ਭਾਰਤ ‘ਚ ਜੀਐੱਸਟੀ ਪ੍ਰਣਾਲੀ ਲਾਗੂ

ਨਵੀਂ ਦਿੱਲੀ, 30 ਜੂਨ – ਇੱਥੇ ਸੰਸਦ ਦੇ ਕੇਂਦਰੀ ਹਾਲ ‘ਚ ਹੋਏ ਸਮਾਗਮ ਦੌਰਾਨ ਰਾਸ਼ਟਰਪਤੀ ਪ੍ਰਣਾਬ ਮੁਖਰਜੀ ਵੱਲੋਂ ਅੱਜ (30 ਜੂਨ ਤੇ 1 ਜੁਲਾਈ ਦੀ) ਅੱਧੀ ਰਾਤ ਨੂੰ ਭਾਰਤ ਦੇ ਇਤਿਹਾਸ ਵਿੱਚ ਨਵਾਂ ਪੰਨਾ ਦਰਜ ਕਰਦਿਆਂ 1 ਜੁਲਾਈ ਤੋਂ ‘ਵਸਤੂ ਤੇ ਸੇਵਾ ਕਰ’ (ਜੀਐੱਸਟੀ) ਨੂੰ ਲਾਗੂ ਕਰਨ ਦਾ ਐਲਾਨ ਕਰ ਦਿੱਤਾ। ਜਿਸ ਨਾਲ ਦੇਸ਼ ਭਰ ਵਿੱਚ ‘ਇੱਕ ਰਾਸ਼ਟਰ-ਇੱਕ ਕਰ-ਇਕ ਬਾਜ਼ਾਰ’ ਦਾ ਸੁਪਨਾ ਸਾਕਾਰ ਹੋ ਗਈ।
ਇਸ ਇਤਿਹਾਸਕ ਮੌਕੇ ਰਾਸ਼ਟਰਪਤੀ ਪ੍ਰਣਾਬ ਮੁਖਰਜੀ ਦੇ ਨਾਲ ਉੱਪ-ਰਾਸ਼ਟਰਪਤੀ ਹਾਮਿਦ ਅੰਸਾਰੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਲੋਕ ਸਭਾ ਸਪੀਕਰ ਸੁਮਿੱਤਰਾ ਮਹਾਜਨ, ਸਾਬਕਾ ਪ੍ਰਧਾਨ ਮੰਤਰੀ ਐਚ. ਡੀ. ਦੇਵੇਗੌੜਾ ਤੇ ਵਿੱਤ ਮੰਤਰੀ ਅਰੁਣ ਜੇਤਲੀ ਵੀ ਮੌਜੂਦ ਸਨ। ਰਾਸ਼ਟਰਪਤੀ ਪ੍ਰਣਾਬ ਮੁਖਰਜੀ ਨੇ ਇਸ ਫ਼ੈਸਲੇ ਨੂੰ ਭਾਰਤ ਦੇ ਲੋਕਤੰਤਰ ਦੀ ਸਫਲਤਾ ਦੱਸਿਆ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਜੀਐੱਸਟੀ ਸਾਡੀ ਸਾਰਿਆਂ ਦੀ ਸਾਂਝੀ ਵਿਰਾਸਤ ਹੈ। ਉਨ੍ਹਾਂ ਕਿਹਾ ਕਿ ਜੀਐੱਸਟੀ ‘ਗੁੱਡਸ ਐਂਡ ਸਰਵਿਸਿਜ਼ ਟੈਕਸ’ ਤੋਂ ਅੱਗੇ ‘ਗੁੱਡ ਐਂਡ ਸਿੰਪਲ’ ਟੈਕਸ ਹੈ। ਉਨ੍ਹਾਂ ਜੀਐੱਸਟੀ ਨੂੰ ਦੇਸ਼ ਦੇ ਸਭ ਤੋਂ ਵੱਡੇ ਕਰ ਸੁਧਾਰ ਦੇ ਨਾਲ ਆਰਥਿਕ ਅਤੇ ਸਮਾਜਿਕ ਸੁਧਾਰ ਕਰਾਰ ਦਿੱਤਾ ਅਤੇ ਜੀਐੱਸਟੀ ਨਾਲ ਕਾਲਾ ਧਨ ਅਤੇ ਭ੍ਰਿਸ਼ਟਾਚਾਰ ਨੂੰ ਰੋਕਣ ਦਾ ਮੌਕਾ ਮਿਲੇਗਾ, ਟੈਕਸ ਅਤਿਵਾਦ ਅਤੇ ਇੰਸਪੈਕਟਰ ਰਾਜ ਖ਼ਤਮ ਹੋਵੇਗਾ ਅਤੇ ਨਵੇਂ ਪ੍ਰਸ਼ਾਸਨਿਕ ਸੱਭਿਆਚਾਰ ਦੀ ਸ਼ੁਰੂਆਤ ਹੋਵੇਗੀ। ਉਨ੍ਹਾਂ ਕਿਹਾ ਕਿ ਜੀਐੱਸਟੀ ਨਾਲ ਨਾਲ 500 ਪ੍ਰਕਾਰ ਦੇ ਟੈਕਸ ਤੋਂ ਮੁਕਤੀ ਮਿਲੇਗੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸ਼ੁਰੂਆਤ ‘ਚ ਥੋੜ੍ਹੀ ਮੁਸ਼ਕਿਲ ਆ ਸਕਦੀ ਹੈ ਪਰ ਇਸ ਦਾ ਸਾਰੇ ਵਰਗਾਂ ਦੇ ਲੋਕਾਂ ਨੂੰ ਲਾਭ ਮਿਲੇਗਾ। ਇਸ ਮੌਕੇ ਸੰਸਦ ਦੇ ਕੇਂਦਰੀ ਹਾਲ ‘ਚ ਸੰਸਦ ਮੈਂਬਰ, ਬਾਲੀਵੁੱਡ ਅਦਾਕਾਰ ਅਮਿਤਾਬ ਬੱਚਨ, ਲਤਾ ਮੰਗੇਸ਼ਕਰ, ਰਤਨ ਟਾਟਾ ਅਤੇ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ। ਅੱਜ ਦੇ ਸਮਾਗਮ ਦਾ ਕਾਂਗਰਸ, ਤ੍ਰਿਣਮੂਲ ਕਾਂਗਰਸ, ਰਾਸ਼ਟਰੀ ਜਨਤਾ ਦਲ, ਬਹੁਜਨ ਸਮਾਜ ਪਾਰਟੀ, ਸਮਾਜਵਾਦੀ ਪਾਰਟੀ ਤੇ ਖੱਬੇ-ਪੱਖੀਆਂ ਸਮੇਤ ਵਿਰੋਧੀ ਦਲਾਂ ਨੇ ਬਾਈਕਾਟ ਕੀਤਾ।
ਜੀਐੱਸਟੀ ਤਹਿਤ ਸਾਰੀਆਂ ਵਸਤਾਂ ਅਤੇ ਸੇਵਾਵਾਂ ਉੱਤੇ ਕਰਾਂ ਦੀਆਂ 5, 12, 18 ਤੇ 28 ਫੀਸਦੀ ਦੀਆਂ ਚਾਰ ਸਲੈਬਾਂ ਬਣਾਈਆਂ ਗਈਆਂ ਹਨ ਅਤੇ ਹੁਣ ਸਾਰੇ ਦੇਸ਼ ਵਿੱਚ ਸਾਰੀਆਂ ਵਸਤਾਂ ਅਤੇ ਸੇਵਾਵਾਂ ਉੱਤੇ ਇਕਸਾਰ ਟੈਕਸ ਲਾਗੂ ਹੋਵੇਗਾ। ਪਹਿਲਾਂ ਵਸੂਲੇ ਜਾਂਦੇ ਕੇਂਦਰੀ, ਸੂਬਾਈ ਤੇ ਸਥਾਨਕ ਟੈਕਸ ਖ਼ਤਮ ਹੋ ਜਾਣਗੇ।