ਅਮਰੀਕਾ ‘ਚ ਮੌਤਾਂ ਦੀ ਗਿਣਤੀ 80787 ਹੋਈ

ਵਾਸ਼ਿੰਗਟਨ, 11 ਮਈ (ਹੁਸਨ ਲੜੋਆ ਬੰਗਾ) – ਅਮਰੀਕਾ ਵਿੱਚ ਕੋਰੋਨਾਵਾਇਰਸ ਨਾਲ ਮੌਤਾਂ ਦੀ ਗਿਣਤੀ 80787 ਹੋ ਗਈ ਹੈ ਜਦੋਂ ਕਿ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾਵਾਇਰਸ ਦੇ 27638 ਨਵੇਂ ਮਰੀਜ਼ ਹਸਪਤਾਲਾਂ ਵਿੱਚ ਦਾਖਲ ਹੋਏ ਹਨ ਜਿਨ੍ਹਾਂ ਨਾਲ ਮਰੀਜ਼ਾਂ ਦੀ ਕੁੱਲ ਗਿਣਤੀ 13,67,638 ਹੋ ਗਈ ਹੈ। ਸਭ ਤੋਂ ਵੱਧ ਪੀੜਤ ਨਿਊਯਾਰਕ ਵਿੱਚ 26812 ਤੇ ਨਿਊਜਰਸੀ ਵਿੱਚ 9264 ਅਮਰੀਕੀ ਦਮ ਤੋੜ ਚੁੱਕੇ ਹਨ। ਵਾਈਟ ਹਾਊਸ ਵਿੱਚ ਦੋ ਸਟਾਫ਼ ਮੈਂਬਰਾਂ ਨੂੰ ਕੋਰੋਨਾ ਹੋਣ ਦੀ ਪੁਸ਼ਟੀ ਤੋਂ ਬਾਅਦ ਰਾਸ਼ਟਰਪਤੀ ਡੋਨਾਲਡ ਟਰੰਪ, ਉਪ ਰਾਸ਼ਟਰਪਤੀ ਮਾਈਕ ਪੈਂਸ ਤੇ ਸਟਾਫ਼ ਦੇ ਰੋਜ਼ਾਨਾ ਟੈੱਸਟ ਲੈਣ ਸਮੇਤ ਕਈ ਕਦਮ ਚੁੱਕਣ ਦਾ ਐਲਾਨ ਕੀਤਾ ਗਿਆ ਹੈ। ਇਸ ਦੌਰਾਨ ਵੱਧ ਰਹੀ ਬੇਰੁਜ਼ਗਾਰਾਂ ਦੀ ਗਿਣਤੀ ਦੇ ਦਰਮਿਆਨ ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਬਹੁਤ ਸਾਰੇ ਅਦਾਰਿਆਂ ਵੱਲੋਂ ਹਟਾਏ ਗਏ ਲੱਖਾਂ ਮੁਲਾਜ਼ਮਾਂ ਵਿਚੋਂ ਬਹੁਤ ਥੋੜ੍ਹਿਆਂ ਨੂੰ ਦੁਬਾਰਾ ਕੰਮ ‘ਤੇ ਸੱਦਣ ਦੀ ਸੰਭਾਵਨਾ ਹੈ।