ਅਦਾਕਾਰਾ ਸੋਨਮ ਤੇ ਆਨੰਦ ਆਹੂਜਾ ਵਿਆਹ ਬੰਧਨ ‘ਚ ਬੱਝੇ

ਮੁੰਬਈ, 9 ਮਈ – 8 ਮਈ ਦਿਨ ਮੰਗਲਵਾਰ ਨੂੰ ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਤੇ ਉੱਘੇ ਕਾਰੋਬਾਰੀ ਆਨੰਦ ਆਹੂਜਾ ਵਿਆਹ ਬੰਧਨ ਵਿੱਚ ਬੱਝ ਗਏ। ਦੋਵਾਂ ਦਾ ਵਿਆਹ ਸਿੱਖੀ ਰੀਤੀ-ਰਿਵਾਜ ਨਾਲ ਹੋਇਆ, ਆਨੰਦ ਕਾਰਜ ਦੀ ਇਸ ਰਸਮ ਵਿੱਚ ਉਸ ਦੇ ਪਰਿਵਾਰਕ ਮੈਂਬਰਾਂ ਅਤੇ ਬਾਲੀਵੁੱਡ ਤੋਂ ਉਸ ਦੇ ਕੁੱਝ ਨੇੜਲੇ ਮਿੱਤਰਾਂ ਨੇ ਸ਼ਿਰਕਤ ਕੀਤੀ। ਜ਼ਿਕਰਯੋਗ ਹੈ ਕਿ ਸੋਨਮ ਤੇ ਆਨੰਦ ਦਾ ਵਿਆਹ ਉਨ੍ਹਾਂ ਦੀ ਆਂਟੀ ਕਵਿਤਾ ਸਿੰਘ ਦੇ ਬਾਂਦਰਾ ਸਥਿਤ ਹੈਰੀਟੇਜ਼ ਬੰਗਲੇ ਰਾਕਡੇਲ ਵਿੱਚ ਹੋਇਆ।
ਅਦਾਕਾਰਾ ਸੋਨਮ ਦੁਲਹਨ ਦੇ ਲਿਬਾਸ ਵਿੱਚ ਬੇਹੱਦ ਸੋਹਣੀ ਨਜ਼ਰ ਆ ਰਹੀ ਸੀ। ਆਨੰਦ ਕਾਰਜ ਦੀ ਰਸਮ ਦੁਪਹਿਰ ਸਾਢੇ 12.00 ਵਜੇ ਸ਼ੁਰੂ ਹੋਈ। ਵਿਆਹ ਵਿੱਚ ਪਿਤਾ ਅਨਿਲ ਕਪੂਰ, ਮਾਂ ਸੁਨੀਤਾ ਕਪੂਰ, ਹਰਸ਼ਵਰਧਨ ਕਪੂਰ, ਅਰਜੁਨ ਕਪੂਰ, ਸੰਜੇ ਕਪੂਰ, ਬੋਨੀ ਕਪੂਰ ਅਤੇ ਉਨ੍ਹਾਂ ਦੀਆਂ ਧੀਆਂ ਜਾਹਨਵੀ ਅਤੇ ਖ਼ੁਸ਼ੀ ਕਪੂਰ ਤੋਂ ਇਲਾਵਾ ਮੋਹਿਤ ਮਰਵਾਹ ਅਤੇ ਪਰਿਵਾਰ ਦੇ ਕਈ ਮੈਂਬਰ ਇਸ ਮੌਕੇ ਮੌਜੂਦ ਸਨ। ਬਾਲੀਵੁੱਡ ਸੁਪਰ ਸਟਾਰ ਅਮਿਤਾਭ ਬੱਚਨ ਆਪਣੇ ਪੁੱਤਰ ਅਭਿਸ਼ੇਕ ਅਤੇ ਧੀ ਸ਼ਵੇਤਾ ਨਾਲ ਪਹੁੰਚੇ। ਕਰਨ ਜੌਹਰ, ਰਣਵੀਰ ਸਿੰਘ, ਸੈਫ਼ ਅਲੀ ਖਾਨ, ਕਰੀਨਾ ਕਪੂਰ ਖਾਨ, ਕ੍ਰਿਸ਼ਮਾ ਕਪੂਰ, ਰਾਣੀ ਮੁਖ਼ਰਜੀ, ਜੈਕੁਲਿਨ ਫਰਨਾਂਡੇਜ਼, ਜਾਵੇਦ ਅਖ਼ਤਰ, ਆਮਿਰ ਖਾਨ ਅਤੇ ਕਿਰਨ ਰਾਉ ਆਦਿ ਨੇ ਵੀ ਇਸ ਵਿਆਹ ਵਿੱਚ ਸ਼ਿਰਕਤ ਕੀਤੀ।