ਸਿੱਖਾਂ ਦੀ ਸ਼ਹਾਦਤਾਂ ਕਰਕੇ ਤਿਰੰਗਾ ਝੂਲਦਾ ਹੈ : ਪ੍ਰਧਾਨ ਜੀ.ਕੇ.

ਦਿੱਲੀ ਕਮੇਟੀ ਨੇ ਪਹਿਲੀ ਵਾਰ ਇੰਡੀਆ ਗੇਟ ‘ਤੇ ਕਰਵਾਇਆ ਗੁਰਮਤਿ ਸਮਾਗਮ
ਨਵੀਂ ਦਿੱਲੀ, 26 ਨਵੰਬਰ 2016 – ਵਰਲਡ ਵਾਰ ਦੌਰਾਨ ਜੇਕਰ ਲਗਭਗ 84 ਹਜ਼ਾਰ ਸਿੱਖ ਫ਼ੌਜੀਆਂ ਨੇ ਆਪਣੀ ਸ਼ਹਾਦਤ ਨਾ ਦਿੱਤੀ ਹੁੰਦੀ ਤਾਂ ਸ਼ਾਇਦ ਅੱਜ ਨਾ ਅਮਰ ਜਵਾਨ ਜੋਤੀ ਹੁੰਦੀ ਅਤੇ ਨਾ ਹੀ ਇਸ ਤੇ ਤਿਰੰਗਾ ਝੂਲ ਰਿਹਾ ਹੁੰਦਾ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਕਮੇਟੀ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੰਡੀਆ ਗੇਟ ਦੇ ਅਗਸਤ ਕ੍ਰਾਂਤੀ ਪਾਰਕ ਵਿਖੇ ਹੋਏ ਗੁਰਮਤਿ ਸਮਾਗਮ ਦੌਰਾਨ ਕੀਤਾ। ਇਸ ਤੋਂ ਪਹਿਲਾ ਪੰਜ ਪਿਆਰਿਆਂ ਦੀ ਸਰਪ੍ਰਸਤੀ ਹੇਠ ਸ਼ਬਦ ਚੌਂਕੀ ਜਥੇ ਵੱਲੋਂ ਗੁਰਬਾਣੀ ਗਾਇਨ ਕਰਦੇ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦਾ ਇੰਡੀਆ ਗੇਟ ਵਿਖੇ ਪਹਿਲੀ ਵਾਰ ਪ੍ਰਕਾਸ਼ ਕਰਵਾਇਆ ਗਿਆ।
ਭਾਈ ਗੁਰਦੇਵ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਗੁਰਦੇਵ ਸਿੰਘ ਅਸਟਰੇਲੀਆ ਤੇ ਭਾਈ ਗੁਰਇਕਬਾਲ ਸਿੰਘ ਜੀ ਮਾਤਾ ਕੌਂਲਾ ਜੀ ਵਾਲਿਆ ਨੇ ਕੀਰਤਨ ਅਤੇ ਬਾਬਾ ਬੰਤਾ ਸਿੰਘ ਜੀ ਮੁੰਡਾ ਪਿੰਡ ਵਾਲੇ ਨੇ ਕਥਾ ਵਿਚਾਰਾਂ ਨਾਲ ਗੁਰੂ ਸਾਹਿਬ ਜੀ….. ਦੇ ਜੀਵਨ ਤੋਂ ਸੰਗਤਾਂ ਨੂੰ ਜਾਣੂ ਕਰਵਾਇਆ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਮੱਲ ਸਿੰਘ, ਤਖ਼ਤ ਸ੍ਰੀ ਹਰਿਮੰਦਰ ਸਾਹਿਬ ਪਟਨਾ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਗੁਰਮੁਖ ਸਿੰਘ ਅਤੇ ਸਾਬਕਾ ਰਾਜ ਸਭਾ ਮੈਂਬਰ ਤਰਲੋਚਨ ਸਿੰਘ ਨੇ ਸੰਗਤਾਂ ਨਾਲ ਆਪਣੇ ਵਿਚਾਰ ਇਸ ਮੌਕੇ ਸਾਂਝੇ ਕਰਦੇ ਹੋਏ ਦਿੱਲੀ ਕਮੇਟੀ ਵੱਲੋਂ ਇਤਿਹਾਸਕ ਪੱਖਾਂ ਦੀ ਸੰਭਾਲ ਲਈ ਛੇੜੀ ਗਈ ਮੁਹਿੰਮ ਦੀ ਸ਼ਲਾਘਾ ਕੀਤੀ।
ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਜਥੇਦਾਰ ਗਿਆਨੀ ਕੁਲਵੰਤ ਸਿੰਘ ਜੀ ਦੇ ਨੁਮਾਇੰਦੇ ਦੇ ਤੌਰ ‘ਤੇ ਸਿੰਘ ਸਾਹਿਬ ਗਿਆਨੀ ਅਵਤਾਰ ਸਿੰਘ ਸ਼ੀਤਲ ਨੇ ਹਾਜ਼ਰੀ ਭਰਦੇ ਹੋਏ ਜਥੇਦਾਰ ਸਾਹਿਬ ਵੱਲੋਂ ਪ੍ਰਧਾਨ ਜੀ.ਕੇ. ਨੂੰ ਸਨਮਾਨ ਵਜੋਂ ਦਸਤਾਰ ਸਜਾਈ। ਸਨਮਾਨ ਪ੍ਰਾਪਤ ਕਰਨ ਉਪਰੰਤ ਭਾਵੁਕ ਹੋਏ ਪ੍ਰਧਾਨ ਜੀ.ਕੇ. ਨੇ ਉਕਤ ਸਨਮਾਨ ਨੂੰ ਆਪਣਾ ਸਨਮਾਨ ਨਾ ਦੱਸਦੇ ਹੋਏ ਦਿੱਲੀ ਦੀਆਂ ਸਮੂਹ ਸਿੱਖ ਸੰਗਤਾਂ ਦਾ ਸਨਮਾਨ ਦੱਸਿਆ। ਪ੍ਰਧਾਨ ਜੀ.ਕੇ. ਨੇ ਕਿਹਾ ਕਿ ਦੋਵੇਂ ਵਿਸ਼ਵ ਜੁੱਧ ਦੌਰਾਨ ਸਿੱਖ ਫ਼ੌਜੀਆਂ ਨੇ ਆਪਣੀ ਬਹਾਦਰੀ ਦੇ ਜੋ ਜੌਹਰ ਦਿਖਾਏ ਸੀ ਉਸ ਦੀ ਗਵਾਹੀ ਇੰਡੀਆ ਗੇਟ ਦੇ ਉੱਤੇ ਉਕੇਰੇ ਹੋਏ ਨਾਮ ਭਰਦੇ ਹਨ। ਪਹਿਲੇ ਵਿਸ਼ਵ ਜੁੱਧ ਦੀ ਯਾਦ ਵਜੋਂ ਬਣੇ ਇੰਡੀਆ ਗੇਟ ‘ਤੇ ਉਕੇਰੇ ਗਏ 13300 ਨਾਵਾਂ ਵਿਚੋਂ 75 ਫੀਸਦੀ ਤੋਂ ਵੱਧ ਨਾਮ ਸਿੱਖਾਂ ਦੇ ਹੋਣ ਦਾ ਪ੍ਰਧਾਨ ਜੀ.ਕੇ. ਨੇ ਦਾਅਵਾ ਕੀਤਾ।
