ਏਅਰ ਇੰਡੀਆ ਦੀ ਅੰਮ੍ਰਿਤਸਰ-ਦਿੱਲੀ-ਟੋਰਾਂਟੋ ਉਡਾਣ ਤੁਰੰਤ ਸ਼ੁਰੂ ਕਰਨ ਦੀ ਮੰਗ

ਅੰਮ੍ਰਿਤਸਰ (ਡਾ ਚਰਨਜੀਤ ਸਿੰਘ ਗੁਮਟਾਲਾ) – ਅੰਮ੍ਰਿਤਸਰ ਵਿਕਾਸ ਮੰਚ ਨੇ ਨਿਯੂ-ਯਾਰਕ, ਸ਼ਿਕਾਗੋ ਤੇ ਹੋਰ ਉਡਾਣਾਂ ਵਾਂਗ ਏਅਰ ਇੰਡੀਆ ਦੀ ਅੰਮ੍ਰਿਤਸਰ-ਦਿੱਲੀ-ਟੋਰਾਂਟੋ ਉਡਾਣ ਵੀ ਤੁਰੰਤ ਮੁੜ ਸ਼ੁਰੂ ਕਰਨ ਦੀ ਮੰਗ ਕੀਤੀ ਹੈ ਕਿਉਂਕਿ ਇਸ ਉਡਾਣ ਵਿੱਚ 80 ਤੋਂ 90 ਪ੍ਰਤੀਸ਼ਤ ਯਾਤਰੂ ਪੰਜਾਬੀ ਹੁੰਦੇ ਹਨ। ਮੰਚ ਦੇ ਸਰਪ੍ਰਸਤ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਰਾਸ਼ਟਰਪਤੀ ਸ੍ਰੀ ਮਤੀ ਪ੍ਰਤਿਭਾ ਦੇਵੀ ਸਿੰਘ ਪਾਟਿਲ, ਯੂ. ਪੀ. ਏ. ਚੇਅਰਪਰਸਨ ਤੇ ਕਾਂਗਰਸ ਪ੍ਰਧਾਨ ਸ੍ਰੀ ਮਤੀ ਸੋਨੀਆ ਗਾਂਧੀ, ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਤੇ ਸ਼ਹਿਰੀ ਹਵਾਬਾਜ਼ੀ ਮੰਤਰੀ ਸ੍ਰੀ ਅਜੀਤ ਸਿੰਘ, ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ, ਸਾਬਕਾ ਕੇਂਦਰੀ ਖੇਡ ਤੇ ਯੁਵਕ ਸੇਵਾਵਾਂ ਮੰਤਰੀ ਡਾ. ਮਨੋਹਰ ਸਿੰਘ ਗਿੱਲ, ਕੇਦਰੀ ਵਿਦੇਸ਼ ਮੰਤਰੀ ਸ੍ਰੀਮਤੀ ਪ੍ਰਨੀਤ ਕੌਰ, ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਸ੍ਰੀ ਮਤੀ ਅੰਬਿਕਾ ਸੋਨੀ, ਲੋਕ ਸਭਾ ਮੈਬਰ ਸ. ਨਵਜੋਤ ਸਿੰਘ ਸਿੱਧ ਅਤੇ ਡਾ. ਰਤਨ ਸਿੰਘ ਅਜਨਾਲਾ, ਰਾਜ ਸਭਾ ਮੈਂਬਰ ਕਾਮਰੇਡ ਸੀਤਾ ਰਾਮ ਯੈਂਚੁਰੀ, ਸ. ਸੁਖਦੇਵ ਸਿੰਘ ਢੀਂਡਸਾ, ਸ. ਤ੍ਰਲੋਚਨ ਸਿੰਘ ਤੇ ਸ੍ਰੀ ਅਵਨਾਸ਼ ਰਾਇ ਖੰਨਾ, ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀ ਰਜ਼ਤ ਅਗਰਵਾਰ ਤੇ ਹੋਰਨਾਂ ਨੂੰ ਲਿਖੇ ਪੱਤਰ ਵਿੱਚ ਕਿਹਾ ਹੈ 8 ਮਈ ਨੂੰ ਏਅਰ ਇੰਡੀਆ ਦੇ ਪਾਇਲਟਾਂ ਵਲੋਂ ਅਚਾਨਕ ਹੜਤਾਲ ‘ਤੇ ਜਾਣ ਨਾਲ ਏਅਰ ਇੰਡੀਆ ਨੇ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਉਡਾਣਾਂ ਬੰਦ ਕਰ ਦਿੱਤੀਆਂ ਸਨ, ਪਰ ਇਨ੍ਹਾਂ ਵਿਚੋਂ ਬਹੁਤ ਸਾਰੀਆਂ ਉਡਾਣਾਂ ਜਿਨ੍ਹਾਂ ਵਿੱਚ ਨਿਯੂ-ਯਾਰਕ, ਸ਼ਿਕਾਗੋ, ਲੰਡਨ, ਫ਼ਰੈਂਕਫਰਟ ਆਦਿ ਸ਼ਾਮਲ ਹਨ ਮੁੜ ਸ਼ੁਰੂ ਹੋ ਗਈਆਂ ਹਨ ਪਰ ਅੰਮ੍ਰਿਤਸਰ-ਦਿੱਲੀ-ਟੋਰਾਂਟੋ ਉਡਾਣ ਮੁੜ ਸ਼ੁਰੂ ਨਹੀਂ ਕੀਤੀ ਗਈ, ਜਿਸ ਵਿੱਚ 80 ਤੋਂ 90 ਪ੍ਰਤੀਸ਼ਤ ਸੁਆਰੀਆਂ ਪੰਜਾਬ ਤੋਂ ਹੁੰਦੀਆਂ ਹਨ। ਇਸ ਉਡਾਣ ਦੀ ਨਵੀਂ ਬੁਕਿੰਗ ਬੰਦ ਕੀਤੀ ਹੋਈ ਹੈ ਤੇ ਪਹਿਲਾਂ ਬੁਕ ਕੀਤੀਆਂ ਸੁਆਰੀਆਂ ਨੂੰ ਦੂਜੀਆਂ ਏਅਰ ਲਾਈਨਾਂ ਰਾਹੀ ਭੇਜਿਆ ਜਾ ਰਿਹਾ ਹੈ। ਇਸ ਨਾਲ ਜਿੱਥੇ ਏਅਰ ਇਡੀਆ ਨੂੰ ਵਿੱਤੀ ਘਾਟਾ ਪੈ ਰਿਹਾ ਹੈ, ਉੱਥੇ ਸੁਆਰੀਆਂ ਵੀ ਖ਼ਜ਼ਲ ਖੁਆਰ ਹੋ ਰਹੀਆਂ ਹਨ ਅਤੇ ਅੰਮ੍ਰਿਤਸਰ ਹਵਾਈ ਅੱਡੇ ਦਾ ਵੀ ਨੁਕਸਾਨ ਹੋ ਰਿਹਾ ਹੈ। ਅੰਮ੍ਰਿਤਸਰ ਹਵਾਈ ਅੱਡੇ ਤੇ ਭਾਰਤ ਸਰਕਾਰ ਨੇ ਕ੍ਰੋੜਾਂ ਰੁਪਏ ਇਸ ਲਈ ਲਗਾਏ ਹਨ ਤਾਂ ਜੋ ਦੁਨੀਆਂ ਭਰ ਦੇ ਲੋਕ ਸ੍ਰੀ ਹਰਿ ਮੰਦਰ ਸਾਹਿਬ ਦੇ ਦਰਸ਼ਨ ਕਰਨ ਲਈ ਆਸਾਨੀ ਨਾਲ ਆ ਸਕਣ।