ਨਿਊਜ਼ੀਲੈਂਡ ਭਰ ‘ਚ ਭੂਚਾਲ ਦੇ ਝਟਕੇ ਭੂਚਾਲ ਨਾਲ ਜਾਨੀ ਤੇ ਵੱਡੀ ਪੱਧਰ ‘ਤੇ ਮਾਲੀ ਨੁਕਸਾਨ

aftermath_620x310ਆਕਲੈਂਡ, 14 ਨਵੰਬਰ – ਦੇਸ਼ ਭਰ ਵਿੱਚ ਰਾਤ 12.02 ਮਿੰਟ ‘ਤੇ ਆਏ ਵੱਡੀ ਪੱਧਰ ਦੇ ਭੂਚਾਲ ਨੇ ਦੇਸ਼ ਵਾਸੀਆਂ ਖ਼ਾਸ ਕਰਕੇ ਕ੍ਰਾਈਸਟਚਰਚ, ਵੈਲਿੰਗਟਨ ਕੈਂਟਰਬਰੀ ਤੇ ਆਕਲੈਂਡ ਸਣੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ। ਭੂ ਵਿਗਿਆਨੀਆਂ ਅਨੁਸਾਰ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ਉੱਤੇ 7.5 ਮਾਪੀ ਗਈ ਹੈ। ਜਿਸ ਨਾਲ ਜਾਨੀ ਤੇ ਮਾਲੀ ਦੋਵੇਂ ਨੁਕਸਾਨ ਹੋਣ ਦੀ ਖ਼ਬਰ ਹੈ। ਭੂਚਾਲ ਤੋਂ ਬਾਅਦ ਸਿਵਲ ਡਿਫੈਂਸ ਵੱਲੋਂ ਸਮੁੰਦਰ ਕੰਢੇ ਰਹਿਣ ਵਾਲੀਆਂ ਨੂੰ ਸੁਨਾਮੀ ਦੀ ਚੇਤਾਵਨੀ ਵੀ ਜਾਰੀ ਕੀਤੀ ਗਈ ਸੀ ਕਿਉਂਕਿ ਭੂਚਾਲ ਦੇ ਕਰਕੇ ਕੈਕੌਰਾ ਵਿੱਚ ਇਕ ਪੈਮਾਨੇ ‘ਤੇ 2 ਮੀਟਰ ਉੱਚੀਆਂ ਲਹਿਰਾਂ ਸਮੁੰਦਰ ‘ਚ ਉੱਠੀਆਂ ਸਨ। ਭੂਚਾਲ ਦਾ ਕੇਂਦਰ ਕ੍ਰਾਈਸਟਚਰਚ ਤੋਂ 90 ਕਿੱਲੋਮੀਟਰ ਨਾਰਥ ਕੈਂਟਰਬਰੀ ਦੇ ਕੂਲਵਰਡਨ ਲਾਗੇ ਹੈਨਮਰ ਸਪਰਿੰਗ (ਸਾਊਥ ਆਈਸਲੈਂਡ) ਵਿਖੇ 15 ਕਿੱਲੋਮੀਟਰ ਜ਼ਮੀਨ ਦੇ ਹੇਠਾਂ ਸੀ। ਭੁਚਾਲ ਨਾਲ 2 ਲੋਕਾਂ ਦੀ ਮੌਤ ਹੋਈ ਹੈ। ਇੱਕ ਵਿਅਕਤੀ ਦੀ ਘਰ ਡਿੱਗਣ ਅਤੇ ਦੂਜੇ ਦੀ ਦਿਲ ਦਾ ਦੌਰਾ ਪੈਣ ਕਾਰਣ ਮੌਤ ਹੋਈ ਹੈ। ਪ੍ਰਧਾਨ ਮੰਤਰੀ ਜਾਨ ਕੀ ਨੇ ਬਿਆਨ ਜਾਰੀ ਕਰਕੇ ਭੂਚਾਲ ਦੀ ਪੁਸ਼ਟੀ ਕੀਤੀ ਹੈ। ਭੂਚਾਲ ਕਾਰਣ ਕਈ ਇਮਾਰਤਾਂ ਨੂੰ ਵੱਡਾ ਨੁਕਸਾਨ ਪੁੱਜਣ ਦੇ ਨਾਲ ਵੱਡੀ ਪੱਧਰ ਉੱਤੇ ਮਾਲੀ ਨੁਕਸਾਨ ਵੀ ਹੋਇਆ ਹੈ ਅਤੇ ਕਈ ਲੋਕ ਨੂੰ ਆਪਣੇ ਘਰ ਛੱਡ ਕੇ ਸੁਰੱਖਿਅਤ ਥਾਵਾਂ ‘ਤੇ ਜਾਣਾ ਪਿਆ। ਕਈਆਂ ਨੇ ਖੁੱਲ੍ਹੇ ਅਸਮਾਨ ਥੱਲੇ ਰਾਤ ਬਿਤਾਈ। ਭੁਚਾਲ ਤੋਂ ਬਾਅਦ ਸਮੁੰਦਰੀ ਤਟਾਂ ਦੇ ਨਜ਼ਦੀਕ ਰਹਿਣ ਵਾਲੇ ਲੋਕ ਸੁਰੱਖਿਅਤ ਥਾਵਾਂ ‘ਤੇ ਪੁੱਜੇ। ਵੱਡੇ ਭੂਚਾਲ ਤੋਂ ਬਾਅਦ ਛੋਟੇ-ਛੋਟੇ ਕਈ ਭੂਚਾਲ ਦੇ ਝਟਕੇ ਹਾਲੇ ਵੀ ਆ ਰਹੇ ਹਨ।