ਵੋਟ ਵੋਟਰ ਅਤੇ ਵੋਟ ਦੀ ਅਹਿਮੀਅਤ

ਵੋਟ! ਲੋਕਤੰਤਰ ਪ੍ਰਣਾਲੀ ਵਿੱਚ ਆਪਣੇ ਲਈ, ਆਪਣੇ ਦੁਆਰਾ, ਬਿਨਾ ਖੂੰਨ ਖਰਾਬੇ ਦੇ, ਆਪਣੀ ਸਰਕਾਰ ਬਣਾਉਣ ਦਾ ਸਾਧਨ ਹੈ। ਲੋਕਤੰਤਰ ਤੋਂ ਪਹਿਲਾ ਰਾਜਾ ਰਾਣੀ ਦੇ ਪੇਟੋਂ ਜੰਮਦਾ ਸੀ। ਲੋਕਤੰਤਰ ਨੇ ਲੋਕਾਂ ਨੂੰ ਵੋਟ ਦਾ ਐਸਾ ਅਧਿਕਾਰ ਦਿੱਤਾ ਕਿ ਹੁਣ ਰਾਜਾ ਰਾਣੀ ਦੇ ਪੇਟੋਂ ਨਹੀਂ, ਪੇਟੀ ਵਿੱਚੋਂ (ਇਲੈਕਟਰੋਨੀਕ ਮਸ਼ੀਨਾਂ) ਜੰਮਦਾ ਹੈ। ਲੋਕਤੰਤਰ ਵਿੱਚ ਇਕ ਸਰਕਾਰ ਨੂੰ ਵੋਟ ਰਾਂਹੀ ਬਦਲਿਆ ਜਾ ਸਕਦਾ ਹੈ। ਲੋਕਤੰਤਰ ਦਾ ਤਾਣਾ ਬਾਣਾ ਜਿੰਨਾ ਮਜ਼ਬੂਤ ਹੋਵੇਗਾ, ਉਨਾ ਹੀ ਲੋਕਾਂ ਦਾ ਰਾਜਨੀਤਕ ਵਿਸ਼ਵਾਸ ਵੀ ਮਜ਼ਬੂਤ ਹੋਵੇਗਾ।
20ਵੀਂ ਸਦੀ ਤੱਕ ਸੱਤਾ ਪ੍ਰੀਵਰਤਨ ਦਾ ਸਾਧਨ ਹਥਿਆਰਬੰਦ ਹੀ ਰਿਹਾ ਹੈ। 1917 ਦੀ ਰੂਸੀ ਕ੍ਰਾਂਤੀ ਅਤੇ ਹੋਰ ਚਲ ਰਹੀਆਂ ਹਥਿਆਰਬੰਦ ਬਗਾਵਤਾਂ ਦਾ ਮੁਕਾਬਲਾ ਕਰਨ ਲਈ ਲੋਟੂ ਸਰਕਾਰਾਂ ਨੇ ਜਿੱਥੇ ਆਪਣੇ ਹਥਿਆਰ ਖੇਤਰ, ਫੌਜਾਂ, ਟਰਾਂਸਪੋਰਟ ਤੇ ਸੰਚਾਰ ਸਾਧਨਾਂ ਵਿੱਚ ਚੋਖਾ ਵਾਧਾ ਕੀਤਾ, ਉੱਥੇ ਆਪਣੇ ਪ੍ਰਸ਼ਾਸਨ ਨੂੰ ਚੌਕਸ ਅਤੇ ਖੁਫੀਆ ਖੇਤਰ ਦਾ ਵਿਸਥਾਰ ਵੀ ਕੀਤਾ। ਸਾਮਰਾਜੀਆਂ ਨੇ ਸੱਤਾ ਵਿੱਚ ਭਾਗੀਦਾਰੀ ਲਈ ਜਿੱਥੇ ਵੋਟ ਦਾ ਅਧਿਕਾਰ ਦੇ ਕੇ ਆਮ ਲੋਕਾਂ ਨੂੰ ਉਤਸ਼ਾਹਿਤ ਕੀਤਾ, ਉੱਥੇ ਉੱਠ ਰਹੀਆਂ ਹਥਿਆਰਬੰਦ ਬਗਾਵਤਾਂ ਨੂੰ ਖਤਮ ਵੀ ਕੀਤਾ।
