ਵਿਰਸੇ ਦੀ ਸੰਭਾਲ ਲਈ ਪਿੰਡ-ਪਿੰਡ ਗੱਤਕਾ ਅਖਾੜੇ ਖੋਲੇ ਜਾਣ – ਗਰੇਵਾਲ

ਇਸਮਾ ਦੇ ਚੇਅਰਮੈਨ ਹਰਜੀਤ ਸਿੰਘ ਗਰੇਵਾਲ ਅਤੇ ਸੀਨੀਅਰ ਵਾਇਸ ਚੇਅਰਮੈਨ ਰਘਬੀਰ ਸ਼ਰਮਾ ਹੋਲੇ ਮਹੱਲੇ ਦੇ ਪਵਿੱਤਰ ਦਿਹਾੜੇ ਮੌਕੇ ਗੱਤਕਾ ਟੀਮਾਂ ਨੂੰ ਸਨਮਾਨਿਤ ਕਰਦੇ ਹੋਏ।

ਸ੍ਰੀ ਆਨੰਦਪੁਰ ਸਾਹਿਬ ਵਿਖੇ ਚੌਥਾ ਵਿਰਸਾ ਸੰਭਾਲ ਗੱਤਕਾ ਕੱਪ ਕਰਵਾਇਆ
ਇਸਮਾ ਵੱਲੋਂ ਗੱਤਕੇ ਨੂੰ ਉਲੰਪਿਕ ‘ਚ ਸ਼ਾਮਲ ਕਰਵਾਉਣ ਦਾ ਟੀਚਾ
ਰੂਪਨਗਰ/ਸ੍ਰੀ ਆਨੰਦਪੁਰ ਸਾਹਿਬ, 1 ਮਾਰਚ – ਹੋਲੇ ਮਹੱਲੇ ਦੇ ਪਵਿੱਤਰ ਦਿਹਾੜੇ ਮੌਕੇ ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਅਕੈਡਮੀ (ਇਸਮਾ) ਅਤੇ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ਼ ਇੰਡੀਆ ਵੱਲੋਂ ਸ੍ਰੀ ਆਨੰਦਪੁਰ ਸਾਹਿਬ ਵਿਖੇ ਚੌਥਾ ਵਿਰਸਾ ਸੰਭਾਲ ਗੱਤਕਾ ਕੱਪ ਕਰਵਾਇਆ ਗਿਆ ਜਿਸ ਵਿੱਚ ਚੋਟੀ ਦੀਆਂ ਗੱਤਕਾ ਟੀਮਾਂ ਨੇ ਜੰਗਜੂ ਕਲਾ ਦੇ ਜੌਹਰ ਦਿਖਾ ਕੇ ਦਰਸ਼ਕਾਂ ਨੂੰ ਦੰਦ ਜੋੜਨ ਲਈ ਮਜਬੂਰ ਕਰ ਦਿੱਤਾ।
ਗੱਤਕਾ ਐਸੋਸੀਏਸ਼ਨ ਪੰਜਾਬ ਅਤੇ ਜ਼ਿਲ੍ਹਾ ਗੱਤਕਾ ਐਸੋਸੀਏਸ਼ਨ ਰੂਪਨਗਰ ਦੇ ਸਹਿਯੋਗ ਨਾਲ ਕਰਵਾਏ ਇਸ ਟੂਰਨਾਮੈਂਟ ਦਾ ਉਦਘਾਟਨ ਇਸਮਾ ਦੇ ਚੇਅਰਮੈਨ ਹਰਜੀਤ ਸਿੰਘ ਗਰੇਵਾਲ ਨੇ ਕੀਤਾ। ਉਨ੍ਹਾਂ ਦੇ ਨਾਲ ਬਾਬਾ ਸ਼ੇਰ ਸਿੰਘ ਮਾਹੋਰਾਣਾ, ਜੱਥੇਦਾਰ ਜਗਮਿੱਤਰ ਸਿੰਘ ਅਤੇ ਇਮਮਾ ਦੇ ਸੀਨੀਅਰ ਵਾਈਸ ਚੇਅਰਮੈਨ ਰਘਬੀਰ ਚੰਦ ਸ਼ਰਮਾ ਨੇ ਸਾਥ ਦਿੱਤਾ।
ਆਪਣੇ ਸੰਬੋਧਨ ਵਿੱਚ ਗੱਤਕਾ ਪ੍ਰਮੋਟਰ ਸ. ਹਰਜੀਤ ਸਿੰਘ ਗਰੇਵਾਲ, ਜੋ ਨੈਸ਼ਨਲ ਗੱਤਕਾ ਐਸੋਸੀਏਸ਼ਨ ਦੇ ਪ੍ਰਧਾਨ ਵੀ ਹਨ, ਨੇ ਕਿਹਾ ਕਿ ਗੱਤਕਾ ਖੇਡ ਦਾ ਭਵਿੱਖ ਬਹੁਤ aੁੱਜਲ ਹੈ। ਉਨ੍ਹਾਂ ਸਮੂਹ ਸੰਗਤਾਂ ਨੂੰ ਸੱਦਾ ਦਿੱਤਾ ਕਿ ਉਹ ਨੌਜਵਾਨਾਂ ਨੂੰ ਆਪਣੇ ਸਭਿਆਚਾਰ, ਵਿਰਸੇ ਤੇ ਮਾਂ-ਬੋਲੀ ਨਾਲ ਜੋੜਨ ਲਈ ਗੱਤਕਾ ਖੇਡ ਵੱਲ ਪ੍ਰੇਰਿਤ ਕਰਨ ਤਾਂ ਜੋ ਗੱਤਕੇ ਨੂੰ ਘਰ-ਘਰ ਦੀ ਖੇਡ ਬਣਾਇਆ ਜਾਵੇ ਅਤੇ ਪਿੰਡ ਪੱਧਰ ‘ਤੇ ਗੱਤਕਾ ਅਖਾੜੇ ਖੋਲ੍ਹ ਕੇ ਬੱਚਿਆਂ ਨੂੰ ਸਿਖਲਾਈ ਦਿੱਤੀ ਜਾਵੇ।
ਉਨ੍ਹਾਂ ਸਮੂਹ ਰਾਜਸੀ, ਧਾਰਮਿਕ ਤੇ ਸਮਾਜਿਕ ਸੰਸਥਾਵਾਂ ਨੂੰ ਸਹਿਯੋਗ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਗੱਤਕੇ ਨੂੰ ਦੇਸ਼ਾਂ-ਵਿਦੇਸ਼ਾਂ ਵਿੱਚ ਪ੍ਰਫੁੱਲਤ ਕੀਤਾ ਜਾਵੇਗਾ ਤਾਂ ਜੋ ਗੱਤਕੇ ਨੂੰ ਉਲੰਪਿਕ ਖੇਡਾਂ ਵਿੱਚ ਸ਼ਾਮਲ ਕਰਵਾਇਆ ਜਾ ਸਕੇ।
ਇਮਮਾ ਦੇ ਚੇਅਰਮੈਨ ਨੇ ਨੌਜਵਾਨਾਂ ਨੂੰ ਜਿੱਥੇ ਖੇਡਾਂ ਵੱਲ ਰੁਚਿਤ ਹੋਣ ਲਈ ਪ੍ਰੇਰਿਤ ਕੀਤਾ aੁੱਥੇ ਨਾਲ ਹੀ ਆਖਿਆ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਰੋਕਣ ਅਤੇ ਉਸਾਰੂ ਕੰਮਾਂ ਵੱਲ ਲਾਉਣ ਅਤੇ ਬੱਚਿਆਂ ਅੰਦਰ ਚੰਗੇ ਸੰਸਕਾਰ ਪੈਦਾ ਕਰਨ ਲਈ ਗੱਤਕਾ ਖੇਡ ਨੂੰ ਅਪਣਾਇਆ ਜਾਵੇ ਕਿਉਂਕਿ ਜਿੱਥੇ ਗੱਤਕੇ ਨਾਲ ਸ਼ਰੀਰ ਦੀ ਵਰਜ਼ਿਸ਼ ਹੋਵੇਗੀ ਅਤੇ ਮੰਨ ਵਿੱਚ ਚੰਗੇ ਖ਼ਿਆਲ ਵੀ ਪੈਦਾ ਹੋਣਗੇ।
