ਆਈਸੀਸੀ ਕ੍ਰਿਕਟ ਵਿਸ਼ਵ ਕੱਪ ੨੦੧੫ ਦੇ ਸੈਮੀ ਫਾਈਨਲ ਮੁਕਾਬਲੇ

ICC-Cricket-World-Cup-2015ਆਕਲੈਂਡ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ਅਤੇ ਆਸਟਰੇਲੀਆ ਦੀ ਸਾਂਝੀ ਮੇਜ਼ਬਾਨੀ ਵਾਲੇ ਆਈਸੀਸੀ ਕ੍ਰਿਕਟ ਵਿਸ਼ਵ ਕੱਪ 2015 ਦੇ ਸੈਮੀ ਫਾਈਨਲ ਮੁਕਾਬਲਿਆਂ ਦੇ ਰੋਮਾਂਚਕ ਹੋਣ ਦੀ ਪੂਰੀ ਆਸ ਕੀਤੀ ਜਾ ਰਹੀ ਹੈ। ਵਿਸ਼ਵ ਕੱਪ ਦਾ ਪਹਿਲਾ ਸੈਮੀ ਫਾਈਨਲ 24 ਮਾਰਚ ਦਿਨ ਮੰਗਲਵਾਰ ਨੂੰ ਮੇਜ਼ਬਾਨ ਨਿਊਜ਼ੀਲੈਂਡ ਅਤੇ ਦੱਖਣੀ ਅਫ਼ਰੀਕਾ ਵਿਚਾਲੇ ਆਕਲੈਂਡ ਦੇ ਈਡਨ ਪਾਰਕ ਮੈਦਾਨ ਵਿਖੇ ਖੇਡਿਆ ਜਾਵੇਗਾ ਜਦੋਂ ਕਿ ਦੂਜਾ ਸੈਮੀ ਫਾਈਨਲ 26 ਮਾਰਚ ਦਿਨ ਵੀਰਵਾਰ ਨੂੰ ਮੇਜ਼ਬਾਨ ਆਸਟਰੇਲੀਆ ਅਤੇ ਪਿਛਲੇ ਵਿਸ਼ਵ ਕੱਪ ਦੇ ਚੈਂਪੀਅਨ ਭਾਰਤੀ ਨਾਲ  ਹੋਵੇਗਾ। ਗੌਰਤਲਬ ਹੈ ਕਿ ਨਿਊਜ਼ੀਲੈਂਡ ਤੇ ਭਾਰਤ ਦੀਆਂ ਟੀਮਾਂ ਹੁਣ ਤੱਕ ਖੇਡੇ ਆਪਣੇ ਸੱਤੇ ਮੈਚ ਜਿੱਤ ਕੇ ਟੂਰਨਾਮੈਂਟ ਵਿੱਚ ਹੁਣ ਤੱਕ ਸਭ ਤੋਂ ਮਜ਼ਬੂਤ ਨਜ਼ਰ ਆ ਰਹੀਆਂ ਹਨ।
ਪਹਿਲਾ ਸੈਮੀ ਫਾਈਨਲ – ਨਿਊਜ਼ੀਲੈਂਡ ਤੇ ਦੱਖਣੀ ਅਫ਼ਰੀਕਾ ਹੁਣ ਤੱਕ 61 ਮੈਚ ਖੇਡੇ ਹਨ ਜਿਨ੍ਹਾਂ ਵਿੱਚੋਂ ਨਿਊਜ਼ੀਲੈਂਡ ਸਿਰਫ਼ 20 ਮੈਚ ਜਿੱਤੀ ਅਤੇ 36 ਹਾਰੀ ਹੈ। ਪਰ ਪਿਛਲੇ ਵਿਸ਼ਵ ਕੱਪ ਦੇ ਕੁਆਰਟਰ ਫਾਈਨਲ ਵਿੱਚ ਨਿਊਜ਼ੀਲੈਂਡ ਨੇ ਦੱਖਣੀ ਅਫ਼ਰੀਕਾ ਨੂੰ ਹਰਾ ਦਿੱਤਾ ਸੀ। ਦੋਵੇਂ ਟੀਮਾਂ ‘ਚੋਂ ਇਕ ਟੀਮ ਫਾਈਨਲ ਵਿੱਚ ਪਹੁੰਚ ਕੇ ਇਤਿਹਾਸ ਸਿਰਜੇਗੀ ਕਿਉਂਕਿ ਇਨ੍ਹਾਂ ਦੋਹਾਂ ਟੀਮਾਂ ਵਿੱਚੋਂ ਹੁਣ ਤੱਕ ਇਕ ਵੀ ਟੀਮ ਫਾਈਨਲ ਤੱਕ ਨਹੀਂ ਪੁੱਜੀ ਹੈ।
ਦੂਜਾ ਸੈਮੀ ਫਾਈਨਲ – ਭਾਰਤ ਅਤੇ ਆਸਟਰੇਲੀਆ ਹੁਣ ਤੱਕ 117 ਮੈਚ ਖੇਡੇ ਹਨ, ਭਾਰਤ ਨੇ 40 ਅਤੇ ਆਸਟਰੇਲੀਆ ਨੇ 67 ਮੈਚ ਜਿੱਤੇ ਹਨ। ਹਾਲਾਂਕਿ ਭਾਰਤ ਨੇ2011 ਵਿਸ਼ਵ ਕੱਪ ਦੇ ਕੁਆਰਟਰ ਫਾਈਨਲ ਵਿੱਚ ਆਸਟਰੇਲੀਆ ਨੂੰ ਹਰਾ ਦਿੱਤਾ ਸੀ। ਭਾਰਤ 1983, 2003 ਅਤੇ 2011 ਦਾ ਫਾਈਨਲ ਖੇਡ ਚੁੱਕਾ ਹੈ ਅਤੇ ਉਹ ਚੌਥੀ ਵਾਰ ਫਾਈਨਲ ਵਿੱਚ ਪੁੱਜਣ ਦਾ ਪੂਰਾ ਜ਼ੋਰ ਲਾਏਗਾ। ਜਦੋਂ ਕਿ ਆਸਟਰੇਲੀਆ 1975, 1987, 1996, 1999, 2003 ਅਤੇ 2007 ਵਿੱਚ ਛੇ ਵਾਰ ਫਾਈਨਲ ਵਿੱਚ ਖੇਡ ਚੁੱਕਾ ਹੈ ਅਤੇ ਚਾਰ ਵਾਰ ਚੈਂਪੀਅਨ ਵੀ ਰਹਿ ਚੁੱਕੀ ਹੈ ਤੇ ਸੱਤਵੀਂ ਵਾਰ ਫਾਈਨਲ ਵਿੱਚ ਪਹੁੰਚਣ ਦੀ ਕੋਸ਼ਿਸ਼ ਕਰੇਗਾ।