ਅੰਬੇਡਕਰ ਮਿਸ਼ਨ ਸੋਸਾਇਟੀ ਨੇ ਦਿੱਲੀ ਵਿਖੇ ਸ੍ਰੀ ਗੁਰੂ ਰਵੀਦਾਸ ਗੁਰੂਘਰ ਤੋੜਨ ਦੀ ਸਖ਼ਤ ਸ਼ਬਦਾਂ ‘ਚ ਨਿੰਦਿਆ ਕੀਤੀ

ਆਕਲੈਂਡ, 12 ਅਗਸਤ – ਅੰਬੇਡਕਰ ਮਿਸ਼ਨ ਸੋਸਾਇਟੀ ਦੀ ਮੀਟਿੰਗ 11 ਅਗਸਤ ਦਿਨ ਐਤਵਾਰ ਨੂੰ ਪੁੱਕੀਕੋਈ ਮੋਟਲ ਵਿਖੇ ਹੋਈ, ਜਿਸ ਦੀ ਪ੍ਰਧਾਨਗੀ ਸੋਸਾਇਟੀ ਦੇ ਪ੍ਰਧਾਨ ਮਹਿੰਦਰਪਾਲ ਜੀ ਨੇ ਕੀਤੀ ਅਤੇ ਮੀਟਿੰਗ ਵਿੱਚ ਆਏ ਹੋਏ ਸਾਰੇ ਸਾਥੀਆਂ ਦਾ ਧੰਨਵਾਦ ਵੀ ਕੀਤਾ। ਅੱਜ ਦੀ ਇਹ ਵਿਸ਼ੇਸ਼ ਮੀਟਿੰਗ ਦਿੱਲੀ ਦੇ ਵਿੱਚ ਬੀਜੇਪੀ ਦੀ ਮੋਦੀ ਸਰਕਾਰ ਦੇ ਇਸ਼ਾਰੇ ਉੱਤੇ ਪ੍ਰਸ਼ਾਸਨ ਵੱਲੋਂ ਤੁਗਲਕਾਬਾਦ ਵਿਖੇ ਲਗਭਗ 500 ਸਾਲ ਪੁਰਾਣੇ ਸ੍ਰੀ ਗੁਰੂ ਰਵੀਦਾਸ ਗੁਰੂਘਰ ਨੂੰ ਢਹਿ ਢੇਰੀ ਕਰਨ ਦੇ ਸੰਬੰਧ ਵਿੱਚ ਬੁਲਾਈ ਗਈ ਸੀ, ਜਿਸ ਦੀ ਅੰਬੇਡਕਰ ਮਿਸ਼ਨ ਸੋਸਾਇਟੀ ਵੱਲੋਂ ਅੱਜ ਦੀ ਮੀਟਿੰਗ ਵਿੱਚ ਘੋਰ ਨਿੰਦਿਆ ਕੀਤੀ। ਪ੍ਰਧਾਨ ਮਹਿੰਦਰਪਾਲ, ਜਨਰਲ ਸਕੱਤਰ ਰੇਸ਼ਮ ਸਿੰਘ ਕਰੀਮਪੁਰੀ, ਮੀਤ ਪ੍ਰਧਾਨ ਮਨਜੀਤ ਰੱਤੂ, ਸਪੋਕਸਮੈਨ ਰਾਹੁਲ, ਮੀਤ ਸਕੱਤਰ ਰਕੇਸ਼ ਕੁਮਾਰ, ਰੋਮੀ ਸਤਵਿੰਦਰ ਪੱਪੀ, ਸੁਨੀਤਾ ਕਰੀਮਪੁਰੀ ਅਤੇ ਕਮਲਾ ਨੇ ਆਪਣੇ-ਆਪਣੇ ਵਿਚਾਰ ਰੱਖੇ ਅਤੇ ਇਸ ਦੁਖਦਾਈ ਤੇ ਮੰਦਭਾਗੀ ਘਟਨਾ ਦੀ ਨਿੰਦਿਆ ਕੀਤੀ। ਸਾਰਿਆਂ ਨੇ ਕਿਹਾ ਕਿ ਇਸ ਨਾਲ ਗੁਰੂ ਰਵਿਦਾਸ ਨਾਮ-ਲੇਵਾ ਭਾਈਚਾਰੇ ਦੇ ਦਿਲਾਂ ਨੂੰ ਭਾਰੀ ਠੇਸ ਪਹੁੰਚਾਈ ਹੈ। ਇਨ੍ਹਾਂ ਸਾਰੇ ਮੈਂਬਰਾਂ ਨੇ ਗੁਰੂ ਰਵਿਦਾਸ ਨਾਮ-ਲੇਵਾ ਸਭਾਵਾਂ ਤੇ ਮਾਨਵਤਾਵਾਦੀ ਸੋਚ ਰੱਖਣ ਵਾਲੀਆਂ ਹੋਰ ਜੱਥੇਬੰਦੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਬਹੁਜਨ ਸਮਾਜ ਪਾਰਟੀ ਦੇ ਬੈਨਰ ਹੇਠ ਇਕੱਠੇ ਹੋ ਕੇ ਸਰਕਾਰ ਦੇ ਜ਼ਬਰ ਖ਼ਿਲਾਫ਼ ਰੋਸ ਪ੍ਰਦਰਸ਼ਨ ਜਾਰੀ ਰੱਖਣ ਜੱਦ ਤੱਕ ਸਰਕਾਰ ਗੁਰੂ ਰਵਿਦਾਸ ਗੁਰੂਘਰ ਦੀ ਮੁੜ ਬਹਾਲੀ ਨਹੀਂ ਕਰ ਦਿੰਦੀ।