ਉਨ੍ਹਾਂ ਕਿਹਾ ਕਿ ਕਮੇਟੀ ਨੇ ਪਹਿਲੇ ਦਿੱਲੀ ਦੇ ਪ੍ਰਤੀਕ ਵਜੋਂ ਜਾਣੇ ਜਾਂਦੇ ਲਾਲ ਕਿੱਲੇ ਅਤੇ ਕੁਤਬ ਮੀਨਾਰ ਨਾਲ ਸਿੱਖਾਂ ਦੇ ਜੁੜੇ ਇਤਿਹਾਸ ਨੂੰ ਵਿਸ਼ਵ ਭਰ ਦੀਆਂ ਸੰਗਤਾਂ ਦੇ ਸਾਹਮਣੇ ਰੱਖਿਆ ਸੀ ਅਤੇ ਅੱਜ ਉਸ ਤੋਂ ਵੀ ਵੱਡੀ ਮਾਣ ਵਾਲੀ ਗੱਲ ਹੈ ਕਿ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀ ਅਰਧ ਸ਼ਤਾਬਦੀ ਮਨਾਉਂਦੇ ਹੋਏ ਕਮੇਟੀ ਵੱਲੋਂ ਵਿਸ਼ਵ ਜੁੱਧ ਵਿੱਚ ਸਾਬਤ ਸੂਰਤ ਸਰੂਪ ਤੇ ਦਸਤਾਰ ਦੇ ਨਾਲ ਹਿੱਸਾ ਲੈਣ ਵਾਲੇ ਮਹਾਨ ਸਿੱਖ ਫੌਜੀਆਂ ਦੀ ਬਹਾਦਰੀ ਅਤੇ ਸ਼ਹੀਦੀ ਨਾਲ ਜੁੜੀ ਯਾਦਗਾਰ ‘ਤੇ ਗੁਰਬਾਣੀ ਗਾਇਨ ਕਰਨ ਦਾ ਮੌਕਾ ਮਿਲਿਆ ਹੈ। ਸੰਸਾਰ ਭਰ ‘ਚ ਸਿੱਖਾਂ ਵੱਲੋਂ ਪਾਈ ਗਈਆਂ ਧੂਮਾਂ ਨੂੰ ਚੇਤੇ ਕਰਦੇ ਹੋਏ ਪ੍ਰਧਾਨ ਜੀ.ਕੇ. ਨੇ ਨੌਜਵਾਨਾਂ ਨੂੰ ਆਪਣੇ ਮਾਣਮੱਤੇ ਇਤਿਹਾਸ ਨੂੰ ਯਾਦ ਰੱਖਣ ਦਾ ਵੀ ਸੱਦਾ ਦਿੱਤਾ। ਉਨ੍ਹਾਂ ਦੱਸਿਆ ਕਿ ਦੋਵੇਂ ਵਿਸ਼ਵ ਜੁੱਧ ਦੌਰਾਨ ਲਗਭਗ 1.38 ਲੱਖ ਭਾਰਤੀ ਫ਼ੌਜੀਆਂ ਨੇ ਹਿੱਸਾ ਲਿਆ ਸੀ ਜਿਸ ਵਿੱਚ 1 ਲੱਖ ਤੋਂ ਵੱਧ ਸਿੱਖ ਸਨ।