ਇਸ ਮੌਕੇ ਬੋਲਦਿਆਂ ਜੱਥੇਦਾਰ ਜਗਮਿੱਤਰ ਸਿੰਘ ਨੇ ਇਸਮਾ ਵੱਲੋਂ ਵਿਰਾਸਤੀ ਖੇਡ ਗੱਤਕਾ ਦੀ ਪ੍ਰਫੁੱਲਤਾ ਲਈ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਕਰਵਾਏ ਜਾ ਰਹੇ ਵਿਰਸਾ ਸੰਭਾਲ ਗੱਤਕਾ ਪ੍ਰੋਗਰਾਮਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਹ ਹਰ ਸਮੇਂ ਅਜਿਹੇ ਟੂਰਨਾਮੈਂਟ ਕਰਵਾਉਣ ਲਈ ਇਸਮਾ ਨੂੰ ਪੂਰਾ ਸਹਿਯੋਗ ਦੇਣਗੇ।
ਇਸ ਮੌਕੇ ਹੋਰਨਾ ਤੋਂ ਇਲਾਵਾ ਹਰਿਆਣਾ ਗੱਤਕਾ ਐਸੋਸੀਏਸ਼ਨ ਦੇ ਜਨਰਲ ਸਕੱਤਰ ਸੁਖਚੈਨ ਸਿੰਘ ਕਲਸਾਣੀ, ਇਸਮਾ ਦੇ ਸੰਯੁਕਤ ਸਕੱਤਰ ਜੋਗਿੰਦਰਪਾਲ ਤੇ ਗੁਰਮੀਤ ਸਿੰਘ, ਵਿੱਤ ਸਕੱਤਰ ਬਲਜੀਤ ਸਿੰਘ ਸੈਣੀ, ਜ਼ਿਲ੍ਹਾ ਗੱਤਕਾ ਐਸੋਸੀਏਸ਼ਨ ਰੂਪਨਗਰ ਦੇ ਪ੍ਰਧਾਨ  ਅਮਰਜੀਤ ਸਿੰਘ ਸੈਣੀ, ਇਸਮਾ ਦੇ ਬੁਲਾਰੇ ਲਖਵੀਰ ਸਿੰਘ, ਜ਼ਿਲ੍ਹਾ ਕੋਆਰਡੀਨੇਟਰ ਇਸਮਾ ਮੋਹਾਲੀ ਯੋਗਰਾਜ ਸਿੰਘ, ਜ਼ਿਲ੍ਹਾ ਕੋਆਰਡੀਨੇਟਰ ਹੁਸ਼ਿਆਰਪੁਰ ਸਚਨਾਮ ਸਿੰਘ, ਸਹਾਇਕ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਰੂਪਨਗਰ ਹਰੀਸ਼ ਕਾਲੜਾ ਅਤੇ ਇੰਜੀ: ਵਰੁਣ ਭਾਰਦਵਾਜ ਇੰਚਾਰਜ ਆਈ.ਟੀ ਸੈੱਲ ਇਸਮਾ ਵੀ ਹਾਜ਼ਰ ਸਨ। ਇਸ ਮੌਕੇ ਸਮੂਹ ਗੱਤਕਾ ਟੀਮਾਂ ਦੀ ਨਕਦ ਇਨਾਮਾਂ ਨਾਲ ਹੌਸਲਾ ਅਫ਼ਜਾਈ ਕੀਤੀ ਗਈ ਅਤੇ ਸਮਾਗਮ ਵਿੱਚ ਪਹੁੰਚੇ ਪਤਵੰਤੇ ਸੱਜਣਾਂ ਨੂੰ ਸਨਮਾਨਿਤ ਕੀਤਾ ਗਿਆ।