ਅਕਾਲੀ ਦਲ ਵਿੱਚ ਲੋਕ ਨੀਤੀਆਂ ਤੋਂ ਖੁਸ਼ ਹੋ ਕੇ ਸ਼ਾਮਿਲ ਹੋ ਰਹੇ – ਬੀਬੀ ਬਾਦਲ

ਮਾਨਸਾ (ਏਜੰਸੀ) – ਪੰਜਾਬ ਤੋਂ ਲੋਕ ਸਭਾ ਮੈਂਬਰ ਬੀਬੀ ਹਰਸਿਮਰਤ ਕੌਰ ਬਾਦਲ ਦੀ ਹਾਜ਼ਰੀ ਵਿੱਚ ਬੁਢਲਾਡਾ ਸਬ ਡਵੀਜ਼ਨ ਦੇ ਪਿੰਡ ਬੱਛੋਆਣਾ ਵਿਖੇ ਪਿੰਡ ਦੀ ਪੰਚਾਇਤ ਸਣੇ ਸੈਂਕੜੇ ਕਾਂਗਰਸੀ, ਪੀ. ਪੀ. ਪੀ. ਅਤੇ ਸੀ. ਪੀ. ਆਈ. ਦੇ ਵਰਕਰ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋ ਗਏ ਹਨ। ਬੀਬੀ ਬਾਦਲ ਨੇ ਇਨ੍ਹਾਂ ਵਰਕਰਾਂ ਦਾ ਸਿਰੋਪੇ ਪਾ ਕੇ ਸਵਾਗਤ ਕਰਦਿਆਂ ਕਿਹਾ ਕਿ ਇਹ ਵਰਕਰ ਸ਼੍ਰੋਮਣੀ ਅਕਾਲੀ ਦਲ ਦੀਆਂ ਨੀਤੀਆਂ ਤੋਂ ਖੁਸ਼ ਅਤੇ ਪ੍ਰਭਾਵਿਤ ਹੋ ਕੇ ਹੀ ਸ਼ਾਮਲ ਹੋਏ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪਾਰਟੀ ਪੰਜਾਬ ਵਾਸੀਆਂ ਨੂੰ ਸਾਫ਼-ਸੁਥਰੀ ਸਰਕਾਰ ਦੇਣ ਲਈ ਤਤਪਰ ਹੈ। ਉਨ੍ਹਾਂ ਕਿਹਾ ਕਿ ਅਕਾਲੀ ਪਾਰਟੀ ਵਿੱਚ ਕਿਸੇ ਨਾਲ ਭੇਦਭਾਵ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਕਈ ਉਘੇ ਆਗੂ ਵੀ ਪੰਜਾਬ ਦੇ ਮੁੱਖ ਮੰਤਰੀ ਸ਼੍ਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸ਼੍ਰੀ ਸੁਖਬੀਰ ਸਿੰਘ ਬਾਦਲ ਨਾਲ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਣ ਲਈ ਰਾਬਤਾ ਕਾਇਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮਨਪ੍ਰੀਤ ਸਿੰਘ ਬਾਦਲ ਦੀ ਅਗਵਾਈ ਵਾਲੀ ਪੀ. ਪੀ. ਪੀ. ਪਾਰਟੀ ਕਾਂਗਰਸ ਦੀ ਏਜੰਟ ਹੈ ਅਤੇ ਉਸ ਨੇ ਹਮੇਸ਼ਾ ਲੋਕਾਂ ਨੂੰ ਗੁੰਮਰਾਹ ਕੀਤਾ ਹੈ। ਉਨ੍ਹਾਂ ਕਿਹਾ ਕਿ ਪੀ. ਪੀ. ਪੀ. ਪਾਰਟੀ ਬਣੀ ਹੀ ਕਾਂਗਰਸ ਦਾ ਫਾਇਦਾ ਕਰਨ ਲਈ ਸੀ। ਉਨ੍ਹਾਂ ਕਿਹਾ ਕਿ ਮਨਪ੍ਰੀਤ ਸਿੰਘ ਬਾਦਲ ਵੀ ਜਲਦੀ ਹੀ ਕਾਂਗਰਸ ਪਾਰਟੀ ਵਿੱਚ ਜਾਵੇਗਾ ਕਿਉਂਕਿ ਅਕਾਲੀ ਦਲ ਤਾਂ ਇਸ ਨੂੰ ਮੂੰਹ ਨਹੀਂ ਲਾਵੇਗਾ।
