ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕੋਵਿਡ -19 ਦੇ ਮਾਮਲਿਆਂ ਵਿੱਚ ਨਿਊਜ਼ੀਲੈਂਡ ‘ਚ ਵੱਡਾ ਉਛਾਲ

ਮੈਨਕਾਟੋ (ਅਮਰੀਕਾ), 18 ਅਗਸਤ – ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੋਵਿਡ -19 ਦੇ ਆਕਲੈਂਡ ਕਮਿਊਨਿਟੀ ਕਲੱਸਟਰ ਦੇ ਪ੍ਰਕੋਪ ਨੂੰ ਕੋਰੋਨਾਵਾਇਰਸ ਦੇ ਮਾਮਲਿਆਂ ਵਿਚ “ਵੱਡਾ ਉਛਾਲ” ਕਰਾਰ ਦਿੱਤਾ ਹੈ। ਮੈਨਕਾਟੋ, ਮਿਨੀਸੋਟਾ ਤੋਂ ਬੋਲਦਿਆਂ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਨਿਊਜ਼ੀਲੈਂਡ ਅਤੇ ਅਮਰੀਕਾ ਦੇ ਕੋਰੋਨਾਵਾਇਰਸ ਪ੍ਰਤੀ ਪ੍ਰਤੀਕ੍ਰਿਆ ਦੀ ਮਾਮੂਲੀ ਜਿਹੀ ਤੁਲਨਾ ਕੀਤੀ। ਉਨ੍ਹਾਂ ਨੇ ਨਿਊਜ਼ੀਲੈਂਡ ਬਾਰੇ ਕਿਹਾ ‘ਦੇਅ ਬੀਟ ਇਟ, ਦੇਅ ਬੀਟ ਇਟ (They Beat It) ਯਾਨੀ ਉਨ੍ਹਾਂ ਨੇ ਇਸ ਨੂੰ ਹਰਾਇਆ’। ਉਨ੍ਹਾਂ ਨੇ ਕਿਹਾ, ‘ਇਹ ਪਹਿਲੇ ਪੇਜ ਦੀ ਖ਼ਬਰ ਦੀ ਤਰ੍ਹਾਂ ਸੀ …’ ਕਿਉਂਕਿ ਉਹ ਮੈਨੂੰ ਕੁੱਝ ਦਿਖਾਉਣਾ ਚਾਹੁੰਦੇ ਸਨ।
ਰਾਸ਼ਟਰਪਤੀ ਟਰੰਪ ਨੇ ਕਿਹਾ ਕਿ, ‘ਸਮੱਸਿਆ (ਇਹ ਹੈ) ਨਿਊਜ਼ੀਲੈਂਡ ਵਿੱਚ ਬਹੁਤ ਵੱਡਾ ਉਛਾਲ ਹੈ…ਇਹ ਭਿਆਨਕ ਹੈ। ਅਸੀਂ ਅਜਿਹਾ ਨਹੀਂ ਚਾਹੁੰਦੇ’। ਉਨ੍ਹਾਂ ਨੇ ਅੱਗੇ ਕਿਹਾ ਕਿ ਵਾਇਰਸ ਇੱਕ ਅਦਿੱਖ ਦੁਸ਼ਮਣ ਹੈ ਜਿਸ ਨੂੰ ਅਮਰੀਕਾ, ਯੂਰਪ ਜਾਂ ਬਾਕੀ ਦੁਨੀਆ ਵਿੱਚ ਆਉਣ ਦੀ ਆਗਿਆ ਨਹੀਂ ਹੋਣੀ ਚਾਹੀਦੀ ਸੀ।