ਅਦਾਕਾਰ ਸੋਨੂੰ ਸੂਦ ਨੂੰ ਚੋਣ ਕਮਿਸ਼ਨ ਨੇ ‘ਪੰਜਾਬ ਸਟੇਟ ਆਈਕਨ’ ਬਣਾਇਆ

ਚੰਡੀਗੜ੍ਹ, 17 ਨਵੰਬਰ – ਬਾਲੀਵੁੱਡ ਅਦਾਕਾਰ ਸੋਨੂੰ ਸੂਦ ਨੂੰ ਭਾਰਤੀ ਚੋਣ ਕਮਿਸ਼ਨ ਨੇ ‘ਪੰਜਾਬ ਸਟੇਟ ਆਈਕਨ’ ਨਿਯੁਕਤ ਕੀਤਾ ਹੈ। ਇਸ ਬਾਰੇ ਵਿੱਚ 16 ਨਵੰਬਰ ਦਿਨ ਸੋਮਵਾਰ ਨੂੰ ਚੋਣ ਕਮਿਸ਼ਨ ਵੱਲੋਂ ਅਧਿਕਾਰਕ ਬਿਆਨ ਵੀ ਜਾਰੀ ਕਰ ਦਿੱਤਾ ਗਿਆ।
ਪੰਜਾਬ ਦੇ ਮੁੱਖ ਚੋਣ ਅਧਿਕਾਰੀ (ਸੀਈਓ) ਐੱਸ. ਕਰੁਣਾ ਰਾਜੂ ਨੇ ਕਿਹਾ ਕਿ ਉਨ੍ਹਾਂ ਦੇ ਦਫ਼ਤਰ ਵੱਲੋਂ ਮੁੱਖ ਚੋਣ ਕਮਿਸ਼ਨ ਨੂੰ ਤਜਵੀਜ਼ ਭੇਜੀ ਗਈ ਸੀ, ਇਸ ਦੇ ਬਾਅਦ ਕਮਿਸ਼ਨ ਨੇ ਵੀ ਮਨਜ਼ੂਰੀ ਦੇ ਦਿੱਤੀ ਹੈ।
ਪੰਜਾਬ ਦੇ ਮੋਗਾ ਜ਼ਿਲ੍ਹੇ ਨਾਲ ਸਬੰਧਿਤ ਅਦਾਕਾਰ ਸੋਨੂੰ ਸੂਦ ਉਸ ਵੇਲੇ ਪੂਰੇ ਦੇਸ਼ ਵਿੱਚ ਚਰਚਾ ‘ਚ ਆ ਗਏ ਸਨ ਜਦੋਂ ਉਨ੍ਹਾਂ ਨੇ ਕੋਰੋਨਾਵਾਇਰਸ ਕਰਕੇ ਆਇਦ ਦੇਸ਼ ਵਿਆਪੀ ਤਾਲਾਬੰਦੀ ਦੌਰਾਨ ਪਰਵਾਸੀ ਮਜ਼ਦੂਰਾਂ ਦੇ ਲਈ ਬੱਸਾਂ, ਟ੍ਰੇਨਾਂ ਦਾ ਇੰਤਜ਼ਾਮ ਕੀਤਾ ਤਾਂ ਕਿ ਉਹ ਆਪਣੇ-ਆਪਣੇ ਘਰਾਂ ਤੱਕ ਪਹੁੰਚ ਸਕਣ।
ਜ਼ਿਕਰਯੋਗ ਹੈ ਕਿ ਸੋਨੂੰ ਸੂਦ ਦੇ ਇਸ ਕੰਮ ਦੀ ਹਰ ਕਿਸੇ ਨੇ ਤਾਰੀਫ਼ ਕੀਤੀ, ਸ਼ਾਇਦ ਇਸੇ ਤੋਂ ਉਨ੍ਹਾਂ ਦਾ ਹੌਂਸਲਾ ਵਧਿਆ ਤੇ ਉਹ ਅੱਜ ਵੀ ਵੱਖ-ਵੱਖ ਤਰ੍ਹਾਂ ਨਾਲ ਲੋਕਾਂ ਦੀ ਮਦਦ ਕਰ ਰਹੇ ਹਨ। ਟਵੀਟ ਉੱਤੇ ਯੂਜ਼ਰਸ ਉਨ੍ਹਾਂ ਨੂੰ ਮੈਸੇਜ ਕਰਕੇ ਕੇ ਮਦਦ ਕਰਨ ਦੀ ਬੇਨਤੀ ਕਰਦੇ ਹਨ। ਸੋਨੂੰ ਵੀ ਮੁੜ ਉਨ੍ਹਾਂ ਨੂੰ ਰਿਪਲਾਈ ਕਰਦੇ ਹਨ ਤੇ ਮਦਦ ਦਾ ਭਰੋਸਾ ਦਿੰਦੇ ਹਨ।