ਭਾਜਪਾ ਨੂੰ ਰਾਜਸਥਾਨ, ਐਮਪੀ ਤੋਂ ਬਾਅਦ ਯੂਪੀ, ਬਿਹਾਰ ਦੀ ਜ਼ਿਮਨੀ ‘ਚ ਤਗੜਾ ਝਟਕਾ

ਲਖਨਊ/ਪਟਨਾ, 14 ਮਾਰਚ – ਸੱਤਾਧਾਰੀ ਭਾਰਤੀ ਜਨਤਾ ਪਾਰਟੀ ਨੂੰ 2019 ਦੀਆਂ ਹੋਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਜ਼ਬਰਦਸਤ ਝਟਕਾ ਲੱਗਿਆ ਜਦੋਂ ਉੱਤਰ ਪ੍ਰਦੇਸ਼ ਵਿੱਚ ਗੋਰਖਪੁਰ ਤੇ ਫੂਲਪੁਰ ਅਤੇ ਬਿਹਾਰ ਦੀ ਅਰਰੀਆ ਲੋਕ ਸਭਾ ਸੀਟਾਂ ਦੀਆਂ ਜ਼ਿਮਨੀ ਚੋਣਾਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਜ਼ਿਕਰਯੋਗ ਹੈ ਕਿ ਯੂਪੀ ਵਿੱਚ ਜਿੱਥੇ ਭਾਜਪਾ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਦੀ ਸੀਟ ਬਚਾਉਣ ਵਿੱਚ ਵੀ ਅਸਫਲ ਰਹੀ, ਉੱਥੇ ਹੀ ਇਹ ਲਗਾਤਾਰ ਤੀਜੀ ਜ਼ਿਮਨੀ ਚੋਣ ਹੈ ਜਦੋਂ ਭਾਜਪਾ ਨੂੰ ਹਾਰ ਦਾ ਮੂੰਹ ਵੇਖਣਾ ਪਿਆ। ਇਸ ਤੋਂ ਪਹਿਲਾਂ 1 ਫਰਵਰੀ ਨੂੰ ਰਾਜਸਥਾਨ ਦੀਆਂ 2 ਲੋਕ ਸਭਾ ਸੀਟਾਂ ਅਤੇ 1 ਵਿਧਾਨ ਸਭਾ ਸੀਟ ਉੱਤੇ ਜ਼ਬਰਦਸਤ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਉੱਥੇ ਹੀ 28 ਫਰਵਰੀ ਨੂੰ ਮੱਧ ਪ੍ਰਦੇਸ਼ ਜ਼ਿਮਨੀ ਚੋਣ ਵਿੱਚ ਵੀ ਭਾਜਪਾ ਦੀ ਹਾਰ ਹੋਈ ਸੀ।
ਰਾਜਸਥਾਨ, ਮੱਧ-ਪ੍ਰਦੇਸ਼ ਅਤੇ ਹੁਣ ਯੂਪੀ ਜ਼ਿਮਨੀ ਚੋਣ ਵਿੱਚ ਭਾਜਪਾ ਦੀ ਹਾਰ ਇਸ ਲਈ ਵੀ ਮਾਅਨੇ ਰੱਖਦੀ ਹੈ ਕਿਉਂਕਿ ਤਿੰਨਾਂ ਹੀ ਸੂਬਿਆਂ ਵਿੱਚ ਭਾਜਪਾ ਦੀ ਸਰਕਾਰ ਹੈ। ਹਿੰਦੀ ਬੈਲਟ ਵਿੱਚ ਇਸ ਨੂੰ ਪਾਰਟੀ ਲਈ ਬਹੁਤ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। ਇਸ ਦੇ ਇਲਾਵਾ ਬਿਹਾਰ ਵਿੱਚ ਅਰਰੀਆ ਲੋਕ ਸਭਾ ਸੀਟ ਅਤੇ ਜਹਾਨਾਬਾਦ ਵਿਧਾਨ ਸਭਾ ਸੀਟ ਉੱਤੇ ਵੀ ਆਰਜੇਡੀ ਨੇ ਜਿੱਤ ਦਰਜ ਕੀਤੀ ਹੈ। ਹਾਲਾਂਕਿ ਭਭੂਆ ਸੀਟ ਉੱਤੇ ਭਾਜਪਾ ਨੂੰ ਸਫਲਤਾ ਮਿਲੀ ਹੈ।
