ਅਮਰੀਕਾ ਵਿੱਚ ਕੋਰੋਨਾ ਪੀੜਤਾਂ ਦੀ ਰੋਜ਼ਾਨਾ ਗਿਣਤੀ 1 ਲੱਖ ਤੱਕ ਹੋ ਸਕਦੀ ਹੈ – ਸਿਹਤ ਮਾਹਿਰ, ਚੀਨ ਵਿੱਚ ਨਵੀਂ ਮਹਾਂਮਾਰੀ ਸ਼ੁਰੂ ਹੋ ਸਕਦੀ ਹੈ

ਵਾਸ਼ਿੰਗਟਨ 1 ਜੁਲਾਈ (ਹੁਸਨ ਲੜੋਆ ਬੰਗਾ) – ਅਮਰੀਕਾ ਵਿੱਚ ਕੋਰੋਨਾ ਪੀੜਤਾਂ ਦੀ ਨਿਰੰਤਰ ਵਧ ਰਹੀ ਗਿਣਤੀ ਦੇ ਦਰਮਿਆਨ ਦੇਸ਼ ਦੇ ਲਾਗ ਦੀਆਂ ਬਿਮਾਰੀਆਂ ਬਾਰੇ ਚੋਟੀ ਦੇ ਮਾਹਿਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਮੌਜੂਦਾ ਰੁਝਾਨ ਨੂੰ ਨਾ ਰੋਕਿਆ ਗਿਆ ਤਾਂ ਕੋਰੋਨਾ ਪੀੜਤਾਂ ਦੀ ਰੋਜ਼ਾਨਾ ਗਿਣਤੀ 1 ਲੱਖ ਤੱਕ ਹੋ ਸਕਦੀ ਹੈ। ਨੈਸ਼ਨਲ ਇੰਸਟੀਚਿਊਟ ਆਫ਼ ਐਲਰਜੀ ਐਂਡ ਇਨਫੈਕਸ਼ੀਅਸ ਡਸੀਜ਼ ਦੇ ਡਾਇਰੈਕਟਰ ਡਾ. ਐਨਥਨੀ ਫੌਕੀ ਨੇ ਸੈਨੇਟ ਕਮੇਟੀ ਨੂੰ ਦੱਸਿਆ ਕਿ, ‘ਮੇਰਾ ਵਿਚਾਰ ਹੈ ਕਿ ਤੁਹਾਨੂੰ ਤੇ ਅਮਰੀਕੀ ਲੋਕਾਂ ਨੂੰ ਇਹ ਦੱਸਣਾ ਅਹਿਮ ਹੈ ਕਿ ਕੋਰੋਨਾ ਕਾਰਨ ਸਥਿਤੀ ਬਹੁਤ ਖ਼ਰਾਬ ਹੋ ਸਕਦੀ ਹੈ’। ਉਨ੍ਹਾਂ ਕਿਹਾ ਕਿ ਚੀਨ ਵਿੱਚ ਮਾਹਿਰ ਸੂਰ ਵਿੱਚ ਪਾਏ ਗਏ ਨਵੇਂ ਸਵਾਈਨ ਫਲੂ ਤੋਂ ਚਿੰਤਾ ਗ੍ਰਸਤ ਹਨ ਕਿਉਂਕਿ ਇਸ ਫਲੂ ਵਿੱਚ ਮਹਾਂਮਾਰੀ ਬਣਨ ਦੀ ਸਮਰੱਥਾ ਹੈ ਪਰ ਇਸ ਤੋਂ ਤੁਰੰਤ ਅਮਰੀਕਾ ਨੂੰ ਕੋਈ ਖ਼ਤਰਾ ਨਹੀਂ ਹੈ। ਉਨ੍ਹਾਂ ਕਿਹਾ ਕਿ ਅਨੇਕਾਂ ਰਾਜਾਂ ਨੇ ਕਾਰੋਬਾਰਾਂ ਨੂੰ ਸੁਰੱਖਿਅਤ ਮੁੜ ਖੋਲ੍ਹਣ ਦੇ ਮਾਪ ਦੰਡ ਲਾਗੂ ਕੀਤੇ ਬਿਨਾਂ ਰੋਕਾਂ ਨਰਮ ਕਰ ਦਿੱਤੀਆਂ ਹਨ ਇਸ ਕਾਰਨ ਕੋਰੋਨਾਵਾਇਰਸ ਨਾਲ ਪੀੜਤਾਂ ਦੀ ਗਿਣਤੀ ਦੁੱਗਣੇ ਤੋਂ ਵਧ ਹੋ ਸਕਦੀ ਹੈ। ਡਾ. ਫੌਕੀ ਨੇ ਕਿਹਾ ਕਿ 12 ਰਾਜਾਂ ਵਿੱਚ ਮਰੀਜ਼ਾਂ ਦੀ ਗਿਣਤੀ ਵਧ ਰਹੀ ਹੈ। ਐਰੀਜ਼ੋਨਾ ਵਿੱਚ ਰੋਜ਼ਾਨਾ ਮੌਤਾਂ ਦਾ ਅੰਕੜਾ ਵਧ ਰਿਹਾ ਹੈ ਤੇ ਤਕਰੀਬਨ 130 ਕਾਊਂਟੀਆਂ ਨੂੰ ‘ਹੌਟ ਸਪਾਟ’ ਵਜੋਂ ਲਿਆ ਜਾ ਰਿਹਾ ਹੈ।
ਐਰੀਜ਼ੋਨਾ ਵਿੱਚ ਬਾਰ ਤੇ ਜਿੰਮ ਮੁੜ ਬੰਦ –
ਐਰੀਜ਼ੋਨਾ ਦੇ ਗਵਰਨਰ ਡੌਘ ਡੂਸੀ ਨੇ ਕੋਰੋਨਾ ਪੀੜਤਾਂ ਦੇ ਮਾਮਲੇ ਵਧਣ ਦੇ ਮੱਦੇਨਜ਼ਰ ਬਾਰ, ਜਿੰਮ ਤੇ ਥੀਏਟਰ ਮੁੜ ਬੰਦ ਕਰਨ ਦੇ ਆਦੇਸ਼ ਦਿੱਤੇ ਹਨ। ਗਵਰਨਰ ਨੇ ਵਧ ਰਹੇ ਮਾਮਲਿਆਂ ਉੱਪਰ ਚਿੰਤਾ ਪ੍ਰਗਟ ਕਰਦਿਆਂ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਹਿਫ਼ਾਜ਼ਤੀ ਕਦਮ ਚੁੱਕਣ ਉੱਪਰ ਜ਼ੋਰ ਦਿੱਤਾ ਹੈ। ਇਸ ਦੇ ਉਲਟ ਐਰੀਜ਼ੋਨਾ ਦੇ ਸ਼ਹਿਰ ਈਗਰ ਦੇ ਮੇਅਰ ਨੇ ਕਿਹਾ ਹੈ ਕਿ ਉਹ ਕੋਈ ਵੀ ਸਮਾਗਮ ਰੱਦ ਨਹੀਂ ਕਰਨਗੇ ਤੇ ਨਾ ਹੀ ਮਾਸਕ ਪਾਉਣ ਦੀ ਲੋੜ ਹੈ। ਮੇਅਰ ਬਰਾਈਸ ਹੈਮਬਲਿਨ ਨੇ ਇਕ ਬਿਆਨ ਵਿੱਚ ਕਿਹਾ ਹੈ ਕਿ ਕੋਰੋਨਾ ਮਹਾਂਮਾਰੀ ਬਾਰੇ ਮੇਰਾ ਵਿਚਾਰ ਇਹ ਹੈ ਕਿ ਪਾਬੰਦੀਆਂ ਲਾ ਕੇ ਅਸੀਂ ਆਜ਼ਾਦੀ ਦੇ ਨਜ਼ਰੀਏ ਤੋਂ ਗ਼ਲਤੀ ਕਰ ਰਹੇ ਹਾਂ।