ਅਮਰੀਕਾ ‘ਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ, 18750 ਮੌਤਾਂ, 35000 ਤੋਂ ਵਧ ਨਵੇਂ ਮਰੀਜ਼ ਆਏ, ਪੀਡ਼ਤਾਂ ਦੀ ਕੁਲ ਗਿਣਤੀ ਤਕਰੀਬਨ 5 ਲੱਖ ਤੋਂ ਉੱਪਰ ਹੋਈ

ਅਰਥਵਿਵਸਥਾਨ ਖੋਲਣ ਬਾਰੇ ਟਾਸਕ ਫੋਰਸ ਕਰੇਗੀ ਨਿਰਣਾ- ਰਾਸ਼ਟਰਪਤੀ ਟਰੰਪ
ਕੈਲੀਫੋਰਨੀਆ, 12 ਅਪ੍ਰੈਲ (ਹੁਸਨ ਲਡ਼ੋਆ ਬੰਗਾ) – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੋਰੋਨਾਵਾਇਰਸ ਨਾਲ ਵਧ ਰਹੀਆਂ ਮੌਤਾਂ ਦੀ ਗਿਣਤੀ ਦੇ ਦਰਮਿਆਨ ਐਲਾਨ ਕੀਤਾ ਹੈ ਕਿ ਅਰਥਵਿਵਸਥਾ ਖੋਲਣ ਦੇ ਮੁੱਦੇ ‘ਤੇ ਉਹ ਇਕ ਟਾਸਕ ਫੋਰਸ ਦਾ ਗਠਨ ਕਰ ਰਹੇ ਹਨ। ਅਮਰੀਕਾ ਵਿੱਚ ਕੋਰੋਨਾਵਾਇਰਸ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਤੇ ਲੰਘੇ ਦਿਨ 2000 ਤੋਂ ਵਧ ਲੋਕ ਮੌਤ ਦੇ ਮੂੰਹ ਵਿੱਚ ਜਾ ਪਏ ਹਨ। ਜੌਹਨਜ ਹੋਪਕਿਨਜ ਯੁਨੀਵਰਸਿਟੀ ਅਨੁਸਾਰ ਦੇਸ਼ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾਵਾਇਰਸ ਨਾਲ 2108 ਮੌਤਾਂ ਹੋਈਆਂ। ਇਸ ਤਰਾਂ ਮਰਨ ਵਾਲਿਆਂ ਦੀ ਕੁਲ ਗਿਣਤੀ 18750 ਹੋ ਗਈ ਤੇ 35098 ਨਵੇਂ ਮਰੀਜ਼ ਹਸਪਤਾਲਾਂ ‘ਚ ਆਏ ਹਨ। ਕੁਲ ਮਰੀਜ਼ਾਂ ਦੀ ਗਿਣਤੀ 502876 ਹੋ ਗਈ ਹੈ। 28000 ਤੋਂ ਵਧ ਮਰੀਜ਼ ਠੀਕ ਹੋਏ ਹਨ। ਵਾਇਟ ਹਾਊਸ ਕੋਰੋਨਾਵਾਇਰਸ ਟਾਸਕ ਫੋਰਸ ਦੇ ਕੋਆਰਡੀਨੇਟਰ ਡਾ ਡਿਬੋਰਾਹ ਬਿਰਕਸ ਨੇ ਕਿਹਾ ਹੈ ਕਿ ਮੌਤਾਂ ਦੇ ਮਾਮਲੇ ਵਿੱਚ ਅਮਰੀਕਾ ਹਾਲਾਂ ਚਰਮ ਸੀਮਾ ਉਪਰ ਨਹੀਂ ਪੁੱਜਾ ਪਰ ਇਸ ਦੇ ਬਾਵਜੂਦ ਹਾਲਾਤ ਵਿੱਚ ਮੋਡ਼ਾ ਪੈਣ ਦੀਆਂ ਸੰਭਾਵਨਾਵਾਂ ਵੀ ਨਜਰ ਆ ਰਹੀਆਂ ਹਨ। ਯੁਨੀਵਰਸਿਟੀ ਆਫ ਵਾਸ਼ਿੰਗਟਨ ਨੇ ਭਵਿੱਖਬਾਣੀ ਕੀਤੀ ਹੈ ਕਿ ਆਉਣ ਵਾਲੇ ਦਿਨਾਂ ‘ਚ ਮੌਤਾਂ ਘਟਣੀਆਂ ਸ਼ੁਰੂ ਹੋ ਜਾਣਗੀਆਂ।
ਟਾਸਕ ਫੋਰਸ ਦਾ ਹੋਵੇਗਾ ਗਠਨ:
ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਹ ਇਕ ਟਾਸਕ ਫੋਰਸ ਬਣਾਉਣਗੇ ਜੋ ਦੇਸ਼ ਨੂੰ ਮੁਡ਼ ਖੋਲਣ ਬਾਰੇ ਵਿਚਾਰ ਕਰੇਗੀ। ਉਹ ਵਿਚਾਰ ਕਰੇਗੀ ਕਿ ਦੇਸ਼ ਨੂੰ ਮੁਡ਼ ਕਿਵੇਂ ਖੋਲਣਾ ਹੈ। ਉਨਾਂ ਕਿਹਾ ਕਿ ਅਰਥਵਿਵਸਥਾ ਮੁਡ਼ ਖੋਲਣ ਬਾਰੇ ਨਿਰਨਾ ਅਜੇ ਨਹੀਂ ਲਿਆ। ਮੈ ਪ੍ਰਮਾਤਮਾ ਕੋਲੋਂ ਇਹ ਹੀ ਆਸ ਰਖਦਾ ਹਾਂ ਕਿ ਮੇਰਾ ਨਿਰਨਾ ਠੀਕ ਹੈ। ਮੇਰੀ ਜਿੰਦਗੀ ਦਾ ਇਹ ਸਭ ਤੋਂ ਮੁਸ਼ਕਿਲ ਫੈਸਲਾ ਹੋਵੇਗਾ। ਇੱਥੇ ਵਰਣਨਯੋਗ ਹੈ ਕਿ ਟਰੰਪ ਚਹੁੰਦੇ ਸਨ ਕਿ ਅਰਥਵਿਵਸਥਾ ਮੁਡ਼ ਖੋਲ ਦਿੱਤੀ ਜਾਵੇ। ਪਰ ਸਿਹਤ ਮਾਹਿਰਾਂ ਨੇ ਚਿਤਾਵਨੀ ਦਿੱਤੀ ਸੀ ਕਿ ਅਜਿਹਾ ਕਰਨ ਨਾਲ ਕੋਰੋਨਾਵਾਇਰਸ ਤੇਜੀ ਨਾਲ ਫੈਲੇਗਾ ਤੇ ਇਸ ਨੂੰ ਕੰਟਰੋਲ ਕਰਨਾ ਮੁਸ਼ਕਿਲ ਹੋ ਜਾਵੇਗਾ।
ਨਿਊਯਾਰਕ ਵਿਚ ਸਥਿੱਤੀ ਭਿਆਨਕ:
ਨਿਊਯਾਰਕ ਵਿੱਚ ਹਾਲਾਤ ਭਿਆਨਕ ਨਜਰ ਆ ਰਹੇ ਹਨ ਤੇ ਕੋਰੋਨਾਵਇਰਸ ਨਾਲ ਪੀਡ਼ਤਾਂ ਦੀ ਗਿਣਤੀ ਤਕਰੀਬਨ 1,72358 ਹੋ ਗਈ ਹੈ। ਇਹ ਕੇਵਲ ਉਹ ਲੋਕ ਹਨ ਜਿਨਾਂ ਦੇ ਟੈਸਟ ਹੋਏ ਹਨ ਤੇ ਅਜੇ ਬਹੁਤ ਸਾਰੇ ਲੋਕ ਅਜਿਹੇ ਹਨ ਜਿਨਾਂ ਦੇ ਟੈਸਟ ਹੋਣੇ ਰਹਿੰਦੇ ਹਨ। ਇਕੋ ਦਿਨ ‘ਚ 700 ਨਵੇਂ ਮਾਮਲੇ ਸਾਹਮਣੇ ਆਏ ਹਨ। ਰਾਜ ਵਿੱਚ 7844 ਮੌਤਾਂ ਹੋ ਚੁੱਕੀਆਂ ਹਨ।