ਗੋਰਖਪੁਰ ਸੀਟ ਦੀ ਹਾਰ ਹੋਰ ਵੀ ਨਮੋਸ਼ੀਜਨਕ ਹੈ ਕਿਉਂਕਿ ਇੱਥੋਂ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਯੋਗੀ ਲਗਾਤਾਰ 5 ਵਾਰ ਯਾਨੀ 25 ਸਾਲ ਜਿੱਤਦੇ ਰਹੇ ਹਨ ਜਦੋਂ ਕਿ ਫੂਲਪੁਰ ਸੀਟ ਤੋਂ ਉਪ ਮੁੱਖ ਮੰਤਰੀ ਕੇਸ਼ਵ ਪ੍ਰਸ਼ਾਦ ਮੌਰੀਆ ਨੇ 2014 ਦੀਆਂ ਚੋਣਾਂ ਵਿੱਚ ਜਿੱਤ ਹਾਸਲ ਕੀਤੀ ਸੀ। ਇਸ ਵਾਰ ਸਮਾਜਵਾਦੀ ਪਾਰਟੀ (ਸਪਾ) ਅਤੇ ਬਹੁਜਨ ਸਮਾਜਵਾਦੀ ਪਾਰਟੀ (ਬਐੱਸਪੀ) ਨੇ ਹੱਥ ਮਿਲਾ ਕੇ ਭਾਜਪਾ ਨੂੰ ਵੱਡੀ ਸੱਟ ਮਾਰੀ ਹੈ।
ਗੋਰਖਪੁਰ ਸੀਟ ‘ਤੇ ਸਮਾਜਵਾਦੀ ਪਾਰਟੀ ਦੇ ਪ੍ਰਵੀਨ ਨਿਸ਼ਾਦ ਨੇ ਭਾਜਪਾ ਦੇ ਉਪੇਂਦਰ ਦੱਤ ਸ਼ੁਕਲਾ ਨੂੰ 21961 ਵੋਟਾਂ ਦੇ ਫ਼ਰਕ ਨਾਲ ਹਰਾਇਆ ਜਦੋਂ ਕਿ ਫੂਲਪੁਰ ਸੀਟ ‘ਤੇ ਸਪਾ ਦੇ ਹੀ ਨਗੇਂਦਰ ਪ੍ਰਤਾਪ ਸਿੰਘ ਨੇ ਭਾਜਪਾ ਦੇ ਕੌਸ਼ਲੇਂਦਰ ਸਿੰਘ ਪਟੇਲ ਨੂੰ 59460 ਵੋਟਾਂ ਨਾਲ ਮਾਤ ਦਿੱਤੀ।
ਬਿਹਾਰ ਦੀ ਅਰਰੀਆ ਲੋਕ ਸਭਾ ਸੀਟ ‘ਤੇ ਲਾਲੂ ਪ੍ਰਸ਼ਾਦ ਦੀ ਰਾਸ਼ਟਰੀ ਜਨਤਾ ਦਲ ਦੇ ਸਰਫ਼ਰਾਜ਼ ਆਲਮ ਨੇ ਭਾਜਪਾ ਦੇ ਪ੍ਰਦੀਪ ਕੁਮਾਰ ਸਿੰਘ ਨੂੰ 60000 ਤੋਂ ਵੱਧ ਵੋਟਾਂ ਦੇ ਫ਼ਰਕ ਨਾਲ ਹਰਾਇਆ। ਮੁੱਖ ਮੰਤਰੀ ਨਿਤੀਸ਼ ਕੁਮਾਰ ਵੱਲੋਂ ਭਗਵੀ ਪਾਰਟੀ ਨਾਲ ਹੱਥ ਮਿਲਾਉਣ ਤੋਂ ਬਾਅਦ ਜੇਡੀਯੂ-ਭਾਜਪਾ ਗੱਠਜੋੜ ਨੂੰ ਪਹਿਲਾ ਵੱਡਾ ਚੁਣਾਵੀ ਝਟਕਾ ਲੱਗਿਆ ਹੈ। ਭਾਜਪਾ ਲਈ ਤਸੱਲੀ ਦੀ ਗੱਲ ਇਹੀ ਰਹੀ ਕਿ ਪਾਰਟੀ ਉਮੀਦਵਾਰ ਰਿੰਕੀ ਰਾਣੀ ਪਾਂਡੇ ਨੇ ਭਭੂਆ ਵਿਧਾਨ ਸਭਾ ਦੀ ਸੀਟ ਕਾਂਗਰਸ ਦੇ ਸ਼ੰਭੂ ਸਿੰਘ ਪਟੇਲ ਨੂੰ 14000 ਵੋਟਾਂ ਦੇ ਫ਼ਰਕ ਨਾਲ ਹਰਾ ਕੇ ਪਾਰਟੀ ਦੀ ਇੱਜ਼ਤ ਬਚਾਉਣ ਵਿੱਚ ਕਾਮਯਾਬ ਰਹੀ। ਜਹਾਨਾਬਾਦ ਵਿਧਾਨ ਸਭਾ ਸੀਟ ‘ਤੇ ਰਾਸ਼ਟਰੀ ਜਨਤਾ ਦਲ ਦੇ ਸੁਦਯ ਯਾਦਵ ਨੇ ਜਨਤਾ ਦਲ-ਯੂ ਦੇ ਅਭਿਰਾਮ ਸ਼ਰਮਾ ਨੂੰ 30000 ਤੋਂ ਵੱਧ ਵੋਟਾਂ ਦੇ ਫ਼ਰਕ ਨਾਲ ਹਰਾਇਆ। ਗੋਰਖਪੁਰ ਵਿੱਚ ਓਬੀਸੀ-ਦਲਿਤ-ਮੁਸਲਿਮ ਵੋਟਾਂ ਦੀ ਇੱਕਜੁੱਟਤਾ ਨੇ ਰੰਗ ਲਿਆਂਦਾ ਜੋ ਪਹਿਲਾਂ ਸਮਾਜਵਾਦੀ ਪਾਰਟੀ ਤੇ ਬਹੁਜਨ ਸਮਾਜ ਪਾਰਟੀ ਵਿੱਚ ਵੰਡੀਆਂ ਜਾਂਦੀਆਂ ਸਨ। ਇਸ ਤੋਂ ਇਲਾਵਾ ਨਿਸ਼ਾਦ ਪਾਰਟੀ ਤੇ ਪੀਸ ਪਾਰਟੀ ਜਿਹੇ ਛੋਟੇ ਖਿਡਾਰੀਆਂ ਨੇ ਵੀ ਸਪਾ ਉਮੀਦਵਾਰਾਂ ਦੀ ਜਿੱਤ ਯਕੀਨੀ ਬਣਾਉਣ ਵਿੱਚ ਭੂਮਿਕਾ ਨਿਭਾਈ। ਉਪ ਮੁੱਖ ਮੰਤਰੀ ਕੇਸ਼ਵ ਪ੍ਰਸ਼ਾਦ ਮੌਰੀਆ ਨੇ ਕਿਹਾ ਕਿ ਬਸਪਾ ਦੇ ਵੋਟ ਤਬਦੀਲ ਹੋਣ ਕਰ ਕੇ ਫ਼ਰਕ ਪਿਆ ਹੈ।
ਗੌਰਤਲਬ ਹੈ ਕਿ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਤੇ ਇਸ ਦੀ ਸਹਿਯੋਗੀ ਅਪਨਾ ਦਲ ਨੇ 41.8 ਫੀਸਦ ਵੋਟਾਂ ਲੈ ਕੇ 80 ਵਿੱਚੋਂ 73 ਸੀਟਾਂ ਜਿੱਤੀਆਂ ਸਨ। ਸਮਾਜਵਾਦੀ ਪਾਰਟੀ ਨੇ 22.2 ਫੀਸਦ ਵੋਟਾਂ ਨਾਲ ਪੰਜ ਸੀਟਾਂ ਜਿੱਤੀਆਂ ਸਨ ਜਦੋਂ ਕਿ ਬਸਪਾ ਨੂੰ 19.6 ਫੀਸਦ ਵੋਟਾਂ ਮਿਲੀਆਂ ਸਨ ਪਰ ਪਾਰਟੀ ਖਾਤਾ ਨਹੀਂ ਖੋਲ੍ਹ ਸਕੀ ਸੀ। ਹੁਣ ਜ਼ਿਮਨੀ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਧਰਮ ਨਿਰਪੱਖ ਪਾਰਟੀਆਂ ਦੇ ਇੱਕਜੁੱਟ ਹੋਣ ਦੀ ਮੰਗ ਜ਼ੋਰ ਫੜ ਸਕਦੀ ਹੈ।