ਪੰ੍ਰਤੂ ਔਰਤਾਂ ਨੂੰ ਵੋਟ ਦੇ ਅਧਿਕਾਰ ਤੋਂ ਫਿਰ ਵੀ ਵੰਚਿਤ ਰੱਖਿਆ ਗਿਆ। ਪੱਛਮ ਵਿੱਚ ਔਰਤਾਂ ਨੂੰ ਵੋਟ ਦਾ ਅਧਿਕਾਰ ਹਾਸਿਲ ਕਰਨ ਲਈ, ਕੁਰਬਾਨੀਆਂ ਭਰਪੂਰ ਲੰਬਾ ਸੰਘਰਸ਼ ਕਰਨਾ ਪਿਆ। ਔਰਤਾਂ ਨੂੰ ਵੋਟ ਦਾ ਅਧਿਕਾਰ ਰੂਸ ਵਿੱਚ 1918, ਜਰਮਨੀ 1919, ਅਮਰੀਕਾ ਵਿੱਚ 1920, ਰੁਮਾਨੀਆ 1927, ਇੰਗਲੈਂਡ 1928, ਸਪੇਨ 1931, ਫਰਾਂਸ ਵਿੱਚ 1946, ਸਵਿਟਜ਼ਰਲੈਂਡ ਵਿੱਚ 1971 ਵਿੱਚ ਦਿੱਤਾ ਗਿਆ। ਮੌਜੂਦਾ ਸਮੇਂ ‘ਚ ਸਾਰੇ ਲੋਕਤੰਤਰੀ ਦੇਸ਼ਾਂ ਵਿੱਚ ਔਰਤਾਂ ਨੂੰ ਪੁਰਸ਼ਾਂ ਦੇ ਸਮਾਨ ਚੋਣ ਲੜਨ ਅਤੇ ਵੋਟ ਪਾਉਣ ਦਾ ਅਧਿਕਾਰ ਪ੍ਰਾਪਤ ਹੈ।
ਭਾਰਤ ਵਿੱਚ ਵੀ ਸੱਤਾ ਪ੍ਰੀਵਰਤਨ ਦਾ ਸਾਧਨ 20ਵੀਂ ਸਦੀ ਦੇ ਦੂਜੇ ਦਹਾਕੇ ਤੱਕ ਹਥਿਆਰਬੰਦ ਹੀ ਰਿਹਾ। ਅੰਗਰੇਜ਼ਾਂ ਨੇ ਸਮੇਂ ਦੀ ਚਾਲ ਨੂੰ ਸਮਝਿਆ, 1909 ‘ਚ ਪਹਿਲੀ ਵਾਰ ਕੁੱਝ ਹਿੰਦੋਸਤਾਨੀਆਂ ਨੂੰ ਵੋਟ ਦਾ ਅਧਿਕਾਰ ਦਿੱਤਾ। ਸਿੱਟੇ ਵਜੋਂ ਵੋਟ ਦੀ ਰਾਜਨੀਤੀ ਸ਼ੁਰੂ ਹੋਈ। ਪ੍ਰੰਤੂ ਇਹ ਵੋਟ ਦਾ ਅਧਿਕਾਰ ਸਿਰਫ ਉਨ੍ਹਾਂ ਨੂੰ ਹੀ ਮਿਲਿਆ ਜਿਨ੍ਹਾਂ ਪਾਸ 10 ਖੇਤ ਤੋਂ ਉੱਪਰ ਜ਼ਮੀਨ ਜਾਂ 10 ਹਜ਼ਾਰ ਰੁਪਏ ਦੀ ਜਾਇਦਾਦ ਜਾਂ ਫਿਰ ਉਹ ਦਸਵੀਂ ਪਾਸ ਸਨ। ਸਿੱਟੇ ਵਜੋਂ ਦੇਸ਼ ਦਾ ਦਲਿਤ ਸ਼ੋਸ਼ਿਤ ਮਜ਼ਦੂਰ ਅਤੇ ਔਰਤ ਬਹੁਜਨ ਸਮਾਜ ਫਿਰ ਵੰਚਿਤ ਹੀ ਰਿਹਾ। 26 ਜਨਵਰੀ 1950 ‘ਚ ਭਾਰਤੀ ਸੰਵਿਧਾਨ ਦੇ ਲਾਗੂ ਹੋਣ ਉਪਰੰਤ ਸਭ ਨਾਗਰਿਕਾਂ ਨੂੰ ਬਰਾਬਰ ਵੋਟ ਦਾ ਅਧਿਕਾਰ ਦਿੱਤਾ ਗਿਆ।