ਇਸ ਤੋਂ ਇਲਾਵਾ ਪ੍ਰਧਾਨ ਜੀ.ਕੇ. ਵੱਲੋਂ ਭਾਈ ਗੁਰਦੇਵ ਸਿੰਘ ਦੀ ਨਵੀਂ ਗੁਰਬਾਣੀ ਸੀ.ਡੀ. ‘ਹਮ ਇਹ ਕਾਜ ਜਗਤ ਮੋ ਆਏ’ ਜਾਰੀ ਕੀਤੀ ਗਈ। ਕਮੇਟੀ ਵੱਲੋਂ ਤਖ਼ਤਾਂ ਦੇ ਜਥੇਦਾਰ ਸਾਹਿਬਾਨਾਂ ਦੇ ਨਾਲ ਹੀ ਪ੍ਰਸਿੱਧ ਵਿਦਵਾਨ ਗਿਆਨੀ ਸਾਹਿਬ ਸਿੰਘ ਮਾਰਕੰਡਾ ਦਾ ਵੀ ਸਨਮਾਨ ਕੀਤਾ ਗਿਆ। ਪ੍ਰਧਾਨ ਜੀ.ਕੇ. ਨੇ ਗ੍ਰੇਟਰ ਕੈਲਾਸ਼ ਪਾਰਟ-1 ਗੁਰਦੁਆਰਾ ਸਾਹਿਬ ਵੱਲੋਂ ਸਮਾਗਮ ਲਈ ੧੧ ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੇਣ ਅਤੇ ਗ੍ਰੇਟਰ ਕੈਲਾਸ਼ ਪਾਰਟ-2 ਵੱਲੋਂ ਸਮਾਗਮ ‘ਚ ਲੰਗਰ ਦੀ ਕੀਤੀ ਗਈ ਸੇਵਾ ਲਈ ਸ਼ੁਕਰਾਨਾ ਵੀ ਅਦਾ ਕੀਤਾ।
ਸਟੇਜ ਸਕੱਤਰ ਦੀ ਸੇਵਾ ਕਮੇਟੀ ਦੇ ਮੁੱਖ ਸਲਾਹਕਾਰ ਕੁਲਮੋਹਨ ਸਿੰਘ, ਜੁਆਇੰਟ ਸਕੱਤਰ ਅਮਰਜੀਤ ਸਿੰਘ ਫ਼ਤਿਹ ਨਗਰ ਅਤੇ ਧਰਮ ਪ੍ਰਚਾਰ ਕਮੇਟੀ ਚੇਅਰਮੈਨ ਪਰਮਜੀਤ ਸਿੰਘ ਰਾਣਾ ਨੇ ਨਿਭਾਈ। ਇਸ ਮੌਕੇ ਸੀਨੀਅਰ ਅਕਾਲੀ ਆਗੂ ਅਵਤਾਰ ਸਿੰਘ ਹਿਤ, ਕੁਲਦੀਪ ਸਿੰਘ ਭੋਗਲ, ਸਾਬਕਾ ਵਿਧਾਇਕ ਜਤਿੰਦਰ ਸਿੰਘ ਸ਼ੰਟੀ, ਕਮੇਟੀ ਦੇ ਮੀਤ ਪ੍ਰਧਾਨ ਸਤਪਾਲ ਸਿੰਘ, ਮੈਂਬਰ ਤਨਵੰਤ ਸਿੰਘ, ਚਮਨ ਸਿੰਘ, ਸਮਰਦੀਪ ਸਿੰਘ ਸੰਨੀ, ਹਰਦੇਵ ਸਿੰਘ ਧਨੋਆ, ਜੀਤ ਸਿੰਘ ਖੋਖਰ, ਜਤਿੰਦਰਪਾਲ ਸਿੰਘ ਗੋਲਡੀ, ਅਮਰਜੀਤ ਸਿੰਘ ਪਿੰਕੀ, ਗੁਰਵਿੰਦਰ ਪਾਲ ਸਿੰਘ, ਅਕਾਲੀ ਆਗੂ ਬੀਬੀ ਪ੍ਰਕਾਸ਼ ਕੌਰ, ਬੀਬੀ ਰਣਜੀਤ ਕੌਰ, ਹਰਜੀਤ ਸਿੰਘ ਬੇਦੀ, ਹਰਚਰਣ ਸਿੰਘ ਗੁਲਸ਼ਨ, ਵਿਕਰਮ ਸਿੰਘ, ਬੀਬੀ ਤਰਵਿੰਦਰ ਕੌਰ ਖਾਲਸਾ ਤੇ ਬੀਬੀ ਨਰਿੰਦਰ ਕੌਰ ਆਦਿਕ ਨੇ ਵੀ ਸੰਗਤਾਂ ਦੇ ਦਰਸ਼ਨ ਕੀਤੇ।