ਭਾਰਤੀ ਮਹਿਲਾਵਾਂ ਦੀ ਕਮਾਂਡ ਵਾਲਾ ਸਮੁੰਦਰੀ ਬੇੜਾ ਨਿਊਜ਼ੀਲੈਂਡ ‘ਚ

ਕ੍ਰਾਈਸਟਚਰਚ,  29 ਨਵੰਬਰ – ਇੱਥੇ ਭਾਰਤੀ ਜਲ ਸੈਨਾ ਦਾ ਛੋਟਾ ਬੇੜਾ ‘ਤਾਰਿਨੀ’ ਜਿਸ ਨੂੰ ਭਾਰਤੀ ਮਹਿਲਾਵਾਂ ਹੀ ਚਲਾ ਰਹੀਆਂ ਹਨ, ਨਿਊਜ਼ੀਲੈਂਡ ਦੇ ਲਾਇਟੈਲਟਨ ਪੋਰਟ ‘ਤੇ ਪੁੱਜ ਗਿਆ। ਭਾਰਤੀ ਹਾਈ ਕਮਿਸ਼ਨ ਸੰਜੀਵ ਕੋਹਲੀ ਅਤੇ ਹੋਰ ਸਟਾਫ਼ ਦੇ ਨਾਲ-ਨਾਲ ਨਿਊਜ਼ੀਲੈਂਡ ਨੇਵੀ ਦੇ ਸਟਾਫ਼ ਵੱਲੋਂ ਇੱਥੇ ਪੁੱਜਣ ਉੱਤੇ ਭਰਵਾਂ ਸਵਾਗਤ ਕੀਤਾ ਗਿਆ।
ਇਸ ਬੇੜੇ ‘ਤੇ ਜਲ ਸੈਨਾ ਦੀਆਂ ਮਹਿਲਾ ਮੈਂਬਰਾਂ ਹੀ ਸਵਾਰ ਹਨ। ਇੰਡੀਅਨ ਨੇਵਲ ਸੇਲਿੰਗ ਵੈਸਲ (ਆਈਐਨਐੱਸਵੀ) ‘ਤਾਰਿਨੀ’ ਬੇੜੇ ਦੀ ਕਮਾਨ ਲੈਫਟੀਨੈਂਟ ਕਮਾਂਡਰ ਵਰਤਿਕਾ ਜੋਸ਼ੀ ਹੱਥ ਹੈ। ਉਸ ਦੇ ਨਾਲ ਲੈਫ਼ਟੀਨੈਂਟ ਕਮਾਂਡਰ ਪ੍ਰਤਿਭਾ ਜਮਵਾਲ, ਲੈਫ਼ਟੀਨੈਂਟ ਕਮਾਂਡਰ ਪੀ. ਸਵਾਥੀ, ਲੈਫ਼ਟੀਨੈਂਟ ਐੱਸ ਵਿਜਿਆ ਦੇਵੀ, ਲੈਫ਼ਟੀਨੈਂਟ ਬੀ. ਐਸ਼ਵਰਿਆ ਵੋਡਾ ਅਤੇ ਲੈਫ਼ਟੀਨੈਂਟ ਪਾਇਲ ਗੁਪਤਾ ਹਨ। ਇਸ ਬੇੜੇ ਨੇ ਆਪਣਾ ਸਫ਼ਰ 10 ਸਤੰਬਰ ਨੂੰ ਗੋਆ ਤੋਂ ਸ਼ੁਰੂ ਕੀਤਾ ਸੀ ਅਤੇ ਇਸ ਦੇ ਅੱਠ ਮਹੀਨਿਆਂ ਦੇ ਅੰਦਰ ਧਰਤੀ ਦਾ ਚੱਕਰ ਲਾ ਕੇ ਅਪ੍ਰੈਲ 2018 ਨੂੰ ਗੋਆ ਵਾਪਸ ਪਰਤ ਆਏਗਾ। ਇਹ ਸਾਰਾ ਸਫ਼ਰ ਪੰਜ ਪੜਾਵਾਂ ‘ਚ ਪੂਰਾ ਕੀਤੀ ਜਾਣਾ ਹੈ। ਇਨ੍ਹਾਂ ਪੰਜ ਪੜਾਵਾਂ ਵਿੱਚ ਫ੍ਰੀਮੈਂਟਲ (ਆਸਟਰੇਲੀਆ), ਲਾਇਟੈਲਟਨ (ਨਿਊਜ਼ੀਲੈਂਡ), ਪੋਰਟ ਸਟੈਨਲੇ (ਫਾਲਕਲੈਂਡਜ਼) ਤੇ ਕੇਪਟਾਊਨ (ਦੱਖਣੀ ਅਫ਼ਰੀਕਾ) ਸ਼ਾਮਲ ਹਨ। ਮੌਜੂਦਾ ਸਮੇਂ ਭਾਰਤੀ ਜਲ ਸੈਨਾ ਦੇ ਬੇੜੇ ਨੇ ਆਪਣੇ ਸਫ਼ਰ ਦੇ ਦੋ ਪੜਾਅ ਫ੍ਰੀਮੈਂਟਲ (ਆਸਟਰੇਲੀਆ) ਅਤੇ ਲਾਇਟੈਲਟਨ (ਨਿਊਜ਼ੀਲੈਂਡ) ਪੂਰੇ ਕਰ ਲਏ ਹਨ। ਹੁਣ ਇਹ ਬੇੜਾ 12 ਦਸੰਬਰ ਨੂੰ ਨਿਊਜ਼ੀਲੈਂਡ ਦੇ ਲਾਇਟੈਲਟਨ ਤੋਂ ਆਪਣੇ ਅਗਲੇ ਪੜਾ ਲਈ ਰਵਾਨਾ ਹੋਵੇਗਾ। ਇਹ ਬੇੜਾ 58 ਫੁੱਟ ਲੰਬਾ ਹੈ ਜੋ 7800 ਮੀਲ ਦਾ ਸਫ਼ਰ ਤੈਅ ਕਰ ਚੱਕਾ ਹੈ ਅਤੇ ਹਾਲੇ ਇਸ ਦਾ 22000 ਮੀਲ ਦੇ ਲਗਭਗ ਦਾ ਸਫਰ ਤੈਅ ਕਰਨਾ ਬਾਕੀ ਹੈ।
ਮਹਿਲਾ ਚਾਲਕ ਦਲ ਭਾਰਤ ਮੌਸਮ ਵਿਗਿਆਨ ਵਿਭਾਗ (ਆਈਐੱਮਡੀ) ਦੁਆਰਾ ਸਹੀ ਮੌਸਮ ਦੇ ਅਨੁਮਾਨ ਲਈ ਅਤੇ ਨਿਯਮਤ ਤੌਰ ‘ਤੇ ਮੌਸਮ ਵਿਗਿਆਨਕ, ਸਮੁੰਦਰੀ ਅਤੇ ਲਹਿਰ ਦੇ ਅੰਕੜੇ ਨੂੰ ਇਕੱਠਾ ਕਰਕੇ ਅੱਪਡੇਟ ਕਰਨ ਦੇ ਨਾਲ ਮੈਰੀਨ ਪਲੂਸ਼ਨ ਉੱਤੇ ਵੀ ਨਿਗਰਾਨੀ ਕਰ ਰਿਹਾ ਹੈ। ਉਹ ਪੋਰਟ ਉੱਤੇ ਆਪਣੇ ਰੁਕਣ ਸਮੇਂ ਸਥਾਨਕ ਆਬਾਦੀ, ਖ਼ਾਸ ਕਰਕੇ ਬੱਚਿਆਂ ਨੂੰ ਸਮੁੰਦਰੀ ਸੇਲਿੰਗ ਅਤੇ ਐਡਵੈਂਚਰ ਦੀ ਭਾਵਨਾ ਨੂੰ ਪ੍ਰਫੁੱਲਿਤ ਕਰਨ ਲਈ ਵੱਡੇ ਪੱਧਰ ‘ਤੇ ਗੱਲਬਾਤ ਕਰੇਗਾ।