ਅਦਾਕਾਰਾ ਆਸ਼ਾਲਤਾ ਵਾਬਗਾਂਵਕਰ ਨੇ ਦੁਨੀਆ ਨੂੰ ਅਲਵਿਦਾ ਕਿਹਾ

ਮੁੰਬਈ, 24 ਸਤੰਬਰ – ਇਹ ਸਾਲ ਬਾਲੀਵੁੱਡ ਲਈ ਬਹੁਤ ਹੀ ਮਾੜਾ ਚੱਲ ਰਿਹਾ ਹੈ ਇਸ ਦੇ ਵਿੱਚ ਇਕ ਹੋਰ ਖ਼ਬਰ ਸਾਹਮਣੇ ਆਈ ਹੈ ਕਿ ਮਸ਼ਹੂਰ ਅਦਾਕਾਰਾ ਆਸ਼ਾਲਤਾ ਵਾਬਗਾਂਵਕਰ ਦਾ 83 ਸਾਲ ਦੀ ਉਮਰ ‘ਚ ਦਿਹਾਂਤ ਹੋ ਗਿਆ ਹੈ। ਉਹ ਕੋਰੋਨਾ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਮਹਾਰਾਸ਼ਟਰ ਦੇ ਸਾਤਾਰਾ ‘ਚ ਇਕ ਪ੍ਰਾਈਵੇਟ ਹਸਪਤਾਲ ‘ਚ ਦਾਖ਼ਲ ਸਨ। 22 ਸਤੰਬਰ ਦਿਨ ਮੰਗਲਵਾਰ ਨੂੰ ਕਰੀਬ 4.45 ਮਿੰਟ ‘ਤੇ ਉਨ੍ਹਾਂ ਨੇ ਆਖ਼ਰੀ ਸਾਹ ਲਿਆ। ਪਰਿਵਾਰ ਮੁਤਾਬਿਕ ਉਹ ਸਾਤਾਰਾ ‘ਚ ਆਪਣੇ ਮਰਾਠੀ ਸੀਰੀਅਲ ‘ਆਈ ਕਲੁਬਾਈ’ ਦੀ ਰਿਕਾਰਡਿੰਗ ਕਰਨ ਪਹੁੰਚੀ ਸਨ।
ਉੱਥੇ ਕੋਰੋਨਾ ਦੇ ਲੱਛਣ ਪਾਏ ਜਾਣ ਤੋਂ ਬਾਅਦ ਉਨ੍ਹਾਂ ਦਾ ਟੈੱਸਟ ਕਰਵਾਇਆ ਗਿਆ ਸੀ, ਜੋ ਕੀ ਪਾਜ਼ੇਟਿਵ ਆਇਆ ਸੀ। ਉਨ੍ਹਾਂ ਨੂੰ ਸਾਹ ਲੈਣ ‘ਚ ਮੁਸ਼ਕਿਲ ਹੋ ਰਹੀ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਆਈ.ਸੀ.ਯੂ. ‘ਚ ਦਾਖ਼ਲ ਕਰਵਾਇਆ ਗਿਆ ਸੀ।
ਦੱਸਣਯੋਗ ਹੈ ਕਿ 31 ਮਈ 1941 ਨੂੰ ਗੋਆ ‘ਚ ਪੈਦਾ ਹੋਈ ਆਸ਼ਾਲਤਾ ਇਕ ਮਰਾਠੀ ਗਾਇਕਾ, ਨਾਟਕਕਾਰ ਤੇ ਫਿਲਮ ਅਦਾਕਾਰਾ ਦੇ ਰੂਪ ‘ਚ ਪ੍ਰਸਿੱਧ ਸੀ। ਉਨ੍ਹਾਂ ਦੀ ਸਕੂਲੀ ਪੜ੍ਹਾਈ ਮੁੰਬਈ ਦੇ ਸੇਂਟ ਕੋਲੰਬੋ ਹਾਈ ਸਕੂਲ, ਗਿਰਗਾਂਵ ‘ਚ ਹੋਈ ਸੀ। 12ਵੀਂ ਤੋਂ ਬਾਅਦ ਕੁੱਝ ਸਮੇਂ ਤੱਕ ਉਨ੍ਹਾਂ ਨੇ ਮੰਤਰਾਲੇ ‘ਚ ਪਾਰਟ ਟਾਈਮ ਕੰਮ ਕੀਤਾ। ਇਸ ਦੌਰਾਨ ਉਨ੍ਹਾਂ ਨੇ ਆਰਟ ‘ਚ ਗਰੈਜੂਏਸ਼ਨ ਤੇ ਪੋਸਟ ਗਰੈਜੂਏਸ਼ਨ ਦੀ ਪੜ੍ਹਾਈ ਕੀਤੀ ਸੀ। ਆਸ਼ਾਲਤਾ ਨੇ 100 ਤੋਂ ਜ਼ਿਆਦਾ ਹਿੰਦੀ ਤੇ ਮਰਾਠੀ ਫ਼ਿਲਮਾਂ ‘ਚ ਕੰਮ ਕੀਤਾ ਹੈ। ਬਾਲੀਵੁੱਡ ‘ਚ ਪਹਿਲੀ ਵਾਰ ਉਹ ਬਾਸੂ ਚੈਟਰਜੀ ਦੀ ਫਿਲਮ ‘ਅਪਨੇ ਪਰਾਏ’ ‘ਚ ਨਜ਼ਰ ਆਈ। ਇਸ ਲਈ ਉਨ੍ਹਾਂ ਨੂੰ ‘ਬੰਗਾਲ ਕ੍ਰਿਟਿਕਸ ਐਵਾਰਡ’ ਤੇ ‘ਬੈੱਸਟ ਸਹਿ ਕਲਾਕਾਰ’ ਦਾ ਫਿਲਮਫੇਅਰ ਐਵਾਰਡ ਮਿਲਿਆ ਸੀ। ਫਿਲਮ ‘ਜ਼ੰਜੀਰ’ ‘ਚ ਉਨ੍ਹਾਂ ਨੇ ਅਮਿਤਾਭ ਬੱਚਨ ਦੀ ਸੌਤੇਲੀ ਮਾਂ ਦਾ ਕਿਰਦਾਰ ਨਿਭਾਇਆ ਸੀ। ਇਸ ਤੋਂ ਇਲਾਵਾ ਉਹ ‘ਅੰਕੁਸ਼’, ‘ਆਹਿਸਤਾ ਆਹਿਸਤਾ’, ‘ਸ਼ੌਕੀਨ’, ‘ਵੋ ਸਾਤ ਦਿਨ’, ‘ਨਮਕ ਹਲਾਲ’ ਅਤੇ ‘ਯਾਦੋਂ ਕੀ ਕਸਮ’ ਸਮੇਤ ਕਈ ਫ਼ਿਲਮਾਂ ‘ਚ ਕੰਮ ਕਰ ਚੁੱਕੀ ਸੀ।