ਅੰਡਰ-੧੯ ਵਿਸ਼ਵ ਕੱਪ : ਨਿਊਜ਼ੀਲੈਂਡ ਨੂੰ ਹਰਾ ਭਾਰਤ ਫਾਈਨਲ ‘ਚ

ਟਾਊਂਸਵਿਲੇ, 23 ਅਗਸਤ (ਏਜੰਸੀ) – ਅੰਡਰ-19 ਕ੍ਰਿਕਟ ਵਿਸ਼ਵ ਕੱਪ ਵਿੱਚ ਭਾਰਤੀ ਟੀਮ ਦਾ ਸ਼ਾਨਦਾਰ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਅੱਜ ਹੋਏ ਸੈਮੀਫਾਈਨਲ ਮੈਚ ਵਿੱਚ ਟੀਮ ਇੰਡੀਆ ਨੇ ਨਿਊਜ਼ੀਲੈਂਡ ਨੂੰ 9 ਦੌੜਾਂ ਨਾਲ ਹਰਾ ਕੇ ਵਿਸ਼ਵ ਕੱਪ ਦੇ ਫਾਈਨਲ ਵਿੱਚ ਜਗ੍ਹਾ ਬਣਾ ਲਈ, ਜਿਥੇ ਫਾਈਨਲ ਵਿੱਚ ਉਸ ਦਾ ਮੁਕਾਬਲਾ ਆਸਟਰੇਲੀਆ ਨਾਲ ਹੋਵੇਗਾ।
ਭਾਰਤੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਿਤ 50 ਓਵਰਾਂ ਵਿੱਚ 209 ਦੌੜਾਂ ਬਣਾਈਆਂ। ਸਲਾਮੀ ਬੱਲੇਬਾਜ਼ ਪ੍ਰਸ਼ਾਂਤ ਚੋਪੜਾ ਨੇ 52 ਅਤੇ ਬਾਬਾ ਅਪਰਾਜਿਤ ਨੇ 44 ਦੌੜਾਂ ਦਾ ਯੋਗਦਾਨ ਪਾਇਆ। ਜਵਾਬ ਵਿੱਚ ਨਿਊਜ਼ੀਲੈਂਡ ਦੀ ਟੀਮ 200 ਦੌੜਾਂ ਹੀ ਬਣਾ ਸਕੀ ਅਤੇ ਇਹ ਮੈਚ ਭਾਰਤ ਨੇ 9 ਦੌੜਾਂ ਨਾਲ ਜਿੱਤ ਲਿਆ।
ਹੁਣ ਫਾਈਨਲ ਵਿੱਚ ਭਾਰਤ ਦਾ ਮੁਕਾਬਲਾ ਤਿੰਨ ਵਾਰ ਦੀ ਚੈਂਪੀਅਨ ਆਸਟਰੇਲੀਆ ਨਾਲ ਹੋਵੇਗਾ, ਜਿਸ ਨੇ ਸੈਮੀਫਾਈਨਲ ਵਿੱਚ ਦੱਖਣੀ ਅਫ਼ਰੀਕਾ ਨੂੰ ਹਰਾਇਆ। ਆਸਟਰੇਲੀਆ ਇਸ ਤੋਂ ਪਹਿਲਾਂ 1988, 2002 ਅਤੇ 2010 ਵਿੱਚ ਅੰਡਰ-19 ਵਿਸ਼ਵ ਕੱਪ ਦਾ ਖ਼ਿਤਾਬ ਆਪਣੇ ਨਾਂ ਕਰ ਚੁੱਕਾ ਹੈ।
ਗੌਰਤਲਬ ਹੈ ਕਿ ਤੀਜੇ-ਚੌਥੇ ਸਥਾਨ ਲਈ ਹੁਣ ਨਿਊਜ਼ੀਲੈਂਡ ਤੇ ਦੱਖਣੀ ਅਫ਼ਰੀਕਾ ਆਪਸ ਵਿੱਚ ਭਿੜਨਗੇ।