ਅਮਰੀਕਾ ਵਿੱਚ ਸਿਹਤ ਵਰਕਰਾਂ ਨੂੰ ਅਗਲੇ ਕੁੱਝ ਦਿਨਾਂ ਵਿੱਚ ਟੀਕੇ ਲੱਗਣੇ ਹੋਣਗੇ ਸ਼ੁਰੂ

ਕੋਰੋਨਾ ਕਾਰਨ ਪ੍ਰਤੀ ਦਿਨ ਮੌਤਾਂ ਦੀ ਅੰਕੜਾ 3000 ਤੋਂ ਪਾਰ
ਕੈਲੀਫੋਰਨੀਆ 11 ਦਸੰਬਰ (ਹੁਸਨ ਲੜੋਆ ਬੰਗਾ) –
ਪ੍ਰਮੁੱਖ ਅਮਰੀਕੀ ਵੈਕਸੀਨ ਵਿਗਿਆਨੀਆਂ ਨੇ ਦਿਨ ਭਰ ਚੱਲੀ ਮੀਟਿੰਗ ਤੋਂ ਬਾਅਦ ਸਿਫ਼ਾਰਿਸ਼ ਕੀਤੀ ਹੈ ਕਿ ਫੂਡ ਐਂਡ ਡਰੱਗ (ਐਫ.ਡੀ.ਏ) ਪ੍ਰਸ਼ਾਸਨ ਨੂੰ ਅਮਰੀਕਨਾਂ ਨੂੰ ਕੋਵਿਡ-19 ਵੈਕਸੀਨ ਦੇਣ ਲਈ ਅਧਿਕਾਰਤ ਕਰ ਦਿੱਤਾ ਜਾਵੇ। ਜਨਤਿਕ ਸੁਣਵਾਈ ਤੋਂ ਬਾਅਦ ਬਾਇਆਲੋਜੀ ਪ੍ਰੋਡਕਟਸ ਐਡਵਾਈਜ਼ਰੀ ਕਮੇਟੀ ਨੇ 17-4 ਦੇ ਬਹੁਮਤ ਨਾਲ ਫਾਈਜ਼ਰ ਤੇ ਇਸ ਦੀ ਭਾਈਵਾਲ ਕੰਪਨੀ ਬਾਇਓਨਟੈੱਕ ਵੱਲੋਂ ਤਿਆਰ ਕੀਤੇ ਟੀਕੇ ਨੂੰ ਪ੍ਰਵਾਨਗੀ ਦਿੱਤੀ। ਕਮੇਟੀ ਦਾ ਇਕ ਮੈਂਬਰ ਗੈਰ ਹਾਜ਼ਰ ਰਿਹਾ। ਐਫ . ਡੀ. ਏ ਵੱਲੋਂ ਅਗਲੇ ਕੁੱਝ ਘੰਟਿਆਂ ਦੌਰਾਨ ਟੀਕੇ ਦੀ ਹੰਗਾਮੀ ਸਥਿਤੀ ਵਿੱਚ ਵਰਤੋਂ ਨੂੰ ਪ੍ਰਵਾਨਗੀ ਦਿੱਤੇ ਜਾਣ ਦੀ ਸੰਭਾਵਨਾ ਹੈ। ਫਾਈਜ਼ਰ- ਬਾਇਨਟਿਕ ਦੇ ਵੈਕਸੀਨ ਦੀ ਪੁਸ਼ਟੀ ਹੋਣ ਉਪਰੰਤ ਐਫ ਡੀ ਏ ਲਈ ਅਮਰੀਕਨਾਂ ਨੂੰ ਟੀਕੇ ਲਾਉਣ ਦਾ ਰਾਹ ਸਾਫ਼ ਹੋ ਗਿਆ ਹੈ। ਟੀਕੇ ਲਾਉਣ ਦੀ ਸ਼ੁਰੂਆਤ ਅਗਲੇ ਕੁਝ ਦਿਨਾਂ ਦੌਰਾਨ ਸਿਹਤ ਵਰਕਰਾਂ ਤੇ ਨਰਸਿੰਗ ਕੇਂਦਰਾਂ ਦੇ ਵਾਸੀਆਂ ਤੋਂ ਹੋਵੇਗੀ। ਇਸ ਸਮੇਂ ਦੇਸ਼ ਵਿੱਚ ਕੋਰੋਨਾ ਵਾਇਰਸ ਨਾਲ ਰੋਜ਼ਾਨਾ ਮੌਤਾਂ ਦੀ ਗਿਣਤੀ 3000 ਨੂੰ ਪਾਰ ਕਰ ਗਈ ਹੈ। ਜੌਹਨ ਹੋਪਕਿੰਨਜ ਯੂਨੀਵਰਸਿਟੀ ਅਨੁਸਾਰ ਲੰਘੇ ਬੁੱਧਵਾਰ ਕੋਰੋਨਾ ਨਾਲ ਜੂਝਦੇ ਹੋਏ 3124 ਅਮਰੀਕੀ ਦਮ ਤੋੜ ਗਏ। ਪਿਛਲੇ ਹਫ਼ਤੇ ਇੱਕ ਦਿਨ ਵਿੱਚ ਸਭ ਤੋਂ ਵਧ ਮੌਤਾਂ ਦਾ ਰਿਕਾਰਡ 2885 ਸੀ। ਨਵੀਂ ਇਨਫੈਕਸ਼ਨ ਦਾ ਜੋਖ਼ਮ ਵਧਿਆ ਹੈ। ਮਰੀਜ਼ਾਂ ਦੀ ਗਿਣਤੀ ਵਧਣ ਕਾਰਨ ਹਸਪਤਾਲਾਂ ਵਿੱਚ ਮੰਜਿਆਂ ਦੀ ਘਾਟ ਪੈਦਾ ਹੋ ਗਈ ਹੈ। ਇਸ ਲਈ ਰਾਜ ‘ਸਟੇਅ ਐਟ ਹੋਮ’ ਦੇ ਆਦੇਸ਼ ਜਾਰੀ ਕਰ ਰਹੇ ਹਨ। 38 ਰਾਜਾਂ ਨੇ ਮਾਸਕ ਪਹਿਨਣਾ ਜ਼ਰੂਰੀ ਕਰ ਦਿੱਤਾ ਹੈ।