1984 ਸਿੱਖ ਕਤਲੇਆਮ ‘ਚ 3 ਅਕਤੂਬਰ ਨੂੰ ਅਭਿਸ਼ੇਕ ਦਾ ਪੌਲੀਗ੍ਰਾਫ ਟੈੱਸਟ

ਨਵੀਂ ਦਿੱਲੀ, 12 ਸਤੰਬਰ – ਇੱਥੋਂ ਦੀ ਇਕ ਅਦਾਲਤ ‘ਚ ਅੱਜ ਸੀਬੀਆਈ ਨੇ ਦੱਸਿਆ ਕਿ 1984 ਸਿੱਖ ਕਤਲੇਆਮ ਦੇ ਮਾਮਲੇ ‘ਚ ਗਵਾਹ ਵਿਵਾਦਿਤ ਅਸਲਾ ਡੀਲਰ ਅਭਿਸ਼ੇਕ ਵਰਮਾ ਦਾ ਲਾਈ ਡਿਟੈਕਟਰ (ਝੂਠ ਦਾ ਪਤਾ ਲਾਉਣ ਵਾਲਾ) ਟੈੱਸਟ 3 ਤੋਂ 6 ਅਕਤੂਬਰ ਨੂੰ ਹੋਵੇਗਾ।
ਸੀਬੀਆਈ ਨੇ ਐਡੀਸ਼ਨਲ ਚੀਫ਼ ਮੈਟਰੋਪੋਲੀਟਿਨ ਮੈਜਿਸਟ੍ਰੇਟ ਅਮਿਤ ਅਰੋੜਾ ਦੀ ਅਦਾਲਤ ਨੂੰ ਦੱਸਿਆ ਕਿ ਇੱਥੇ ਰੋਹਿਣੀ ਸਥਿਤ ਸਰਕਾਰੀ ਫੋਰੈਂਸਿਕ ਵਿਗਿਆਨ ਪ੍ਰਯੋਗਸ਼ਾਲਾ ਨੇ ਟੈੱਸਟ ਕਰਨ ਲਈ ਤਰੀਕਾਂ ਦੀ ਪੁਸ਼ਟੀ ਕਰ ਦਿੱਤੀ ਹੈ। ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ 30 ਅਕਤੂਬਰ ‘ਤੇ ਪਾ ਦਿੱਤੀ ਹੈ, ਜਦੋਂ ਸੀਬੀਆਈ ਲਾਈ ਡਿਟੈਕਟਰ ਟੈੱਸਟ ਸਬੰਧੀ ਆਪਣੀ ਰਿਪੋਰਟ ਵੀ ਪੇਸ਼ ਕਰੇਗੀ। ਜਦੋਂ ਕਿ ਦੰਗਾ ਪੀੜਤਾਂ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਐੱਚ. ਐੱਸ. ਫੂਲਕਾ ਨੇ ਕਿਹਾ ਕਿ ਜਾਂਚ ਏਜੰਸੀ ਗਵਾਹਾਂ ਦੇ ਬਿਆਨ ਨਾ ਦਰਜ ਕਰਕੇ ਮਾਮਲੇ ‘ਚ ਦੇਰੀ ਕਰਕੇ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਜ਼ਿਕਰਯੋਗ ਹੈ ਕਿ ਕਾਂਗਰਸੀ ਸੀਨੀਅਰ ਆਗੂ ਜਗਦੀਸ਼ ਟਾਈਟਲਰ, ਜਿਸ ਨੂੰ ਸੀਬੀਆਈ ਵੱਲੋਂ ਤਿੰਨ ਵਾਰ ਕਲੀਨ ਚਿੱਟ ਦਿੱਤੀ ਜਾ ਚੁੱਕੀ ਹੈ ਨੇ ਇਹ ਟੈੱਸਟ ਕਰਵਾਉਣ ਤੋਂ ਨਾਂਹ ਕਰ ਦਿੱਤੀ ਸੀ, ਜਦੋਂ ਕਿ ਵਰਮਾ ਨੇ ਸ਼ਰਤਾਂ ਤਹਿਤ ਇਹ ਟੈੱਸਟ ਕਰਵਾਉਣ ਲਈ ਹਾਂ ਕੀਤੀ ਸੀ।