸੀਨੀਅਰ ਅਕਾਲੀ ਆਗੂ ਜਥੇ. ਸੇਵਾ ਸਿੰਘ ਸੇਖਵਾਂ ਸਮੇਤ 8 ਮੈਂਬਰ .ਗੈਰ-ਹਾਜ਼ਰ ਰਹੇ।
ਇਜਲਾਸ ਦੀ ਸ਼ੁਰੂਆਤ ਵੇਲੇ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਸ਼ੋਕ ਮਤੇ ਪੜ੍ਹੇ, ਜਿਨ੍ਹਾਂ ਰਾਹੀਂ ਜਥੇਦਾਰ ਗਿਆਨੀ ਮੱਲ ਸਿੰਘ, ਏਅਰ ਚੀਫ਼ ਮਾਰਸ਼ਲ ਅਰਜੁਨ ਸਿੰਘ, ਸ਼੍ਰੋਮਣੀ ਕਮੇਟੀ ਦੇ ਸਾਬਕਾ ਮੈਂਬਰ ਸੁਖਬੀਰ ਸਿੰਘ ਸੁਲਤਾਨਵਿੰਡ ਅਤੇ ਜੋਗਿੰਦਰ ਸਿੰਘ ਸਾਹਨੀ ਨੂੰ ਸ਼ਰਧਾਂਜਲੀ ਦਿੱਤੀ ਗਈ। ਪ੍ਰਧਾਨ ਚੁਣੇ ਜਾਣ ਤੋਂ ਬਾਅਦ ਭਾਈ ਲੌਂਗੋਵਾਲ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਸਮੁੱਚੀਆਂ ਪੰਥਕ ਧਿਰਾਂ ਨੂੰ ਨਾਲ ਲੈ ਕੇ ਪੰਥਕ ਮਜ਼ਬੂਤੀ ਲਈ ਯਤਨ ਕਰਨਗੇ। ਇਸ ਮੌਕੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ, ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹਾਜ਼ਰ ਸਨ। ਜਦੋਂ ਕਿ ਪੰਜਾਬ ਤੋਂ ਬਾਹਰਲੇ ਦੋਵਾਂ ਤਖ਼ਤ ਸਾਹਿਬਾਨ ਦੇ ਜਥੇਦਾਰ ਸ਼ਾਮਿਲ ਨਹੀਂ ਹੋਏ।
ਭਾਈ ਲੌਂਗੋਵਾਲ ਨੇ ਸ਼ੁਕਰਾਨੇ ਵਜੋਂ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ। ਇਸ ਮੌਕੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਨਵੇਂ ਪ੍ਰਧਾਨ ਤੇ ਹੋਰ ਅਹੁਦੇਦਾਰਾਂ ਸਮੇਤ ਅੰਤ੍ਰਿੰਗ ਕਮੇਟੀ ਮੈਂਬਰਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।