ਪਿਛਲੇ 64 ਸਾਲਾਂ ਵਿੱਚ ਵੋਟ ਨੇ ਜਿੰਨੀਆਂ ਸਰਕਾਰਾਂ ਬਦਲ ਦਿੱਤੀਆਂ, ਉਨੀਆਂ ਸਮੁੱਚੇ ਪਿਛਲੇ ਇਤਿਹਾਸ ਵਿੱਚ ਹਥਿਆਰਾਂ ਨੇ ਨਹੀਂ ਬਦਲੀਆਂ। ਬੇਸ਼ਕ ਬੇਹੁਗਿਣਤੀ ਵਿੱਚ ਲੋਕਾਂ ਨੂੰ ਉਨ੍ਹਾਂ ਸਰਕਾਰਾਂ ਤੋਂ ਕੋਈ ਬਹੁਤ ਫਾਇਦਾ ਨਹੀਂ ਹੋਇਆ, ਇਹ ਇੱਕ ਵੱਖਰੀ ਗੱਲ ਹੈ। ਵੋਟ ਨੂੰ ਇਸ ਦਾ ਜੁੱਮੇਵਾਰ ਨਹੀਂ ਠਹਿਰਾਇਆ ਜਾ ਸਕਦਾ। ਇਹ ਨੇਤਾਵਾਂ ਦਾ ਕਸੂਰ ਹੈ ਜਿਨ੍ਹਾਂ ਲੋਕ ਹਿੱਤਾਂ ਨੂੰ ਨਹੀਂ ਆਪਣੇ ਸਵਾਰਥਾਂ ਨੂੰ ਅੱਗੇ ਰੱਖਿਆ।
ਪ੍ਰੰਤੂ ਇਸ ਸਮੇਂ ਵਿਚਕਾਰ ਉੱਠੀਆ ਹਥਿਆਰਬੰਦ ਲਹਿਰਾਂ ਤੇ ਬਗਾਵਤਾਂ ਦੀ ਕਾਰਗੁਜ਼ਾਰੀ ਵੀ ਤਾਂ ਸਾਹਮਣੇ ਹੈ। ਸ਼੍ਰੀ ਲੰਕਾ ਦੇ ਲਿਟੇ, ਜੰਮੂ ਕਸ਼ਮੀਰ ਦੇ ਟਾਈਗਰਜ਼, ਨਾਗਾਲੈਂਡ ਦੇ ਨਾਗਾਜ਼, ਗੋਰਖਾਲੈਂਡ ਅਤੇ ਪੰਜਾਬ ਦੇ ਖਾਲਸਤਾਨੀ ਹਥਿਆਰ ਬੰਦ ਅੰਦੋਲਨਾਂ ਦੀ ਕਾਰਗੁਜ਼ਾਰੀ ਨੂੰ ਮੱਦੇ ਨਜ਼ਰ ਰੱਖਕੇ ਫੈਸਲਾ ਕੀਤਾ ਜਾ ਸਕਦਾ ਹੈ। ਪੂੰਜੀਪਤੀ ਲੋਟੂ ਸਰਕਾਰਾਂ ਨੇ ਇੰਨੇ ਸਰੁੱਖਿਆ ਪ੍ਰਬੰਧ ਮਜਬੂਤ ਕਰ ਲਏ ਹਨ ਕਿ ਉਹ ਪੰਜਾਬ ਵਰਗੇ ਰਾਜ ਨੂੰ ਕੁੱਝ ਘੰਟਿਆ ਵਿਚ ਹੀ ਇਸ ਤਰਾਂ ਕੰਟਰੋਲ ਕਰ ਸਕਦੇ ਹਨ ਕਿ ਇਕ ਮਨੁੱਖ ਦੂਜੀ ਥਾਂ ‘ਤੇ ਨਹੀਂ ਜਾ ਸਕਦਾ। … 1984 ਦਾ ਅਪਰੇਸ਼ਨ ਬਲਿਓ ਸਟਾਰ ਪ੍ਰਤੱਖ ਪ੍ਰਮਾਣ ਹੈ। ਮਜੂਦਾ ਹਲਾਤਾਂ ਵਿੱਚ ਇਸ ਸਮੇਂ ਸੱਤਾ ਪ੍ਰਾਪਤੀ ਦਾ ਰਾਹ ਵੋਟ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਵਰਤਣਾ ਹੀ ਬਣਦਾ ਹੈ।
ਚੋਣਾਂ ਦਾ ਐਲਾਨ ਹੁੰਦਿਆਂ ਹੀ ਆਗੂਆਂ ਨੇ ਲੋਕਾਂ ਨੂੰ ਵਰਗਲਾਉਣ ਦੀਆਂ ਸਕੀਮਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਸਭ ਤੋਂ ਵੱਡਾ ਖ਼ਤਰਾ ਇਨ੍ਹਾਂ ਨੂੰ ਦਲਿਤ ਸ਼ੋਸ਼ਿਤ ਮਜ਼ਦੂਰ ਕਿਸਾਨ ਕੋਲੋਂ ਹੀ ਨਜ਼ਰ ਆਉਂਦਾ ਹੈ। ਕਿਉਂਕਿ ਪਿੱਛਲੀ ਵਾਰ ਆਗੂਆਂ ਨੇ ਦਾਅਵੇ ਤਾਂ ਇਨ੍ਹਾਂ ਨੂੰ ਪਲਾਟ ਦੇਣ, ਹਰ ਇਕ ਨੂੰ ਘਰ ਪਾ ਕੇ ਦੇਣ, ਦਲਿਤਾਂ ਦੀਆਂ ਲੜਕੀਆਂ ਨੂੰ ਸ਼ਗਨ ਸਕੀਮ, ਬੀਮਾ, ਬੁਢਾਪਾ ਪੈਨਸ਼ਨ, ਵਿਧਵਾ ਪੈਨਸ਼ਨ ਆਦਿ ਦਾ ਲਾਰਾ ਲਾ ਕੇ ਇਨ੍ਹਾਂ ਦੀਆਂ ਵੋਟਾਂ ਵਿਟੋਰ ਕੇ ਸਤਾ ਹਥਿਆ ਲਈ ਪਰ ਗੱਲ ਕੋਈ ਸਿਰੇ ਨਹੀ ਚੜੀ। ਪਰ ਹੁਣ ਫਿਰ ਵੋਟਾਂ ਹਥਿਆਉਣ ਲਈ ਅਨੇਕਾਂ ਢੰਗ-ਤਰੀਕੇ ਖੋਜੇ ਜਾ ਰਹੇ ਹਨ।
ਇਥੇ ਇਹ ਦੱਸਣਯੋਗ ਹੈ ਕਿ ਲੀਡਰ ਅਤੇ ਪਾਰਟੀਆਂ ਅਮੀਰਾਂ ਦੇ ਨੋਟਾਂ ਨਾਲ ਗਰੀਬਾਂ ਦੀਆਂ ਵੋਟਾਂ ਬਟੋਰਨ ਲਈ ਕਮਜ਼ੋਰ ਵਰਗਾਂ ਵਿੱਚੋਂ ਕੁਝ ਅਜਿਹੇ ਵਿਅਕਤੀਆਂ ਨੂੰ ਚੌਧਰੀ ਬਣਾ ਕੇ ਪਰੋਸਦੀਆਂ ਹਨ, ਜਿਹੜੇ ਉਨ੍ਹਾਂ ਦੇ ਟੁਕੜਿਆਂ ਉੱਤੇ ਪਲ ਕੇ, ਆਪਣੇ ਭਾਈਚਾਰੇ ਨੂੰ ਗੁੰਮਰਾਹ ਕਰਕੇ ਉਨ੍ਹਾਂ ਕੋਲ ਸਸਤੇ ਤੋਂ ਸਸਤਾ ਵੇਚਦੇ ਹਨ। ਇੰਨਾ ਹੀ ਨਹੀ ਆਗੂ ਅਤੇ ਪਾਰਟੀਆਂ ਦਲਿਤਾਂ ਨੂੰ ਭਰਮਾਉਣ ਲਈ ਇਹ ਵੀ ਸ਼ੋਸ਼ੇ ਛੱਡਦੀਆਂ ਹਨ ਕਿ ਤੁਹਾਡੇ ਫਲਾਣੇ ਵਿਅਕਤੀ ਨੂੰ ਮੰਤਰੀ ਬਣਾ ਦਿਆਗੇ।
ਵੋਟਰ ਵੀਰੋਂ! ਵੋਟ ਨੂੰ ਆਪਣੀ ਧੀ ਸਮਝੋਂ। ਜਿਸ ਤਰ੍ਹਾਂ ਆਪਾਂ ਆਪਣੀ ਧੀ ਦਾ ਰਿਸ਼ਤਾ ਕਰਨ ਮੌਕੇ ਲੜਕੇ ਅਤੇ ਉਸ ਦੇ ਪਰਿਵਾਰ ਦੀ ਪੂਰੀ ਜਾਂਚ-ਪੜਤਾਲ ਇਸ ਲਈ ਕਰਦੇ ਹਾਂ ਤਾਂ ਜੋ ਕਿ ਸਾਡੀ ਧੀ ਸੁਖੀ ਰਹੇ। ਇਸ ਲਈ ਜੇ ਆਪਾਂ ਅੱਗੋਂ ਸੁਖੀ ਜੀਵਨ ਜਿਊਣਾ ਚਾਹੁੰਦੇ ਹਾ ਤਾਂ ਆਪਾਂ ਨੂੰ ਉਮੀਦਵਾਰ ਅਤੇ ਉਸ ਦੀ ਪਾਰਟੀ ਦੀ ਪੂਰੀ ਜਾਂਚ ਪੜਤਾਲ ਕਰਨ ਉਪਰੰਤ ਹੀ ਵੋਟ ਦੇਣਾ ਚਾਹੀਦਾ ਹੈ। ਵੋਟਰਾਂ ਨੂੰ ਇਹ ਗੱਲ ਚੰਗੀ ਤਰ੍ਹਾਂ ਜਾਣ ਲੈਣੀ ਚਾਹੀਦੀ ਹੈ ਕਿ ਸੰਵਿਧਾਨ ਨੇ ਉਨ੍ਹਾਂ ਨੂੰ ਵੋਟ ਦਾ ਹੱਕ ਆਪਣੇ ਮਾਲਿਕ ਆਪ ਬਣਨ ਲਈ ਦਿੱਤਾ ਹੈ, ਨਾ ਕਿ ਜਾਨਵਰਾਂ ਵਾਂਗ ਵਿਕਣ ਵਾਸਤੇ? ਜਾਨਵਰਾਂ ਦੀ ਵੀ ਕੀਮਤ ਕਾਫੀ ਹੁੰਦੀ ਹੈ। ਭੇਡਾਂ, ਬੱਕਰੀਆਂ, ਸੂਰ ਵੀ ਹਜ਼ਾਰਾਂ ਰੁਪਏ ਵਿੱਚ ਵਿਕਦੇ ਹਨ, ਪਰ ਕਈ ਵੋਟਰ ਤਾਂ ਭੁੱਕੀ ਦੇ ਚਮਚੇ ਜਾਂ ਸ਼ਰਾਬ ਦੇ ਪਊਏ ਪਿੱਛੇ ਹੀ ਵਿਕ ਜਾਂਦੇ ਹਨ। ਭਰਾਵੋਂ! ਜ਼ਰਾ ਸੋਚੋ ਤਾਂ ਸਹੀ! ਜਦੋਂ ਤੁਹਾਡੀ ਵੋਟ ਨਹੀਂ ਸੀ ਤਾਂ ਤੁਹਾਨੂੰ ਕਦੇ ਕਿਸੇ ਪੁੱਛਿਆ ਸੀ?
ਭਰਾਵੋਂ, ਵੋਟ ਤੁਹਾਡੇ ਦੁੱਖਾਂ ਨੂੰ ਦੂਰ ਕਰਨ ਦਾ ਦਾਰੂ ਹੈ। ਤੁਸੀਂ ਵੋਟਾਂ ਵੇਚ ਕੇ ਆਪਣਾ, ਆਪਣੀਆਂ, ਆਉਣ ਵਾਲੀਆਂ ਪੀੜ੍ਹੀਆਂ ਦਾ ਅਤੇ ਦੇਸ਼ ਦਾ ਨੁਕਸਾਨ ਕਰ ਰਹੇ ਹੋ। ਵੋਟ ਤੁਹਾਡੀ ਇੱਜ਼ਤ ਹੈ, ਇੱਜ਼ਤ ਦਾ ਕੋਈ ਮੁੱਲ ਨਹੀਂ ਹੁੰਦਾ? ਇਸ ਗੱਲ ਨੂੰ ਸਮਝੋ। ਜਿੱਥੇ ਵੋਟ ਵਿਕਦੀ ਹੈ, ਉੱਥੇ ਆਗੂ ਵਿਕਦਾ ਹੈ, ਜਿੱਥੇ ਆਗੂ ਵਿਕਦਾ ਹੈ, ਉੱਥੇ ਸਰਕਾਰ ਵਿਕਦੀ ਹੈ, ਜਿੱਥੇ ਸਰਕਾਰ ਵਿਕਦੀ ਹੈ, ਉੱਥੇ ਕਾਨੂੰਨ ਵਿਕਦਾ ਹੈ, ਜਿੱਥੇ ਕਾਨੂੰਨ ਵਿਕਦਾ ਹੈ, ਉੱਤੇ ਭ੍ਰਿਸ਼ਟਾਚਾਰ, ਅਪਰਾਧ, ਬੇਰੁਜ਼ਗਾਰੀ, ਗਰੀਬੀ, ਅਨਪੜ੍ਹਤਾ ਆਦਿ ਸਮੱਸਿਆਵਾਂ ਪੈਦਾ ਹੁੰਦੀਆਂ ਹਨ। ਜੇ ਅਸੀਂ ਇਨ੍ਹਾਂ ਸਮੱਸਿਆਵਾਂ ਦਾ ਅੰਤ ਚਾਹੁਦੇ ਹਾਂ ਤਾਂ ਸਾਨੂੰ ਵਿਕਣਾ ਬੰਦ ਕਰਨਾ ਹੋਵੇਗਾ ਕਿਉਂਕਿ ਨਾ ਵਿਕਣ ਵਾਲੇ ਸਮਾਜ ਵਿੱਚੋਂ ਹੀ ਨਾ ਵਿਕਣ ਵਾਲੇ ਆਗੂ ਪੈਦਾ ਹੋ ਸਕਦੇ ਹਨ। ਵੋਟਰ ਵਿਕਣਾ ਬੰਦ ਹੋ ਜਾਏ ਤਾਂ ਆਗੂ ਵਿਕਣ ਦੀ ਹਿੰਮਤ ਹੀ ਨਹੀਂ ਕਰ ਸਕਣਗੇ।
ਦੁੱਖ ਤਾਂ ਇਸ ਗੱਲ ਦਾ ਹੈ ਕਿ ਅਨਪੜ੍ਹਤਾ ਕਾਰਨ ਭੋਲਾ ਭਾਲਾ ਵੋਟਰ ਵੋਟ ਦੀ ਅਹਿਮੀਅਤ ਜਾਣ ਹੀ ਨਹੀਂ ਰਿਹਾ। ਵੋਟਰ ਨੂੰ ਇਸ ਗੱਲ ਦਾ ਅਹਿਸਾਸ ਨਹੀਂ ਹੈ ਕਿ ਉਹ ਜਿਸ ਨੂੰ ਚਾਹੇ ਰਾਜ ‘ਤੇ ਬਿਠਾ ਸਕਦਾ ਹੈ ਅਤੇ ਜਿਸ ਨੂੰ ਚਾਹੇ ਥੱਲੇ ਲਾਹ ਸਕਦਾ ਹੈ। ਅਗਿਆਨਤਾ ਕਾਰਨ ਵੋਟਰ ਆਪਣੀ ਵੋਟ ਦੀ ਸਹੀ ਵਰਤੋਂ ਨਹੀਂ ਕਰ ਰਿਹਾ। ਇਸ ਲਈ ਲੋਕਤੰਤਰਿਕ, ਪ੍ਰਗਤੀਸ਼ੀਲ ਧਰਮ ਨਿਰਪੱਖ ਸਾਥੀਉ, ਆਉ ਸਾਰੇ ਇਕੱਠਿਆਂ ਕੋਸ਼ਿਸ਼ ਕਰੀਏ, ‘ਸੰਵਿਧਾਨਕ ਨੈਤਿਕਤਾ’ ਦਾ ਪ੍ਰਣ ਲਈਏ ਅਤੇ ਵੋਟਰਾਂ ਨੂੰ ਘਰ ਘਰ ਜਾ ਕੇ ਦੱਸੀਏ ਕਿ
ਸੰਵਿਧਾਨ ਨਿਰਮਾਤਾਵਾਂ ਨੇ ਸੰਵਿਧਾਨ ਵਿੱਚ ਬਰਾਬਰਤਾ ਲਈ ਇੱਕ ਆਦਮੀ, ਇੱਕ ਵੋਟ, ਇੱਕ ਕੀਮਤ ਦਾ ਸਿਧਾਂਤ ਲਾਗੂ ਕੀਤਾ। ਪ੍ਰੰਤੂ 64 ਸਾਲਾ ਵਿੱਚ ਵੀ ਇਹ ਆਗੂ ਬਰਾਬਰਤਾ ਵਾਲਾ ਸਮਾਜ ਨਹੀਂ ਸਿਰਜ ਸਕੇ ਜਿਸ ਵਿੱਚ ਅਜ਼ਾਦੀ, ਸਮਾਨਤਾ, ਭਾਈਚਾਰਾ ਅਤੇ ਨਿਆਂ ਹੋਵੇ। ਆਗੂਆਂ ਨੇ ਸੰਵਿਧਾਨ ਦੀ ਸਹੁੰ ਖਾ ਕੇ ਵੀ, ਆਪਣੀ ਵੋਟ ਨੂੰ ਸੇਲ ‘ਤੇ ਲਾ ਕੇ, ਸੰਵਿਧਾਨ ਦੀ ਨੈਤਿਕਤਾ ਦਾ ਨਾਸ਼ ਕਰ ਦਿੱਤਾ ਹੈ। ਆਗੂਆਂ ਦਾ ਦਿਮਾਗ ਦੇਸ਼ ਦੀ ਭਲਾਈ ਜਾਂ ਲੋਕਾਂ ਦੇ ਹਿੱਤ ਵਿੱਚ ਨਹੀਂ ਚਲਦਾ। ਇਨ੍ਹਾਂ ਦਾ ਦਿਮਾਗ ਸਿਰਫ਼ ਇੱਕੋ ਕਲਾ ਵਿੱਚ ਮਾਹਿਰ ਹੈ ਅਤੇ ਇਹ ਕਲਾ ਹੈ, ਦੇਸ਼ ਦੇ ਭੋਲੇ-ਭਾਲੇ ਲੋਕਾਂ ਨੂੰ ਗੁੰਮਰਾਹ ਕਰਕੇ, ਭਰਿਸ਼ਟਾਚਾਰ ਰਾਹੀ ਉਨ੍ਹਾਂ ਉੱਪਰ ਆਪਣੀ ਚੌਧਰ ਕਾਇਮ ਰੱਖਣਾ।
