ਅਮਰੀਕਾ ‘ਚ ਕੋਰੋਨਾਵਾਇਰਸ ਹੋਇਆ ਹੋਰ ਖ਼ਤਰਨਾਕ, 15,000 ਮੌਤਾਂ

41 ਟਰੇਨ ਕਰਮਚਾਰੀਆਂ ਦੀ ਮੌਤ
ਨਿਊਯਾਰਕ, 10 ਅਪ੍ਰੈਲ (ਹੁਸਨ ਲੜੋਆ ਬੰਗਾ) – ਅਮਰੀਕਾ ‘ਚ ਕੋਰੋਨਾਵਾਇਰਸ ਹੋਰ ਭਿਆਨਕ ਹੋ ਗਿਆ ਹੈ। 24 ਘੰਟਿਆਂ ਵਿੱਚ 1900 ਮੌਤਾਂ ਹੋਣ ਨਾਲ ਮ੍ਰਿਤਕਾਂ ਦੀ ਕੁੱਲ ਗਿਣਤੀ 15,000 ਹੋ ਗਈ ਹੈ। ਇਸ ਤਰਾਂ ਇਟਲੀ ਜਿੱਥੇ ਹੁਣ ਤੱਕ ਸਭ ਤੋਂ ਵਧ ਮੌਤਾਂ 17669 ਹੋਈਆਂ ਹਨ, ਤੋਂ ਬਾਅਦ ਅਮਰੀਕਾ ਦੂਸਰੇ ਸਥਾਨ ‘ਤੇ ਪੁੱਜ ਗਿਆ ਹੈ। ਅਮਰੀਕੀ ਅਧਿਕਾਰੀ ਪਹਿਲਾਂ ਹੀ ਚਿਤਾਵਨੀ ਦੇ ਚੁੱਕੇ ਹਨ ਕਿ ਇਸ ਹਫ਼ਤੇ ਸਥਿਤੀ ਭਿਆਨਕ ਰੂਪ ਲੈ ਸਕਦੀ ਹੈ ਤੇ ਤੇਜ਼ੀ ਨਾਲ ਮੌਤਾਂ ਹੋ ਸਕਦੀਆਂ ਹਨ। ਟਰੰਪ ਪ੍ਰਸ਼ਾਸਨ ਤੇ ਸਿਹਤ ਅਧਿਕਾਰੀਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਹੈ ਹਾਲਾਂ ਕਿ ਨਵੇਂ ਮਾਮਲੇ ਰੋਕਣ ਲਈ ਚੁੱਕੇ ਗਏ ਕਦਮ ਕੰਮ ਕਰ ਰਹੇ ਹਨ ਪਰ ‘ਸੋਸ਼ਲ ਡਿਸਟੈਂਸ’ ਕਾਇਮ ਉੱਪਰ ਸਖ਼ਤੀ ਨਾਲ ਪਹਿਰਾ ਦਿੱਤਾ ਜਾਵੇ। ਨਿਊਯਾਰਕ ਦੇ ਗਵਰਨਰ ਐਂਡਰੀਊ ਕੂਮੋ ਨੇ ਕਿਹਾ ਹੈ ਕਿ ਵਿਅਕਤੀ ਦੀ ਵਿਅਕਤੀ ਤੋਂ ਦੂਰੀ ਸਥਿਤੀ ਵਿੱਚ ਮੋੜਾ ਲਿਆ ਸਕਦੀ ਹੈ। ਸਥਿਤੀ ਮੁਕੰਮਲ ਤੌਰ ‘ਤੇ ਇਸ ਗੱਲ ਉੱਪਰ ਨਿਰਭਰ ਕਰਦੀ ਹੈ ਕਿ ਅਸੀਂ ਦਿਨ ਵਿੱਚ ਕਿਸ ਤਰ੍ਹਾਂ ਵਿਚਰਦੇ ਹਾਂ। ਵਾਈਟ ਹਾਊਸ ਦੇ ਕੋਰੋਨਾਵਾਇਰਸ ਕੋਆਰਡੀਨੇਟਰ ਡਾ. ਡੀਬੋਰਾਹ ਬ੍ਰਿਕਸ ਨੇ ਸੋਸ਼ਲ ਡਿਸਟੈਂਸ ਖ਼ਤਮ ਕਰਨ ਵਿਰੁੱਧ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਅਜਿਹਾ ਕਰਨਾ ਬਹੁਤ ਕਾਹਲੀ ਵਿੱਚ ਚੁੱਕਿਆ ਗਿਆ ਕਦਮ ਹੋਵੇਗਾ।
90% ਡਾਕਟਰੀ ਸਮਾਨ ਰਾਜਾਂ ਵਿੱਚ ਭੇਜਿਆ- ਹੈਲਥ ਐਂਡ ਹਿਊਮਨ ਸਰਵਿਸਿਜ਼ ਵਿਭਾਗ (ਐਚ.ਐਚ.ਐੱਸ) ਨੇ ਐਨ 95 ਰੈਸਪੀਰੇਟਰ ਮਾਸਕ, ਸਰਜੀਕਲ ਫੇਸ ਮਾਸਕ, ਫੇਸ ਸ਼ੀਲਡ, ਗਾਊਨ ਤੇ ਦਸਤਾਨੇ ਆਦਿ ਦੀ ਆਖ਼ਰੀ ਖੇਪ ਕੋਰੋਨਾਵਾਇਰਸ ਨਾਲ ਪੀੜਤ ਰਾਜਾਂ ਨੂੰ ਭੇਜ ਦਿੱਤੀ ਹੈ। ਐਚ.ਐਚ.ਐੱਸ ਨੇ ਕਿਹਾ ਹੈ ਕਿ ਬਾਕੀ 10% ਡਾਕਟਰੀ ਸਮਾਨ ਰਾਜਾਂ ਨੂੰ ਨਹੀਂ ਭੇਜਿਆ ਜਾਵੇਗਾ ਤੇ ਇਸ ਸਮਾਨ ਨੂੰ ਸੰਘੀ ਵਰਕਰਾਂ ਲਈ ਰਾਖਵਾਂ ਰੱਖਿਆ ਜਾਵੇਗਾ। ਇਕ ਰਿਪੋਰਟ ਅਨੁਸਾਰ 117 ਲੱਖ ਐਨ 95 ਰੈਸਪੀਰੇਟਰ  ਮਾਸਕ ਤੇ 7920 ਵੈਂਟੀਲੇਟਰ ਦੇਸ਼ ਭਰ ਵਿੱਚ ਵੰਡੇ ਗਏ ਹਨ ਜਦ ਕਿ ਮੰਗ ਦੀ ਤੁਲਨਾ ਵਿੱਚ ਇਹ ਬਹੁਤ ਥੋੜ੍ਹੇ ਹਨ। ਕੌਮਾਂਤਰੀ ਇਨਫੈਕਸ਼ਨ ਬਿਮਾਰੀਆਂ ਬਾਰੇ ਅਮਰੀਕੀ ਏਜੰਸੀ ਦੇ ਇਕ ਦਹਾਕੇ ਤੋਂ ਵੀ ਵਧ ਸਮਾਂ ਮੁਖੀ ਰਹੇ ਡੈਨਿਸ ਕੋਰੋਲ ਨੇ ਕਿਹਾ ਹੈ ਕਿ ਸ਼ਾਇਦ ਵੈਂਟੀਲੇਟਰ ਦੇ ਸਹਾਰੇ ਜੀ ਰਹੇ ਕੋਵਿਡ -19 ਦੇ ਮਰੀਜ਼ਾਂ ਵਿੱਚੋਂ ਇਕ ਤਿਹਾਈ ਹੀ ਬਚ ਸਕਣਗੇ। ਜੇਕਰ ਕੋਈ ਮਰੀਜ਼ ਉਸ ਇਕ ਤਿਹਾਈ ਵਿੱਚ ਸ਼ਾਮਿਲ ਹੈ ਤਾਂ ਉਹ ਭਾਗਾਂ ਵਾਲਾ ਹੋਵੇਗਾ। ਵੈਂਟੀਲੇਟਰ ਮਰੀਜ਼ ਲਈ ਬਚਣ ਦਾ ਆਖ਼ਰੀ ਮੌਕਾ ਹੈ।
41 ਟਰੇਨ ਕਰਮਚਾਰੀਆਂ ਦੀ ਮੌਤ: ਨਿਊਯਾਰਕ ਵਿੱਚ 41 ਟਰੇਨ ਕਰਮਚਾਰੀਆਂ ਦੀ ਮੌਤ ਹੋ ਚੁੱਕੀ ਹੈ, ਅਤੇ 6,000 ਤੋਂ ਵੱਧ ਹੋਰ ਬਿਮਾਰ ਹੋ ਗਏ ਹਨ। ਮੁਲਾਜ਼ਮਾਂ ਦੀ ਘਾਟ ਕਾਰਨ 800 ਤੋਂ ਵੱਧ ਟਰੇਨਾਂ ਦੇਰੀ ਨਾਲ ਚੱਲ ਰਹੀਆਂ ਹਨ ਅਤੇ 40% ਰੇਲ ਰੂਟਾਂ ਨੂੰ ਇੱਕੋ ਦਿਨ ਵਿੱਚ ਰੱਦ ਕਰਨ ਲਈ ਮਜਬੂਰ ਕਰ ਦਿੱਤਾ ਹੈ ਅਤੇ ਕੁੱਝ ਟਰੇਨਾਂ ਦਾ ਇੰਤਜ਼ਾਰ, ਆਮ ਤੌਰ ‘ਤੇ ਚਾਰ ਮਿੰਟ ਤੋਂ 40 ਮਿੰਟ ਤੱਕ ਹੋ ਰਿਹਾ ਹੈ। ਇਉਂ ਲਗਦਾ ਹੈ ਕਿ ਕੋਰੋਨਾਵਾਇਰਸ ਮਹਾਂਮਾਰੀ ਨਿਊਯਾਰਕ ਸਿਟੀ ਵਿੱਚ ਫਸ ਗਈ ਹੈ। ਇਕ ਟਰੇਨ ਸੰਸਥਾ ਨੇ ਦੱਸਿਆ ਕਿ ਸਬਵੇਅ ਦੇ ਥਾਵਾਂ ਨੂੰ ਸਾਫ਼ ਕਰਨ ਲਈ ਮੁਲਾਜ਼ਮਾਂ ਨੂੰ ਕੀਟਾਣੂਨਾਸ਼ਕ ਵੰਡਣ ਵਿੱਚ ਦੇਰੀ ਕੀਤੀ ਗਈ, ਬਿਮਾਰ ਕਰਮਚਾਰੀਆਂ ਤੇ ਨਜ਼ਰ ਨਹੀਂ ਰੱਖਣਾ ਵੀ ਘਾਟੇ ਦਾ ਸੌਦਾ ਸਾਬਤ ਹੋਇਆ। ਡਰਾਈਵਰਾਂ ਨੂੰ ਕੰਮ ‘ਤੇ ਆਪਣੇ ਖ਼ੁਦ ਦੇ ਮਾਸਕ ਅਤੇ ਘਰੇਲੂ ਕੀਟਾਣੂਨਾਸ਼ਕ ਦੀ ਵਰਤੋਂ ਕਰਨੀ ਪਈ, ਜ਼ਿਆਦਾਤਰ ਇਹ ਕਾਰਣ ਹੀ ਮੌਤ ਦਾ ਕਾਰਣ ਬਣੇ।