ਆਕਲੈਂਡ ‘ਚ ਅਮਰੀਕਾ ਕੱਪ ਤੇ ਜੇਤੂ ਐਮੀਰੇਟਸ ਟੀਮ ਦਾ ਵਰ੍ਹਦੇ ਮੀਂਹ ‘ਚ ਜ਼ੌਰਦਾਰ ਸਵਾਗਤ

ਆਕਲੈਂਡ, 6 ਜੁਲਾਈ – ਅਮਰੀਕਾ ਕੱਪ 5 ਜੁਲਾਈ ਨੂੰ ਘਰ ਆ ਗਿਆ ਸੀ ਅਤੇ ਕੀਵੀਆਂ ਨੇ ਆਕਲੈਂਡ ਵਿਖੇ ਇੱਕ ਪਰੇਡ ਰਾਹੀ ਆਪਣੇ ਜੇਤੂ ਹੀਰੋਜ਼ ਦਾ ਸਵਾਗਤ ਕੀਤਾ। ਇਸ ਮੌਕੇ ਪ੍ਰਧਾਨ ਮੰਤਰੀ ਬਿੱਲ ਇੰਗਲਿਸ਼, ਆਕਲੈਂਡ ਦੇ ਮੇਅਰ ਫਿੱਲ ਗੌਫ ਵੀ ਹਾਜ਼ਰ ਸਨ।
ਜ਼ਿਕਰਯੋਗ ਹੈ ਕਿ ਪੀਟਰ ਬਰਲਿੰਗ ਦੀ ਐਮੀਰੇਟਸ ਟੀਮ ਨੇ ਉਸ ਵੇਲੇ ਨਿਊਜ਼ੀਲੈਂਡ ਦੇ 4 ਮਿਲੀਅਨ ਦਾ ਦਿਲ ਜਿੱਤ ਲਿਆ ਸੀ, ਜਦੋਂ ਉਨ੍ਹਾਂ ਨੇ ਬਰਮੁਡਾ ਵਿੱਚ 27 ਜੂਨ ਦਿਨ ਮੰਗਲਵਾਰ ਨੂੰ ਯੂਐੱਸਏ ਟੀਮ ਨੂੰ ਸੀਰੀਜ਼ 7-1 ਨਾਲ ਹਰਾ ਕੇ 35ਵੇਂ ਅਮਰੀਕੀ ਕੱਪ ਉੱਤੇ ਕਬਜ਼ਾ ਕੀਤਾ ਸੀ।
6 ਜੁਲਾਈ ਦਿਨ ਵੀਰਵਾਰ ਨੂੰ ਸੈਂਟਰ ਆਕਲੈਂਡ ਸਿਟੀ ਵਿੱਚ 1 ਵਜੇ ਦੇ ਲਗਭਗ ਪਰੇਡ ਸ਼ੁਰੂ ਹੋਈ। ਮੌਸਮ ਖ਼ਰਾਬ ਹੋਣ ਦੇ ਬਾਵਜੂਦ ਹਰ ਉਮਰ ਵਰਗ ਦੇ ਦੇਸ਼ਵਾਸੀਆਂ ਨੇ ਵਰ੍ਹਦੇ ਮੀਂਹ ਵਿੱਚ ਟੀਮ ਅਤੇ ਕੱਪ ਦਾ ਰੰਗ ਬਿਰੰਗੇ ਝੰਡੇ ਅਤੇ ਹੋਰ ਢੰਗ ਨਾਲ ਸਵਾਗਤ ਕੀਤਾ ਗਿਆ। ਇਸ ਪਰੇਡ ਵਿੱਚ ਆਲਡ ਮੱਗ ਅਤੇ ਜੇਤੂ ਟੀਮ ਨਿਊਜ਼ੀਲੈਂਡ ਦੇ ਮੈਂਬਰ ਸ਼ਾਮਿਲ ਸਨ। ਇਹ ਪਰੇਡ ਸੈਂਟਰਲ ਸਿਟੀ ਵਿੱਚ ਪ੍ਰਸ਼ੰਸਕਾਂ ਅਤੇ ਦਰਸ਼ਕਾਂ ਵਿਚਾਲੇ ਸੜਕ ਦੇ ਰਸਤੇ ਉੱਤੇ ਚੱਲੀ। ਟੀਮ ਨਿਊਜ਼ੀਲੈਂਡ ਪਾਣੀ ਵੱਲ ਲਿਜਾਇਆ ਗਿਆ, ਜਿਸ ਨਾਲ ਪ੍ਰਸ਼ੰਸਕਾਂ ਅਤੇ ਖੇਡ ਪ੍ਰੇਮੀਆਂ ਨੇ ਟੀਮ ਦੇ ਘਰ ਆਉਣ ‘ਤੇ ਸਵਾਗਤ ਕਰਨ ਦਾ ਅਨੋਖਾ ਨਜ਼ਾਰਾ ਮਾਣਿਆ। ਸਮਾਪਤੀ ਵਾਲੀ ਥਾਂ ਉੱਤੇ ਮਾਓਰੀ ਪਰੰਪਰਾ ਰਾਹੀ ਸਵਾਗਤ ਅਤੇ ਮਿਊਜ਼ਿਕ ਪ੍ਰੋਗਰਾਮ ਆਯੋਜਿਤ ਕੀਤੇ ਗਏ।