ਭਰਾਵੋਂ! ਵੋਟ ਪਾਉਣ ਦਾ ਅਧਿਕਾਰ ਹੀ ਨਹੀ ਸਗੋਂ ਹਰ ਵੋਟਰ ਦਾ ਇਹ ਕਰਤੱਵ ਵੀ ਬਣਦਾ ਹੈ ਕਿ ਉਹ ਦੁਬਾਰਾ ਖੜੇ ਹੋਣ ਵਾਲੇ ਉਮੀਦਵਾਰਾਂ ਦਾ ਪਿਛਲਾ ਕੰਮ-ਕਾਰ ਅਤੇ ਚਰਿਤਰ ਵੇਖੇ। ਜੇ ਉਹ ਲੋਕਾਂ ਨਾਲ ਕੀਤੇ ਵਾਅਦਿਆਂ ‘ਤੇ ਖਰਾ ਨਾ ਉਤਰਦਾ ਹੋਵੇ, ਤਾਂ ਉਸ ਨੂੰ ਨਕਾਰ ਦੇਵੇ। ਕਿਸੇ ਲਾਲਚ ਜਾਂ ਕਿਸੇ ਦੇ ਦਬਾਅ ਥੱਲੇ ਆ ਕੇ ਵੋਟ ਨਾ ਦੇਵੇ। ਆਪਣੀ ਜ਼ਮੀਰ ਨਾ ਵੇਚੇ ਬਲਕਿ ਸੰਵਿਧਾਨ ਅਤੇ ਲੋਕਤੰਤਰ ਦੀ ਰਾਖੀ ਲਈ ਵੋਟ ਦੀ ਸਹੀ ਵਰਤੋਂ ਕਰੇ। ਆਪਣੀ ਵੋਟ ਦੀ ਅਹਿਮੀਅਤ ਪਛਾਣੇ। ਆਗੂ ਕੋਈ ਵੀ ਲਾਲਚ ਦੇਣ, ਗਰਾਂਟਾ ਵੰਡਣ, ਸਾੜ੍ਹੀਆਂ ਵੰਡਣ, ਸੂਟ ਵੰਡਣ, ਕੰਬਲ ਵੰਡਣ, ਆਟਾ ਵੰਡਣ ਜਾਂ ਪੈਸੇ ਦੇਣ, ਪਰ ਵੋਟਰ ਸਪੱਸ਼ਟ ਕਹੇ ਕਿ ਮੈਂ ਆਪਣੀ ਵੋਟ ਸਿੱਧੇ ਜਾਂ ਅਸਿੱਧੇ ਕਿਸੇ ਵੀ ਰੂਪ ਵਿੱਚ ਵੇਚਣੀ ਨਹੀਂ ਹੈ। ਕਿਉਂਕਿ ਇਹ ਸਾਰੇ ਕਾਰਨਾਮੇ ਲੋਕਤੰਤਰ ਦੇ ਕਾਤਿਲ ਹਨ।
ਅੰਤ! ਵੋਟਰ ਭਰਾਵੋਂ! ਅਜਿਹੇ ਵੋਟਾਂ ਦੇ ਵਿਉਪਾਰੀ ਆਗੂਆਂ ਦੇ ਬਹਿਕਾਵੇ ਵਿੱਚ ਨਾ ਆਉਣਾ ਕਿਉਂਕਿ ਇਹੀ ਲੋਕ ਭਰਿਸ਼ਟਾਚਾਰ, ਬੇਰੁਜਗਾਰੀ, ਗਰੀਬੀ, ਤੁਹਾਡੀਆਂ ਸਮੱਸਿਆਵਾਂ ਤੇ ਦੁੱਖਾਂ-ਦਰਦਾਂ ਲਈ ਜ਼ਿੰਮੇਵਾਰ ਹਨ। ਸੋਨੇ ਦੀ ਚਿੜੀ ਕਹਾਉਣ ਵਾਲੇ ਦੇਸ਼ ਨੂੰ ਇਨ੍ਹਾਂ ਬੇਈਮਾਨ ਆਗੂਆਂ ਨੇ ਵਿਦੇਸ਼ੀ ਬੈਂਕਾਂ ਵਿੱਚ ਆਪਣਾ ਬੇਸ਼ੁਮਾਰ ਕਾਲਾ ਧੰਨ ਜਮਾਂ ਕਰਕੇ ਦੇਸ਼ ਨੂੰ ਕੰਗਾਲ ਕਰਕੇ ਰੱਖ ਦਿੱਤਾ ਹੈ!
