ਅਨੂਕ੍ਰਿਤੀ ਵਾਸ ਦੇ ਸਿਰ ਸਜਿਆ ‘ਮਿਸ ਇੰਡੀਆ 2018’ ਦਾ ਤਾਜ

ਅਨੂਕ੍ਰਿਤੀ ਵਾਸ ਦੇ ਸਿਰ ਸਜਿਆ 'ਮਿਸ ਇੰਡੀਆ 2018' ਦਾ ਤਾਜ

ਮੁੰਬਈ – ਤਾਮਿਲਨਾਡੂ ਦੀ ਅਨੂਕ੍ਰਿਤੀ ਵਾਸ ਨੇ ‘ਮਿਸ ਇੰਡੀਆ 2018’ ਦੇ ਖ਼ਿਤਾਬ ਉੱਤੇ ਆਪਣਾ ਕਬਜ਼ਾ ਕਰ ਲਿਆ ਹੈ। ਅਨੂਕ੍ਰਿਤੀ ਵਾਸ ਨੇ 29 ਹੋਰ ਮੁਕਾਬਲੇਬਾਜ਼ਾਂ ਨੂੰ ਪਛਾੜ ਕੇ ਇਹ ਖ਼ਿਤਾਬ ਜਿੱਤਿਆ ਹੈ। ਦੇਰ ਰਾਤ ਤੱਕ ਚੱਲੀ ਇਸ ਮੁਕਾਬਲੇ ਵਿੱਚ ਮਿਸ ਵਰਲਡ ਮਾਨੁਸ਼ੀ ਛਿੱਲਰ ਨੇ ਜੇਤੂ ਅਨੂਕ੍ਰਿਤੀ ਵਾਸ ਨੂੰ ਤਾਜ ਪਹਿਨਾਇਆ। ਫੈਮਿਨਾ ਮਿਸ ਇੰਡੀਆ 2018 ਦੇ ਮੁਕਾਬਲੇ ਦੇ 55ਵੇਂ ਆਡੀਸ਼ਨ ਵਿੱਚ ਭਾਰਤ ਦੇ ਸਾਰੇ 30 ਸੂਬਿਆਂ (ਦਿੱਲੀ ਸਮੇਤ) ਨੂੰ ਸ਼ਾਮਲ ਕੀਤਾ ਗਿਆ ਸੀ।
ਦੇਸ਼ ਦੇ ਸਭ ਤੋਂ ਮਾਣ ਵਾਲੇ ਸੁੰਦਰਤਾ ਮੁਕਾਬਲੇ ਐਫਬੀਬੀ ਕਲਰਸ ਫੈਮਿਨਾ ਮਿਸ ਇੰਡੀਆ 2018 ਦਾ ਪ੍ਰਬੰਧ 19 ਜੂਨ ਦਿਨ ਮੰਗਲਵਾਰ ਦੀ ਰਾਤ ਮੁੰਬਈ ਦੇ ਐਨਐੱਸਈਆਈ, ਡੋਮ, ਵਰਲੀ ਵਿੱਚ ਸੰਪੰਨ ਹੋਇਆ। ਫ਼ਿਲਮੀ ਸਿਤਾਰਿਆਂ ਨਾਲ ਭਰਪੂਰ ਇਸ ਰੰਗਾਰੰਗ ਸਮਾਰੋਹ ਵਿੱਚ ਦੇਸ਼ ਭਰ ਤੋਂ ਚੁਣ ਕੇ ਆਈਆਂ ਖ਼ੂਬਸੂਰਤ ਕੰਟੇਸਟੈਂਟਸ ਨੇ ਤਾਜ ਲਈ ਦਾਅਵੇਦਾਰੀ ਪੇਸ਼ ਕੀਤੀ। ਮੁਕਾਬਲੇ ਵਿੱਚ ਤਾਮਿਲਨਾਡੂ ਦੀ ਅਨੂਕ੍ਰਿਤੀ ਵਾਸ ਨੇ ‘ਮਿਸ ਇੰਡੀਆ 2018’ ਦਾ ਖ਼ਿਤਾਬ ਆਪਣੇ ਨਾਮ ਕੀਤਾ। ਉੱਥੇ ਹੀ, ਇਸ ਮੁਕਾਬਲੇ ਵਿੱਚ ਹਰਿਆਣਾ ਦੀ ਮੀਨਾਕਸ਼ੀਚੌਧਰੀ ‘ਫਰਸਟ ਰਨਰ ਅੱਪ’ ਅਤੇ ਆਂਧਰਾ ਪ੍ਰਦੇਸ਼ ਦੀ ਸ਼ਰੇਆ ਰਾਵ ‘ਸੈਕੰਡ ਰਨਰ ਅੱਪ’ ਰਹੀ।
ਮਿਸ ਇੰਡੀਆ ਬਣੀ ਅਨੂਕ੍ਰਿਤੀ ਵਾਸ ਤਾਮਿਲਨਾਡੂ ਦੀ ਰਹਿਣ ਵਾਲੀ ਹੈ। ਉਹ ਪੇਸ਼ੇ ਤੋਂ ਖਿਡਾਰੀ ਅਤੇ ਡਾਂਸਰ ਹੈ। ਅਨੂਕ੍ਰਿਤੀ ਆਪਣੀ ਮਾਂ ਦਾ ਸੁਫ਼ਨਾ ਪੂਰਾ ਕਰਨ ਲਈ ਫਰੈਂਚ ਭਾਸ਼ਾ ਵਿੱਚ ਬੀਏ ਕਰ ਰਹੀ ਹੈ ਅਨੂਕ੍ਰਿਤੀ ਵਾਸ ਦਾ ਪਾਲਣ-ਪੋਸਣਾ ਉਨ੍ਹਾਂ ਦੀ ਮਾਂ ਨੇ ਕੀਤਾ ਹੈ।ਅਨੂਕ੍ਰਿਤੀ ਨੂੰ ਬਾਈਕ ਚਲਾਉਣਾ ਪਸੰਦ ਹੈ। ਉਹ ਭਵਿੱਖ ਵਿੱਚ ਸੁਪਰ ਮਾਡਲ ਬਣਨਾ ਚਾਹੁੰਦੀ ਹੈ।
ਸਮਾਰੋਹ ਵਿੱਚ ਬਾਲੀਵੱਡ ਅਦਾਕਾਰਾ ਮਾਧੁਰੀ ਦੀਕਸ਼ਤ, ਕਰੀਨਾ ਕਪੂਰ ਖਾਨ ਅਤੇ ਜੈਕੁਲਿਨ ਫਰਨਾਂਡੇਜ਼ ਨੇ ਆਪਣੀ ਧਮਾਕੇਦਾਰ ਡਾਂਸ ਪਰਫਾਰਮੈਂਸ ਨਾਲ ਇਸ ਸ਼ਾਮ ਵਿੱਚ ਚਾਰ ਚੰਨ ਲਗਾਏ। ਉੱਥੇ ਹੀ ਬਾਲੀਵੁੱਡ ਫਿਲਮਸਾਜ਼ ਤੇ ਡਾਇਰੈਕਟਰ ਕਰਣ ਜੌਹਰ ਅਤੇ ਬਾਲੀਵੁੱਡ ਅਦਾਕਾਰ ਤੇ ਐਂਕਰ ਆਯੂਸ਼ਮਾਨ ਖੁਰਾਨਾ ਨੇ ਐਂਕਰਿੰਗ ਵਿੱਚ ਆਪਣੀ ਕਾਮੇਡੀ ਰਾਹੀ ਸਾਰਿਆ ਨੂੰ ਖ਼ੂਬ ਹਸਾਇਆ। ਜੱਜਾਂ ਦੇ ਪੈਨਲ ਵਿੱਚ ਕ੍ਰਿਕਟਰ ਕੇ.ਐਲ. ਰਾਹੁਲ ਤੇ ਇਰਫ਼ਾਨ ਖ਼ਾਨ ਅਤੇ ਅਦਾਕਾਰ ਬੌਬੀ ਦਿਓਲ, ਮਲਾਇਕਾ ਅਰੋੜਾ ਅਤੇ ਕੁਨਾਲ ਕਪੂਰ ਸ਼ਾਮਲ ਸਨ।