ਅਮਰੀਕਾ ਵਿੱਚ ਕੋਰੋਨਾ ਦੇ ਰੋਜ਼ਾਨਾ ਹਜ਼ਾਰਾਂ ਨਵੇਂ ਮਾਮਲੇ ਆਉਣ ਤੇ ਮੌਤਾਂ ਦਾ ਸਿਲਸਿਲਾ ਜਾਰੀ

ਕੈਲੀਫੋਰਨੀਆ 31 ਅਗਸਤ (ਹੁਸਨ ਲੜੋਆ ਬੰਗਾ) – ਅਮਰੀਕਾ ਵਿੱਚ ਕੋਰੋਨਾ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ। ਪਿਛਲੇ 24 ਘੰਟਿਆਂ ਦੌਰਾਨ 47000 ਹੋਰ ਅਮਰੀਕੀਆਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। 1000 ਹੋਰ ਮੌਤਾਂ ਹੋਣ ਦੀ ਰਿਪੋਰਟ ਹੈ। ਪੀੜਤਾਂ ਦੀ ਕੁਲ ਗਿਣਤੀ 61,73,236 ਹੋ ਗਈ ਹੈ ਜਦ ਕਿ ਹੁਣ ਤੱਕ 1,81,224 ਮੌਤਾਂ ਹੋ ਚੁੱਕੀਆਂ ਹਨ। ਇਸ ਦੌਰਾਨ ਬਹੁਤ ਸਾਰੇ ਐਲੀਮੈਂਟਰੀ , ਸੈਕੰਡਰੀ ਸਕੂਲ ਤੇ ਯੂਨੀਵਰਸਿਟੀਆਂ ਕਲਾਸਾਂ ਸ਼ੁਰੂ ਕਰਨ ਦੀ ਤਿਆਰੀ ਕਰ ਰਹੀਆਂ ਹਨ। ਵਿਸ਼ਵ ਸਿਹਤ ਸੰਗਠਨ ਨੇ ਚਿਤਾਵਨੀ ਦਿੱਤੀ ਹੈ ਕਿ ਕੋਰੋਨਾ ਮਹਾਂਮਾਰੀ ਸਿਹਤ ਕਾਮਿਆਂ ਤੇ ਮੋਹਰੇ ਹੋ ਕੇ ਲੜ ਰਹੇ ਹੋਰ ਮੁਲਾਜ਼ਮਾਂ ਦੀਆਂ ਜਾਨਾਂ ਲੈ ਰਹੀ ਹੈ। ਇਸ ਲਈ ਸੰਭਲ ਕੇ ਚੱਲਣ ਵਿਚ ਹੀ ਭਲਾਈ ਹੈ।