ਇਸ ਲਈ ਵੋਟਰ ਭਰਾਵੋਂ, ਜੇਕਰ ਤੁਸੀ ਸੁੱਖ ਚਾਹੁੰਦੇ ਹੋ ਤਾਂ ਇਨ੍ਹਾਂ ਤੋਂ ਲਿੱਖ ਕੇ ਲਓ ਕਿ ‘ਅਸੀਂ ਪਿਛਲੇ ੬੪ ਸਾਲਾਂ ਵਿੱਚ ਬਣੇ ਐਮ. ਐਲ. ਏ., ਐਮ. ਪੀ., ਪੀ. ਸੀ. ਐਸ., ਆਈ. ਏ. ਐਸ. ਤੇ ਆਈ. ਪੀ. ਐਸ. ਆਗੂਆ ਤੇ ਅਫਸਰਾਂ ਦੀ ਜਾਇਦਾਦ ਦੀ ਜਾਂਚ ਕਰਾਵਾਂਗੇ ਕਿ ਸ਼ੁਰੂ ਵਿੱਚ ਇਨ੍ਹਾਂ ਦੀ ਜਾਇਦਾਦ ਕੀ ਸੀ ਤੇ ਅੱਜ ਇਨ੍ਹਾਂ ਪਾਸ ਕੀ ਜਾਇਦਾਦ ਹੈ। ਦੂਜਾ ਜਿਸ ਤਰ੍ਹਾਂ ਸਰਕਾਰ ਨੇ ਗਰੀਬੀ ਦੀ ਰੇਖਾਂ ਨਿਸ਼ਚਿਤ ਕੀਤੀ ਹੋਈ ਹੈ ਉਵੇਂ ਹੀ ਕਨੂੰਨ ਰਾਹੀਂ ਅਮੀਰੀ ਦੀ ਰੇਖਾ ਵੀ ਨਿਸ਼ਚਿਤ ਕਰਾਵਾਂਗੇ ਅਤੇ ਇਸ ਤੋਂ ਉਪਰ ਕਿਸੇ ਵੀ ਤਰਾਂ ਦੀ ਜਾਇਦਾਦ ਰੱਖਣ ਵਾਲੇ ਨੂੰ ਘੱਟ ਤੋਂ ਘੱਟ ੧੦ ਸਾਲ ਦੀ ਸਖਤ ਤੋਂ ਸਖਤ ਸਜਾ ਤੇ ਜਾਇਦਾਦ ਜਬਤ ਕਰਨ ਦਾ ਕਨੂੰਨ ਬਣਾਵਾਗੇ।’ ਜੇ ਤੁਸੀਂ ਚੋਣਾਂ ਦੌਰਾਨ, ਇਨ੍ਹਾਂ ਨੂੰ ਹੁਣ ਵੀ ਸਬਕ ਨਾ ਸਿਖਾਇਆ ਤਾਂ ਤੁਹਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਤੁਹਾਨੂੰ ਲਾਹਣਤ ਪਾਉਂਣਗੀਆਂ। ਇਸ ਲਈ ਮੌਕਾ ਹੈ, ਇਨ੍ਹਾਂ ਨੂੰ ਵੋਟ ਦੀ ਤਾਕਤ ਵਿਖਾ ਦੇਵੋ।

ਲੇਖਕ – ਡਾ. ਸੰਤੋਖ ਲਾਲ ਵਿਰਦੀ ਐਡਵੋਕੇਟ