37 ਸਾਲਾ ਜੈਸਿੰਡਾ ਅਰਡਨ ਦੇਸ਼ ਦੀ ਨਵੀਂ ‘ਪ੍ਰਧਾਨ ਮੰਤਰੀ’ ਬਣੇਗੀ 

ਆਕਲੈਂਡ, 20 ਅਕਤੂਬਰ – ਨਿਊਜ਼ੀਲੈਂਡ ਫ਼ਸਟ ਦੇ ਲੀਡਰ ਵਿਨਸਟਨ ਪੀਟਰਜ਼ ਵੱਲੋਂ ਲੇਬਰ ਪਾਰਟੀ ਨੂੰ ਹਮਾਇਤ ਦੇਣ ਨਾਲ ਦੇਸ਼ ਵਿੱਚ 52ਵੀਂ ਸੰਸਦ ਲਈ ਗੱਠਜੋੜ ਸਰਕਾਰ ਬਣਨ ਦਾ ਰਾਹ ਪੱਧਰਾ ਹੋ ਗਿਆ ਹੈ। ਹੁਣ ਲੇਬਰ ਲੀਡਰ 37 ਸਾਲਾ ਜੈਸਿੰਡਾ ਅਰਡਨ ਦੇਸ਼ ਦੀ 40ਵੀਂ ਪ੍ਰਧਾਨ ਮੰਤਰੀ ਹੋਵੇਗੀ। ਜੈਸਿੰਡਾ ਅਰਡਨ ਦੇਸ਼ ਦੀ ਸਭ ਤੋਂ ਘੱਟ ਉਮਰ ਦੀ ਪਹਿਲੀ ਪ੍ਰਧਾਨ ਮੰਤਰੀ ਅਤੇ ਦੇਸ਼ ਦੀ ਤੀਜੀ ਮਹਿਲਾ ਪ੍ਰਧਾਨ ਮੰਤਰੀ ਹੋਵੇਗੀ। ਜਦੋਂ ਕਿ ਨਿਊਜ਼ੀਲੈਂਡ ਫ਼ਸਟ ਦੇ ਲੀਡਰ ਵਿਨਸਟਨ ਪੀਟਰਜ਼ ਉਪ ਪ੍ਰਧਾਨ ਮੰਤਰੀ ਬਣਨਗੇ। ਸੰਸਦ ਵਿੱਚ ਲੇਬਰ ਦੀ ਅਗਵਾਈ ਵਾਲੀ ਗੱਠਜੋੜ ਸਰਕਾਰ ਬਣਨ ਜਾ ਰਹੀ ਹੈ ਜਿਸ ਵਿੱਚ ਉਨ੍ਹਾਂ ਦੀ ਹਮਾਇਤ ਵਿੱਚ ਨਿਊਜ਼ੀਲੈਂਡ ਫ਼ਸਟ ਅਤੇ ਗ੍ਰੀਨ ਪਾਰਟੀ ਹਨ। ਚੋਣਾਂ ਵਿੱਚ ਸਭ ਤੋਂ ਵੱਧ ਸੀਟਾਂ ਜਿੱਤਣ ਵਾਲੀ ਨੈਸ਼ਨਲ ਸਰਕਾਰ ਹੁਣ ਵਿਰੋਧੀ ਪਾਰਟੀ ਦੀ ਭੂਮਿਕਾ ਨਿਭਾਏਗੀ।
ਜ਼ਿਕਰਯੋਗ ਹੈ ਕਿ 7 ਅਕਤੂਬਰ ਨੂੰ ਸਪੈਸ਼ਲ ਵੋਟਾਂ ਦੀ ਗਿਣਤੀ ਤੋਂ ਬਾਅਦ ਆਏ ਨਤੀਜਿਆਂ ਵਿੱਚ ਨੈਸ਼ਨਲ ਪਾਰਟੀ ਨੂੰ 56, ਲੇਬਰ ਪਾਰਟੀ ਨੂੰ 46, ਨਿਊਜ਼ੀਲੈਂਡ ਫ਼ਸਟ ਨੂੰ 9, ਗ੍ਰੀਨ ਪਾਰਟੀ ਨੂੰ 8 ਅਤੇ ਐਕਟ ਪਾਰਟੀ ਨੂੰ 1 ਸੀਟ ਮਿਲੀ ਸੀ।
ਨਵੀਂ ਸਰਕਾਰ ਦੀ ਕੈਬਨਿਟ ਵਿੱਚ ਲੇਬਰ ਪਾਰਟੀ 21 ਅਹੁਦਿਆਂ ‘ਤੇ, ਨਿਊਜ਼ੀਲੈਂਡ ਫ਼ਸਟ ਕੈਬਨਿਟ ਦੇ ਅੰਦਰ ਚਾਰ ਅਹੁਦਿਆਂ ‘ਤੇ ਰਹੇਗਾ ਅਤੇ ਗ੍ਰੀਨ ਪਾਰਟੀ ਕੈਬਨਿਟ ਤੋਂ ਬਾਹਰ ਤਿੰਨ ਅਹੁਦਿਆਂ ‘ਤੇ ਬਣੀ ਰਹੇਗੀ। ਕੁੱਲ ਮਿਲਾ ਕੇ ਕਾਰਜਕਾਰਨੀ ਵਿੱਚ 28 ਮੈਂਬਰਾਂ ਦੀ ਗਿਣਤੀ ਹੋਵੇਗੀ, ਜੋ ਕਿ ਪਿਛਲੇ ਸਰਕਾਰਾਂ ਦੇ ਅਨੁਸਾਰ ਹੈ। ਲੇਬਰ ਦੀ ਅਗਵਾਈ ਵਾਲੀ ਸਰਕਾਰ ਅਗਲੇ ਵੀਰਵਾਰ ਸਹੁੰ ਚੁੱਕੇਗੀ। ਹੁਣ ਲੇਬਰ ਪਾਰਟੀ ਅਗਲੇ ਹਫ਼ਤੇ ਗਵਰਨਰ ਜਨਰਲ ਕੋਲ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰੇਗੀ ਅਤੇ ਬਹੁਮਤ ਪੇਸ਼ ਕਰਨ ਬਾਅਦ ਲੇਬਰ ਪਾਰਟੀ ਨੂੰ ਸਰਕਾਰ ਬਣਾਉਣ ਦਾ ਸੱਦਾ ਮਿਲੇਗਾ।