ਰਾਜਾ ਰਣਧੀਰ ਸਿੰਘ ਨੂੰ ਮੀਤ ਪ੍ਰਧਾਨ ਚੁਣਿਆ

ਨਵੀਂ ਦਿੱਲੀ – ਮਾਸਕੋ ਵਿਖੇ ਹੋਈ ਮੀਟਿੰਗ ਵਿੱਚ ਖੇਡ ਸੰਚਾਲਕ ਤੇ ਸਾਬਕਾ ਨਿਸ਼ਾਨੇਬਾਜ਼ ਰਾਜਾ ਰਣਧੀਰ ਸਿੰਘ ਨੂੰ ਐਸੋਸੀਏਸ਼ਨ ਆਫ਼ ਨੈਸ਼ਨਲ ਉਲੰਪਿਕ ਕਮੇਟੀਜ਼ ਦਾ ਮੀਤ ਪ੍ਰਧਾਨ ਚੁਣਿਆ ਗਿਆ ਹੈ। ਭਾਰਤੀ ਉਲੰਪਿਕ ਐਸੋਸੀਏਸ਼ਨ ਦੇ ਜਨਰਲ ਸਕੱਤਰ ਰਾਜਾ ਰਣਧੀਰ ਸਿੰਘ ਇਸ ਅਹੁਦੇ ‘ਤੇ ਬੈਠਣ ਵਾਲੇ ਪਹਿਲੇ ਭਾਰਤੀ ਬਣ ਗਏ ਹਨ। ਇਸ ਚੋਣ ਦੌਰਾਨ ਅਹਿਮਦ ਅਲ ਫਾਹਦ ਅਲ ਸਬਾਹ ਨੂੰ ਇਸ ਸੰਸਥਾ ਦਾ ਪ੍ਰਧਾਨ ਚੁਣਿਆ ਗਿਆ ਹੈ, ਜਿਹੜੇ ਏਸ਼ੀਅਨ ਉਲੰਪਿਕ ਐਸੋਸੀਏਸ਼ਨ ਦੇ ਪ੍ਰਧਾਨ ਵੀ ਹਨ। ਰਾਜਾ ਰਣਧੀਰ ਸਿੰਘ ਏਸ਼ੀਅਨ ਉਲੰਪਿਕ ਕੌਂਸਲ ਦੇ ਵੀ ਲੰਬੇ ਅਰਸੇ ਤੋਂ ਜਨਰਲ ਸਕੱਤਰ ਚੱਲੇ ਆ ਰਹੇ ਹਨ ਅਤੇ ਪਿਛਲੇ ਵਰ੍ਹੇ ਅਕਤੂਬਰ ‘ਚ ਲਗਾਤਾਰ ਛੇਂਵੀਂ ਵਾਰ ਇਸ ਅਹੁਦੇ ਲਈ ਚੁਣੇ ਗਏ ਸਨ। ਬਤੌਰ ਨਿਸ਼ਾਨੇਬਾਜ਼ ਰਾਜਾ ਰਣਧੀਰ ਸਿੰਘ 6 ਵਾਰੀ ਉਲੰਪਿਕ ਖੇਡਾਂ ‘ਚ ਦੇਸ਼ ਦੀ ਨੁਮਾਇਦਗੀ ਵੀ ਕਰ ਚੁੱਕੇ ਹਨ।