ਸਦਨ ਦੇ ਅੰਦਰ ਤੇ ਬਾਹਰ ਸ਼ੋਰ-ਸ਼ਰਾਬਾ, ਪੱਗੜੀਆਂ ਵੀ ਲੱਥੀਆਂ

ਚੰਡੀਗੜ੍ਹ, 22 ਜੂਨ – ਅੱਜ ਦੇ ਦਿਨ ਪੰਜਾਬ ਵਿਧਾਨ ਸਭਾ ਦੇ ਅੰਦਰ ਅਤੇ ਬਾਹਰ ਜ਼ੋਰਦਾਰ ਹੰਗਾਮਾ ਹੋਇਆ, ਜਿੱਥੇ ਕਈ ਵਿਧਾਇਕਾਂ ਦੀ ਮਾਰਸ਼ਲਾਂ ਵੱਲੋਂ ਖਿੱਚਧੂਹ ਕੀਤੀ ਗਈ ਜਿਸ ਦੌਰਾਨ ਉਨ੍ਹਾਂ ਦੀਆਂ ਪੱਗੜੀਆਂ ਵੀ ਲੱਥੀਆਂ ਉੱਥੇ ਹੀ ਦੋ ਵਿਧਾਇਕਾਂ ਨੂੰ ਸਟਰੈਚਰਾਂ ‘ਤੇ ਪਾ ਕੇ ਹਸਪਤਾਲ ਦਾਖਲ ਕਰਵਾਉਣਾ ਪਿਆ। ਵਿਧਾਨ ਸਭਾ ਦੇ ਅੰਦਰ ਜਾਣ ਵਾਲੇ ਗੇਟ ਦੇ ਬਾਹਰ ਜੰਮ ਕੇ ਹੰਗਾਮਾ ਵੇਖਣ ਨੂੰ ਮਿਲਿਆ। ‘ਆਪ’ ਦੇ ਸੁਖਪਾਲ ਖਹਿਰਾ ਤੇ ਲੋਕ ਇਨਸਾਫ਼ ਪਾਰਟੀ ਦੇ ਸਿਮਰਜੀਤ ਬੈਂਸ ਨੂੰ ਵਿਧਾਨ ਸਭਾ ਦੇ ਕੰਪਲੈਕਸ ਦੇ ਅੰਦਰ ਜਾਣ ਤੋਂ ਰੋਕ ਦਿੱਤਾ ਗਿਆ। ਉਹ ਕਾਫ਼ੀ ਜ਼ੋਰ ਅਜ਼ਮਾਇਸ਼ ਤੋਂ ਬਾਅਦ ਉੱਥੇ ਹੀ ਧਰਨੇ ‘ਤੇ ਬੈਠ ਗਏ। ਇਸ ਮੁੱਦੇ ‘ਤੇ ਸਦਨ ਦੇ ਅੰਦਰ ਵੀ ਹੰਗਾਮਾ ਹੋ ਗਿਆ। ‘ਆਪ’ ਦੇ ਵਿਧਾਇਕਾਂ ਨੂੰ ਮਾਰਸ਼ਲਾਂ ਨੇ ਲੱਤਾਂ-ਬਾਂਹਾਂ ਤੋਂ ਫੜ ਕੇ ਸਦਨ ਦੇ ਬਾਹਰ ਕੀਤਾ। ਇਸ ਦੌਰਾਨ ਚਾਰ-ਪੰਜ ਵਿਧਾਇਕਾਂ ਦੀਆਂ ਪੱਗਾਂ ਲਹਿ ਗਈਆਂ ਅਤੇ ਵਿਧਾਇਕਾ ਸਰਬਜੀਤ ਕੌਰ ਮਾਣੂੰਕੇ ਸਣੇ ਚਾਰ ਵਿਧਾਇਕ ਜ਼ਖਮੀ ਹੋ ਗਏ। ਬੀਬੀ ਮਾਣੂੰਕੇ ਤੇ ਮਨਜੀਤ ਸਿੰਘ ਬਿਲਾਸਪੁਰ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ।
ਇਸ ਹੋਏ ਹੰਗਾਮੇ ਦੌਰਾਨ ਚਾਰ-ਪੰਜ ਵਿਧਾਇਕਾਂ ਦੀਆਂ ਪੱਗਾਂ ਲੱਥੀਆਂ, ਪਰ ਇੱਕ ਵਿਧਾਇਕ ਪਿਰਮਲ ਸਿੰਘ ਖਾਲਸਾ ਦੀ ਪੱਗੜੀ ਦੇ ਮਾਮਲੇ ਦਾ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਨੋਟਿਸ ਲਿਆ ਹੈ। ਇਸ ਸਭ ਲਈ ਵਿਰੋਧੀ ਪਾਰਟੀਆਂ ਨੇ ਸਪੀਕਰ ਅਤੇ ਮਾਰਸ਼ਲਾਂ ਨੂੰ ਦੋਸ਼ੀ ਠਹਿਰਾਇਆ ਅਤੇ ਸਪੀਕਰ ਤੇ ਪੰਜਾਬ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ‘ਜਮਹੂਰੀਅਤ ਦਾ ਕਾਤਲ’ ਕਿਹਾ।