ਬੀਬੀ ਬਾਦਲ ਨੇ ਪਿੰਡ ਵਿੱਚ ਜੁੜੇ ਭਰਵੇਂ ਭਰਵੇਂ ਇਕੱਠ ਦੌਰਾਨ ਪਿੰਡ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਵਿਧਾਨ ਸਭਾ ਚੋਣਾਂ ਵਿੱਚ ਬੱਛੋਆਣਾ ਦੇ ਲੋਕਾਂ ਨੇ ਅਕਾਲੀ ਦਲ ਦਾ ਸਾਥ ਦਿੱਤਾ ਸੀ। ਉਨ੍ਹਾਂ ਕਿਹਾ ਕਿ ਹੁਣ ਵੀ ਪਿੰਡ ਵਾਸੀਆਂ ਨੇ ਸਾਥ ਦੇ ਕੇ ਅਕਾਲੀ ਦਲ ਨੂੰ ਮਜ਼ਬੂਤ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਅਤੇ ਹੋਰ ਪਾਰਟੀਆਂ ਤੋਂ ਦੁਖੀ ਹੋ ਕੇ ਲੋਕ ਸ਼੍ਰੋਮਣੀ ਅਕਾਲੀ ਦਲ ਵਿੱਚ ਆ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਤਾਂ ਦਿਨੋ-ਦਿਨ ਮਹਿੰਗਾਈ ਵਧਾ ਕੇ ਲੋਕਾਂ ਦਾ ਕਚੂੰਮਰ ਕੱਢ ਦਿੱਤਾ ਹੈ ਅਤੇ ਬੇਰੁਜ਼ਗਾਰੀ ਵੀ ਇਹਨੀ ਵੱਧ ਗਈ ਹੈ ਕਿ ਨੌਜਵਾਨ ਵਿਹਲੇ ਫਿਰ ਰਹੇ ਹਨ। ਇਸ ਮੌਕੇ ਹਲਕਾ ਵਿਧਾਇਕ ਸ਼੍ਰੀ ਚਤਿੰਨ ਸਿੰਘ ਸਮਾਓ, ਐਸ. ਜੀ. ਪੀ. ਸੀ. ਮੈਂਬਰ ਸ਼੍ਰੀ ਸੁਖਚੈਨ ਸਿੰਘ ਅਤੇ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸ਼੍ਰੀ ਹਰਬੰਤ ਸਿੰਘ ਦਾਤੇਵਾਸ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਚੇਅਰਮੈਨ ਬਲਾਕ ਸੰਮਤੀ ਬੁਢਲਾਡਾ ਸ਼੍ਰੀ ਸੁਖਦੇਵ ਸਿੰਘ ਜਲਵੇੜਾ, ਐਸ. ਸੀ ਵਿੰਗ ਦੇ ਜਨਰਲ ਸਕੱਤਰ ਸ਼੍ਰੀ ਹੰਸਾ ਸਿੰਘ, ਸ਼੍ਰੀ ਬੱਲਮ ਸਿੰਘ ਕਲੀਪੁਰ, ਯੂਥ ਅਕਾਲੀ ਦੇ ਜ਼ਿਲ੍ਹਾ ਪ੍ਰਧਾਨ ਸ਼੍ਰੀ ਗੁਰਪ੍ਰੀਤ ਸਿੰਘ ਬਣਾਂਵਾਲੀ, ਜ਼ਿਲ੍ਹਾ ਪ੍ਰਧਾਨ ਇਸਤਰੀ ਵਿੰਗ ਸ਼੍ਰੀਮਤੀ ਕਰਮਜੀਤ ਕੌਰ, ਪ੍ਰਧਾਨ ਨਗਰ ਕੌਂਸਲ ਬੁਢਲਾਡਾ ਸ਼੍ਰੀਮਤੀ ਬਲਬੀਰ ਕੌਰ ਅਤੇ ਹੋਰ ਆਗੂ ਹਾਜ਼ਰ ਸਨ।